ਰੈੱਡ ਕਰਾਸ ਭਵਨ ’ਚ ਆਯੋਜਿਤ ਸੁਵਿਧਾ ਅਤੇ ਸ਼ਿਕਾਇਤ ਨਿਵਾਰਣ ਕੈਂਪ ਸਬੰਧੀ ਜਨਤਾ ’ਚ ਨਹੀਂ ਦਿਸਿਆ ਉਤਸ਼ਾਹ

03/16/2023 1:15:08 PM

ਜਲੰਧਰ (ਚੋਪੜਾ)–ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੀਆਂ ਵੱਖ-ਵੱਖ ਜਨ ਕਲਿਆਣਕਾਰੀ ਯੋਜਨਾਵਾਂ ਅਤੇ ਨਾਗਰਿਕ ਸੇਵਾਵਾਂ ਦੀ ਸੁਵਿਧਾ ਇਕ ਹੀ ਛੱਤ ਦੇਣ ਸਬੰਧੀ ਸਥਾਨਕ ਰੈੱਡਕਰਾਸ ਭਵਨ ’ਚ ਜ਼ਿਲ੍ਹਾ ਪੱਧਰ ’ਤੇ ਆਯੋਜਿਤ ਪਹਿਲੇ ਸੁਵਿਧਾ ਅਤੇ ਸ਼ਿਕਾਇਤ ਨਿਵਾਰਣ ਕੈਂਪ ਤੋਂ ਆਮ ਲੋਕਾਂ ਨੇ ਕਾਫ਼ੀ ਦੂਰੀ ਬਣਾਈ ਰੱਖੀ। ਅਧਿਕਾਰੀਆਂ ਦੇ ਕਾਫ਼ੀ ਯਤਨਾਂ ਦੇ ਬਾਵਜੂਦ ਲੋਕਾਂ ਨੇ ਕੈਂਪ ਦਾ ਲਾਭ ਉਠਾਉਣ ਲਈ ਕੋਈ ਉਤਸ਼ਾਹ ਨਹੀਂ ਵਿਖਾਇਆ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਪ੍ਰੈੱਸ ਨੋਟ ਵਿਚ ਇਸ ਕੈਂਪ ਵਿਚ 1000 ਤੋਂ ਜ਼ਿਆਦਾ ਬਿਨੈ-ਪੱਤਰ ਮੌਕੇ ’ਤੇ ਹੀ ਮਨਜ਼ੂਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਜ਼ਮੀਨੀ ਸੱਚਾਈ ਵਿਚ ਪ੍ਰਸ਼ਾਸਨ ਸਿਰਫ਼ ਉਨ੍ਹਾਂ ਹੀ ਬਿਨੈਕਾਰਾਂ ਦੀ ਭੀੜ ਜੁਟਾ ਸਕਿਆ, ਜਿਨ੍ਹਾਂ ਨੇ ਵੱਖ-ਵੱਖ ਵਿਭਾਗਾਂ ਵਿਚ ਪਹਿਲਾਂ ਤੋਂ ਹੀ ਬਿਨੈ ਕਰ ਰੱਖੇ ਸਨ। 3 ਘੰਟੇ ਚੱਲਣ ਵਾਲਾ ਕੈਂਪ ਸਿਰਫ਼ 2 ਘੰਟਿਆਂ ਵਿਚ ਹੀ ਖ਼ਤਮ ਹੋ ਗਿਆ।

