ਪੰਜਾਬ ਕਾਂਗਰਸ ਕਮੇਟੀ ਵਲੋਂ ਖੇਤੀਬਾੜੀ ਬਿੱਲ ਦੇ ਵਿਰੋਧ ''ਚ ਲਾਏ ਜਾ ਰਹੇ ਰੋਸ ਧਰਨੇ ਡਰਾਮੇਬਾਜ਼ੀ : ਚੀਮਾ

Tuesday, Sep 29, 2020 - 12:45 PM (IST)

ਪੰਜਾਬ ਕਾਂਗਰਸ ਕਮੇਟੀ ਵਲੋਂ ਖੇਤੀਬਾੜੀ ਬਿੱਲ ਦੇ ਵਿਰੋਧ ''ਚ ਲਾਏ ਜਾ ਰਹੇ ਰੋਸ ਧਰਨੇ ਡਰਾਮੇਬਾਜ਼ੀ : ਚੀਮਾ

ਨਵਾਂਸ਼ਹਿਰ (ਤ੍ਰਿਪਾਠੀ): ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਧਾਨ ਸਭਾ ਦੇ ਵਿਰੋਧੀ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿੱਲਾਂ ਨੂੰ ਲੈ ਕੇ ਡਰਾਮੇ ਕਰ ਰਹੀ ਹੈ। ਹਰਪਾਲ ਸਿੰਘ ਚੀਮਾ ਅੱਜ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਉਨ੍ਹਾਂ ਨੂੰ ਪਾਰਟੀ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਪੱਤਰਕਾਰਾਂ ਦੇ ਨਾਲ ਗੱਲ-ਬਾਤ ਕਰ ਰਹੇ ਸਨ।

ਪੰਜਾਬ ਕਾਂਗਰਸ ਪਾਰਟੀ ਵਲੋਂ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਧਰਨੇ ਲਾਏ ਜਾਣ ਦੇ ਪ੍ਰਸ਼ਨ 'ਤੇ ਜਵਾਬ 'ਚ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਕਾਲੇ ਕਾਨੂੰਨਾਂ 'ਤੇ ਆਪ ਹਸਤਾਖ਼ਰ ਕੀਤੇ ਹਨ ਅਤੇ ਹੁਣ ਧਰਨੇ ਲਗਾ ਕੇ ਸਿਰਫ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਜਿਸ ਸਬੰਧੀ ਪੰਜਾਬ ਦੀ ਜਨਤਾ ਪਹਿਲਾਂ ਤੋਂ ਹੀ ਸੁਚੇਤ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਸੱਤਾ 'ਤੇ ਰਜਬਾੜੇ ਕਾਬਿਜ਼ ਹੈ ਜੋ ਕਿ ਭਗਤ ਸਿੰਘ ਦੀ ਆਜ਼ਾਦੀ ਖ਼ਿਲਾਫ ਸੀ। ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਸ਼ਹੀਦ ਦੇ ਬੁੱਤ 'ਤੇ ਨਮਨ ਕਰਨ ਲਈ ਆਏ ਲੋਕਾਂ ਨੂੰ ਰੋਕੇ ਜਾਣ ਦੇ ਪ੍ਰਸ਼ਨ ਦੇ ਉੱਤਰ 'ਚ ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਸਮੂਚੇ ਪੰਜਾਬ ਅਤੇ ਦੇਸ਼ ਦੇ ਹਨ, ਉਨ੍ਹਾਂ ਨੂੰ ਸਿਜਦਾ ਕਰਨ ਤੋਂ ਕਿਸੇ ਵੀ ਤਰ੍ਹਾਂ ਰੋਕਿਆ ਨਹੀਂ ਜਾ ਸਕਦਾ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਐਮਰਜੈਂਸੀ ਲਗਾ ਕੇ ਰੱਖੀ ਹੈ, ਜਿਸ ਤਹਿਤ ਹੀ ਆਮ ਲੋਕਾਂ ਨੂੰ ਸਿਜਦਾ ਕਰਨ ਤੋਂ ਰੋਕਿਆ ਜਾ ਰਿਹਾ ਹੈ ਜਿਸ ਸਬੰਧੀ ਉਹ ਜ਼ਿਲਾ ਪ੍ਰਸ਼ਾਸਨ ਨਾਲ ਗੱਲ ਕਰਨਗੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਵਿਧਾਇਕ ਗੜ੍ਹਸ਼ੰਕਰ ਜੈ ਕਿਸ਼ਨ ਰੌੜੀ, ਗਗਨ ਅਗਨੀਹੋਤਰੀ, ਸਤਨਾਮ ਸਿੰਘ ਜਲਵਾਹਾ, ਸ਼ਿਵ ਕੁਮਾਰ ਕੌੜਾ, ਮਨੋਹਰ ਲਾਲ ਗਾਬਾ, ਰਾਣਾ ਰਣਵੀਰ ਸਿੰਘ, ਸਤਨਾਮ ਸਿੰਘ, ਸ਼ਿਵਕਰਨ ਚੇਚੀ, ਸਤਨਾਮ ਸਿੰਘ ਅਤੇ ਮਨਦੀਪ ਸਿੰਘ ਆਦਿ ਮੌਜੂਦ ਸਨ।


author

Shyna

Content Editor

Related News