ਫਸਲ ਦੀ ਖਰੀਦ ਸ਼ੁਰੂ ਨਾ ਹੋਣ ''ਤੇ ਆੜ੍ਹਤੀਆਂ ਤੇ ਕਿਸਾਨਾਂ ਵਲੋਂ ਧਰਨੇ ਦੀ ਚਿਤਾਵਨੀ

04/23/2019 4:26:58 PM

ਰਾਹੋਂ (ਪ੍ਰਭਾਕਰ) - ਪੰਜਾਬ ਦਾ ਕਿਸਾਨ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਨੂੰ ਬੀਜਣ ਤੋਂ ਵੱਢਣ ਤੱਕ ਆਪਣਾ ਖੂਨ ਪਸੀਨਾ ਇਕ ਕਰ ਦਿੰਦਾ ਹੈ ਅਤੇ ਫਸਲ ਤਿਆਰ ਹੋਣ 'ਤੇ ਉਸ ਨੂੰ ਵੱਢ ਕੇ ਮੰਡੀਆਂ 'ਚ ਲੈ ਜਾਂਦਾ ਹੈ। ਦਾਣਾ ਮੰਡੀ ਰਾਹੋਂ 'ਚ ਹਜ਼ਾਰਾਂ ਕੁਇੰਟਲ ਕਣਕ ਆਉਣ ਤੋਂ ਬਾਅਦ ਵੀ ਪਿਛਲੇ ਕਈ ਦਿਨਾਂ ਤੋਂ ਫਸਲ ਦੀ ਸਰਕਾਰੀ ਖਰੀਦ ਸ਼ੁਰੂ ਨਾ ਹੋਣ ਕਾਰਨ ਕਿਸਾਨਾਂ 'ਚ ਰੋਸ ਪਾਇਆ ਜਾ ਰਿਹਾ ਹੈ। ਦਾਣਾ ਮੰਡੀ ਰਾਹੋਂ ਦੇ ਪ੍ਰਧਾਨ ਵਿਨੋਦ ਜੋਸ਼ੀ, ਉੱਪ ਪ੍ਰਧਾਨ ਰਾਜੂ ਪਰਮਾਰ, ਆੜ੍ਹਤੀ ਰਜਵੰਤ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਣਕ ਦੀ ਖਰੀਦ ਸ਼ੁਰੂ ਕਰਨ ਦੇ 1 ਅਪ੍ਰੈਲ ਤੋਂ ਆਦੇਸ਼ ਜਾਰੀ ਕੀਤੇ ਗਏ ਸਨ ਪਰ ਜ਼ਿਲਾ ਪ੍ਰਸ਼ਾਸਨ ਵਲੋਂ ਦਾਣਾ ਮੰਡੀ ਰਾਹੋਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜ਼ਿਲਾ ਪ੍ਰਸ਼ਾਸਨ ਨੇ 24 ਘੰਟਿਆਂ 'ਚ ਕਣਕ ਦੀ ਖਰੀਦ ਨਾ ਕਰਵਾਈ ਤਾਂ ਉਹ ਨਵਾਂਸ਼ਹਿਰ ਰਾਹੋਂ ਰੋਡ ਦਾਣਾ ਮੰਡੀ ਅੱਗੇ ਆੜ੍ਹਤੀਆਂ, ਪੱਲੇਦਾਰਾਂ, ਕਿਸਾਨਾਂ ਸਣੇ ਧਰਨਾ ਦੇ ਕੇ ਚੱਕਾ ਜਾਮ ਕਰਨਗੇ।

ਕੀ ਕਹਿਣੈ ਦਾਣਾ ਮੰਡੀ ਦੇ ਸੁਪਰਵਾਈਜ਼ਰ ਦਾ
ਇਸ ਸਬੰਧੀ ਦਾਣਾ ਮੰਡੀ ਰਾਹੋਂ ਦੇ ਸੁਪਰਵਾਈਜ਼ਰ ਤੇਜਪਾਲ ਸਿੰਘ ਤੇ ਜੋਗੇਸ਼ ਦੱਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਖਰੀਦ ਕਰਨ ਦੇ ਸਾਰੇ ਪ੍ਰਬੰਧ ਮੁਕੰਮਲ ਹਨ ਅਤੇ ਫਸਲ ਦੀ ਖਰੀਦ ਜ਼ਿਲਾ ਪ੍ਰਸ਼ਾਸਨ ਵਲੋਂ ਕਰਵਾਈ ਜਾਣੀ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਸਰਕਾਰੀ ਖਰੀਦ 1840 ਰੁਪਏ ਪ੍ਰਤੀ ਕੁਇੰਟਲ ਕੀਤੀ ਜਾਵੇਗੀ।

ਕੀ ਕਹਿਣੈ ਡਿਪਟੀ ਕਮਿਸ਼ਨਰ ਦਾ
ਇਸ ਸਬੰਧੀ ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਡੀ.ਐੱਫ.ਸੀ. ਨਵਾਂਸ਼ਹਿਰ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ, ਜਿਸ ਦੇ ਤਹਿਤ ਫਸਲ ਦੀ ਖਰੀਦ ਅੱਜ ਸ਼ੁਰੂ ਕਰਵਾ ਦਿੱਤੀ ਜਾਵੇਗੀ।


rajwinder kaur

Content Editor

Related News