ਇਹ ਵੀ ਪੜ੍ਹੋ : NRI ਪੰਜਾਬੀਆਂ ਲਈ ਕੈਬਨਿਟ ਮੰਤਰੀ ਧਾਲੀਵਾਲ ਨੇ ਆਖ਼ੀ ਇਹ ਗੱਲ

ਵਿਭਾਗੀ ਸੂਤਰਾਂ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਅਧਿਕਾਰੀਆਂ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਪਹਿਲਾਂ ਤੋਂ ਹੀ ਬਿਨੈ ਕੀਤੇ ਲਾਭਪਾਤਰੀਆਂ ਨੂੰ ਸਰਟੀਫਿਕੇਟ ਅਤੇ ਪ੍ਰਵਾਨਗੀ ਪੱਤਰ ਦੇਣ ਲਈ ਪ੍ਰੋਗਰਾਮ ’ਚ ਬੁਲਾਇਆ ਤੇ ਭੀੜ ਇਕੱਠੀ ਕਰਕੇ ਆਪਣੀ ਸਾਖ ਨੂੰ ਬਚਾਇਆ। ਪ੍ਰੋਗਰਾਮ ’ਚ ਮੁੱਖ ਤੌਰ ’ਤੇ ਪਹੁੰਚੇ ਸੈਂਟਰਲ ਵਿਧਾਨ ਸਭਾ ਹਲਕੇ ਦੇ ਵਿਧਾਇਕ ਰਮਨ ਅਰੋੜਾ ਤੇ ਡੀ. ਸੀ. ਜਸਪ੍ਰੀਤ ਸਿੰਘ ਨੇ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਲਈ ਬਿਨੈਕਰਨ ਵਾਲੇ ਲੱਗਭਗ 200 ਲਾਭਪਾਤਰੀਆਂ ਨੂੰ ਸਰਟੀਫਿਕੇਟ ਅਤੇ ਪ੍ਰਵਾਨਗੀ ਪੱਤਰ ਸੌਂਪੇ ਪਰ ਜਿਵੇਂ ਹੀ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਸਰਟੀਫਿਕੇਟ ਤੇ ਪ੍ਰਵਾਨਗੀ ਪੱਤਰ ਮਿਲੇ ਤਾਂ ਉਹ ਵੀ ਪ੍ਰੋਗਰਾਮ ਵਿਚੋਂ ਖਿਸਕ ਗਏ, ਜਿਸ ਕਾਰਨ ਸਵੇਰੇ 10 ਤੋਂ ਦੁਪਹਿਰ1 ਵਜੇ ਤੱਕ 3 ਘੰਟੇ ਲੱਗਣ ਵਾਲੇ ਕੈਂਪ ਦੌਰਾਨ ਦੁਪਹਿਰ 12 ਵਜਣ ਤੋਂ ਪਹਿਲਾਂ ਰੈੱਡ ਕਰਾਸ ਭਵਨ ਦਾ ਹਾਲ ਪੂਰੀ ਤਰ੍ਹਾਂ ਖ਼ਾਲੀ ਹੋ ਗਿਆ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੈਂਪ ’ਚ 10 ਸਰਕਾਰੀ ਵਿਭਾਗਾਂ ਜਿਨ੍ਹਾਂ ’ਚ ਜ਼ਿਲ੍ਹਾ ਪ੍ਰੀਸ਼ਦ, ਸ਼ਹਿਰੀ ਵਿਕਾਸ, ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ, ਡੀ. ਆਰ. ਏ., ਪੰਜਾਬ ਕੌਸ਼ਲ ਵਿਕਾਸ ਮਿਸ਼ਨ, ਜ਼ਿਲ੍ਹਾ ਪ੍ਰੋਗਰਾਮ ਦਫ਼ਤਰ, ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰੀ ਬਿਊਰੋ, ਬਾਗਬਾਨੀ, ਗ੍ਰਾਮੀਣ ਵਿਕਾਸ ਅਤੇ ਕਿਰਤ ਨੇ ਆਪਣੇ-ਆਪਣੇ ਸਟਾਲ ਸਜਾਏ ਹੋਏ ਸਨ। ਵਿਧਾਇਕ ਰਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਇਹ ਚਾਹੁੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਭਲਾ ਹੋ ਸਕੇ, ਲੋਕ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ। ਉਨ੍ਹਾਂ ਕਿਹਾ ਕਿ ਕੋਈ ਕਿਸੇ ਦੀ ਗਰੀਬੀ ਦੂਰ ਨਹੀਂ ਕਰ ਸਕਦਾ, ਜੇਕਰ ਆਪਣੇ ਪੈਰਾਂ ’ਤੇ ਖੜ੍ਹੇ ਹੋਣਗੇ ਤਾਂ ਹੀ ਆਪਣੇ ਪਰਿਵਾਰ ਦੀ ਗਰੀਬੀ ਦੂਰ ਕੀਤੀ ਜਾ ਸਕਦੀ ਹੈ। 

ਡੀ. ਸੀ. ਜਸਪ੍ਰੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਪੰਜਾਬ ਸਰਕਾਰ ਨੇ ਜਨਤਾ ਦੀਆਂ ਸ਼ਿਕਾਇਤਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕਰਨ ਅਤੇ ਉਨ੍ਹਾਂ ਨੂੰ ਸਮੇਂ ’ਤੇ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਲਈ ਨਿਰਦੇਸ਼ ਜਾਰੀ ਕੀਤੇ ਹੋਏ ਹਨ। ਕੈਂਪ ’ਚ ਐੱਸ. ਡੀ. ਐੱਮ.-1 ਡਾ. ਜੈਇੰਦਰ ਸਿੰਘ, ਐੱਸ. ਡੀ. ਐੱਮ.-2 ਬਲਬੀਰ ਰਾਜ ਸਿੰਘ, ਤਹਿਸੀਲਦਾਰ-1 ਗੁਰਪ੍ਰੀਤ ਸਿੰਘ, ਤਹਿਸੀਲਦਾਰ-2 ਪ੍ਰਵੀਨ ਕੁਮਾਰ ਛਿੱਬੜ, ਨਾਇਬ ਤਹਿਸੀਲਦਾਰ-2 ਸਵਪਨਦੀਪ ਕੌਰ, ਸਕੱਤਰ ਰੈੱਡ ਕਰਾਸ ਇੰਦਰਦੇਵ ਮਿਨਹਾਸ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

ਇਹ ਵੀ ਪੜ੍ਹੋ :  ਜ਼ਿਮਨੀ ਚੋਣ ਲਈ ਟਿਕਟ ਮਿਲਣ ਮਗਰੋਂ ਜਲੰਧਰ ਪਹੁੰਚਣ 'ਤੇ ਕਰਮਜੀਤ ਕੌਰ ਚੌਧਰੀ ਦਾ ਵੱਡਾ ਬਿਆਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News