ਨਹੀਂ ਰਿਹਾ ਪੁਲਸ ਦਾ ਡਰ, ਹੁਣ ਮੈਰਿਜ ਪੈਲੇਸਾਂ 'ਚ ਵੀ ਪਹੁੰਚਿਆ ਹੁੱਕਾ
Monday, Dec 09, 2019 - 10:24 AM (IST)

ਜਲੰਧਰ (ਮਹੇਸ਼)— ਰੈਸਟੋਰੈਂਟਾਂ ਤੋਂ ਬਾਅਦ ਹੁਣ ਮੈਰਿਜ ਪੈਲੇਸਾਂ 'ਚ ਵੀ ਹੁੱਕਾ ਪਹੁੰਚ ਗਿਆ ਹੈ। ਇੰਨਾ ਹੀ ਨਹੀਂ, ਵਿਆਹ ਸਮਾਰੋਹਾਂ 'ਚ ਵੀ ਲੋਕ ਇਸ ਦਾ ਲੁਤਫ ਉਠਾ ਰਹੇ ਹਨ। ਪੁਲਸ ਦੀ ਸਖਤੀ ਨਾ ਹੋਣ ਕਾਰਨ ਹੁੱਕਾ ਪੀਣ ਅਤੇ ਪਿਆਉਣ ਵਾਲੇ ਕਿਸੇ ਦੀ ਪ੍ਰਵਾਹ ਨਹੀਂ ਕਰਦੇ। ਇਕ ਮੈਰਿਜ ਪੈਲੇਸ 'ਚ ਚੱਲ ਰਹੇ ਵਿਆਹ ਦੇ ਸਮਾਰੋਹ 'ਚ ਹੁੱਕੇ ਦਾ ਲੱਗਾ ਹੋਇਆ ਸਟਾਲ ਦੇਖ ਕੇ ਬਹੁਤ ਹੈਰਾਨੀ ਹੋਈ। ਯਕੀਨ ਨਹੀਂ ਆ ਰਿਹਾ ਸੀ ਪਰ ਯਕੀਨ ਕਰਨਾ ਪਿਆ। ਹੁੱਕਾ ਪੀ ਰਹੇ ਨੌਜਵਾਨ ਨੂੰ ਫੋਟੋਗ੍ਰਾਫਰ ਨੇ ਆਪਣੇ ਕੈਮਰੇ 'ਚ ਕੈਦ ਕਰ ਲਿਆ। ਉਥੇ ਮੌਜੂਦ ਲੋਕਾਂ ਨੇ ਇਸ ਦਾ ਬੁਰਾ ਮਨਾਇਆ।
ਕਿਹਾ ਜਾ ਰਿਹਾ ਹੈ ਕਿ ਇਸ ਦੇ ਨਸ਼ੇ ਨੂੰ ਹੋਰ ਬੜ੍ਹਾਵਾ ਮਿਲ ਰਿਹਾ ਹੈ। ਇਸ ਦਾ ਵੱਡਾ ਅਸਰ ਬੱਚਿਆਂ ਅਤੇ ਨੌਜਵਾਨਾਂ 'ਤੇ ਵੀ ਪੈ ਰਿਹਾ ਹੈ ਕਿਉਂਕਿ ਜੋ ਉਹ ਵੇਖਣਗੇ ਉਹੀ ਕਰਨਗੇ। 3 ਸਾਲ ਪਹਿਲਾਂ ਕਾਂਗਰਸ ਦੀ ਸਰਕਾਰ ਆਉਣ 'ਤੇ ਕੁਝ ਹੀ ਦਿਨਾਂ 'ਚ ਪੰਜਾਬ ਨੂੰ ਨਸ਼ਾ ਮੁਕਤ ਬਣਾਏ ਜਾਣ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਸ ਪ੍ਰਸ਼ਾਸਨ ਨੂੰ ਹੁੱਕਾ ਬੈਨ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਦੇਣ। ਪੁਲਸ ਵਲੋਂ ਇਹ ਗੈਰ-ਕਾਨੂੰਨੀ ਕੰਮ ਕਰਨ ਵਾਲੇ ਮੈਰਿਜ ਪੈਲੇਸਾਂ ਅਤੇ ਰੈਸਟੋਰੈਂਟਾਂ ਸਮੇਤ ਅਜਿਹੇ ਹੋਰ ਸਥਾਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।