ਪੰਜਾਬ ਕਾਂਗਰਸ ਨੇ ਚੋਣ ਰਣਨੀਤੀ ਨੂੰ ਲੈ ਕੇ ਕੀਤੀ ਉੱਚ ਪੱਧਰੀ ਬੈਠਕ

02/21/2019 2:00:40 AM

ਜਲੰਧਰ, (ਧਵਨ)– ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਆਉਂਦੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਬੁੱਧਵਾਰ ਇਕ ਉੱਚ ਪੱਧਰੀ ਬੈਠਕ ਕੀਤੀ, ਜਿਸ 'ਚ ਪਾਰਟੀ ਵਲੋਂ ਚੋਣਾਂ ਦੌਰਾਨ ਅਪਣਾਈ ਜਾਣ ਵਾਲੀ ਰਣਨੀਤੀ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਬੈਠਕ 'ਚ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਹਿੱਸਾ ਲਿਆ। ਕਈ ਹੋਰ ਚੋਟੀ ਦੇ ਆਗੂ ਵੀ ਇਸ ਮੌਕੇ 'ਤੇ ਮੌਜੂਦ ਸਨ। ਬੈਠਕ 'ਚ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਲੋਕ ਸਭਾ ਚੋਣਾਂ ਜਿੱਤਣ ਲਈ ਪਾਰਟੀ ਨੂੰ ਅਹਿਮ ਸੁਝਾਅ ਦਿੱਤੇ।
ਬੈਠਕ 'ਚ ਕਾਂਗਰਸੀ ਆਗੂਆਂ ਕੋਲੋਂ ਚੋਣਾਂ ਸਮੇਂ ਅਪਣਾਈ ਜਾਣ ਵਾਲੀ ਰਣਨੀਤੀ ਨੂੰ ਲੈ ਕੇ ਸੁਝਾਅ ਲਏ ਗਏ। ਸੂਤਰਾਂ ਨੇ ਦੱਸਿਆ ਕਿ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੇ ਸੂਬਾ ਕਾਂਗਰਸ ਕਮੇਟੀਆਂ ਨੂੰ ਚੋਣ ਤਿਆਰੀਆਂ 'ਚ ਪੂਰੀ ਤਰ੍ਹਾਂ ਜੁਟ ਜਾਣ ਲਈ ਕਿਹਾ ਹੈ। ਇਨ੍ਹਾਂ ਹਦਾਇਤਾਂ ਪਿੱਛੋਂ ਹੁਣ ਪਾਰਟੀ ਸੰਗਠਨ ਨੂੰ ਸਰਗਰਮ ਬਣਾਉਣ ਅਤੇ ਪਾਰਟੀ ਮਸ਼ੀਨਰੀ ਨੂੰ ਚੁਸਤ ਬਣਾਉਣ ਲਈ ਬੈਠਕਾਂ ਦਾ ਦੌਰ ਚੱਲ ਰਿਹਾ ਹੈ। ਪਾਰਟੀ ਵਲੋਂ ਸੂਬੇ ਦੀਆਂ ਸਭ 13 ਸੀਟਾਂ ਲਈ ਪੈਨਲ ਬਣਾ ਕੇ ਕੇਂਦਰੀ ਲੀਡਰਸ਼ਿਪ ਨੂੰ ਭੇਜੇ ਜਾ ਰਹੇ ਹਨ। ਪਾਰਟੀ ਦੀ ਕੇਂਦਰੀ ਲੀਡਰਸ਼ਿਪ ਚਾਹੁੰਦੀ ਹੈ ਕਿ ਪਾਰਟੀ ਉਮੀਦਵਾਰਾਂ ਵਲੋਂ ਸੂਬਾ ਪੱਧਰ 'ਤੇ ਸਹਿਮਤੀ ਬਣਾ ਕੇ ਪੈਨਲ ਭੇਜੇ ਜਾਣ ਤਾਂ ਜੋ ਕੇਂਦਰੀ ਲੀਡਰਸ਼ਿਪ ਦਾ ਕੰਮ ਸੌਖਾ ਹੋ ਸਕੇ। 
ਬੈਠਕ ਨੂੰ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਪੁਲਵਾਮਾ ਵਿਖੇ ਹੋਏ ਅੱਤਵਾਦੀ  ਹਮਲੇ ਨੂੰ ਧਿਆਨ 'ਚ ਰੱਖਦਿਆਂ ਪਾਕਿਸਤਾਨ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਪਾਕਿਸਤਾਨ ਨੂੰ ਗੋਲੀ ਦਾ ਜਵਾਬ ਗੋਲੀ ਨਾਲ ਹੀ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਵਲੋਂ ਪਾਕਿਸਤਾਨ ਦੇ ਮਾਮਲੇ 'ਚ ਲਏ ਗਏ ਸਖਤ ਸਟੈਂਡ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਸਟੈਂਡ ਦਾ ਪੰਜਾਬ ਕਾਂਗਰਸ ਪਾਲਣ ਕਰੇਗੀ।
ਕੇਂਦਰ 'ਚ ਜਦੋਂ-ਜਦੋਂ ਵੀ ਭਾਜਪਾ ਦੀਆਂ ਸਰਕਾਰਾਂ ਬਣੀਆਂ ਹਨ, ਪਾਕਿਸਤਾਨ ਨੇ ਭਾਰਤ 'ਤੇ  ਹਮਲੇ ਕੀਤੇ ਹਨ। ਭਾਜਪਾ ਦੀਆਂ ਸਰਕਾਰਾਂ ਮਜ਼ਬੂਤੀ ਨਾਲ ਪਾਕਿਸਤਾਨ ਨੂੰ ਹਮਲਿਆਂ ਦਾ ਜਵਾਬ ਨਹੀਂ ਦੇ ਸਕਦੀਆਂ। ਕਾਂਗਰਸ  ਇਕੋ-ਇਕ ਅਜਿਹੀ ਪਾਰਟੀ ਹੈ, ਜੋ ਪਾਕਿਸਤਾਨ ਨੂੰ ਉਸੇ ਦੀ ਭਾਸ਼ਾ 'ਚ ਜਵਾਬ ਦੇ ਸਕਦੀ ਹੈ।


Bharat Thapa

Content Editor

Related News