ਸਟਾਫ਼ ਦੀ ਕਮੀ ਨਾਲ ਜੂਝ ਰਿਹਾ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਹਸਪਤਾਲ

Monday, Jan 08, 2024 - 03:55 PM (IST)

ਸਟਾਫ਼ ਦੀ ਕਮੀ ਨਾਲ ਜੂਝ ਰਿਹਾ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਹਸਪਤਾਲ

ਜਲੰਧਰ (ਸ਼ੋਰੀ)- ਕੋਈ ਸਮਾਂ ਸੀ ਜਦੋਂ ਜ਼ਿਲ੍ਹਾ ਹਸਪਤਾਲ (ਸਿਵਲ ਹਸਪਤਾਲ) ਨੂੰ ਆਧੁਨਿਕੀਕਰਨ ਦੀ ਬਹੁਤ ਲੋੜ ਸੀ, ਕਿਉਂਕਿ ਹਸਪਤਾਲ ਦੀ ਖ਼ਸਤਾਹਾਲ ਇਮਾਰਤ ਤੋਂ ਲੈ ਕੇ ਨਵੇਂ ਉਪਕਰਣ ਅਤੇ ਮਸ਼ੀਨਾਂ, ਜਿਵੇਂ ਸੀ. ਟੀ. ਸਕੈਨ, ਐੱਮ. ਆਰ. ਆਈ., ਡਿਜ਼ੀਟਲ ਐਕਸਰੇ, ਆਧੁਨਿਕ ਪ੍ਰਯੋਗਸ਼ਾਲਾ ਨਾ ਹੋਣ ਕਾਰਨ ਹਸਪਤਾਲ ’ਚ ਮਰੀਜ਼ਾਂ ਨੂੰ ਚੰਗੀਆਂ ਸਿਹਤ ਸੰਭਾਲ ਸਹੂਲਤਾਂ ਨਹੀਂ ਮਿਲ ਰਹੀਆਂ ਸਨ, ਜੋ ਮਰੀਜ਼ਾਂ ਨੂੰ ਚਾਹੀਦੀਆਂ ਸਨ। ਸਮਾਂ ਬਦਲਿਆ ਤੇ ਸਿਵਲ ਹਸਪਤਾਲ ਦਾ ਚਿਹਰਾ ਵੀ ਬਦਲ ਗਿਆ। ਅੱਜ ਸਿਵਲ ਹਸਪਤਾਲ ’ਚ ਕਰੋੜਾਂ ਦੀ ਲਾਗਤ ਨਾਲ ਕਈ ਨਵੇਂ ਵਾਰਡ ਬਣਾਏ ਗਏ ਹਨ।

ਹਾਲਾਤ ਇਹ ਹਨ ਕਿ ਹੁਣ ਹਸਪਤਾਲ ’ਚ ਸਰਕਾਰ ਵੱਲੋਂ 500 ਦੇ ਕਰੀਬ ਬੈੱਡ ਮਨਜ਼ੂਰ ਹਨ। ਇਸ ਦੇ ਨਾਲ ਹੀ ਹਸਪਤਾਲ ’ਚ ਸਰਕਾਰੀ ਡਾਕਟਰਾਂ ਦੀ ਮਦਦ ਲਈ ਹਾਊਸ ਸਰਜਨ ਤੇ ਡੀ. ਐੱਨ. ਬੀ. ਦੇ ਵਿਦਿਆਰਥੀ ਵੀ ਸੇਵਾਵਾਂ ਦੇ ਰਹੇ ਹਨ, ਜਿਸ ਕਾਰਨ ਸਰਕਾਰੀ ਡਾਕਟਰਾਂ ਦੇ ਕੰਮ ਦਾ ਬੋਝ ਵੀ ਘਟ ਗਿਆ ਹੈ। ਇਸ ਸਭ ਦੇ ਬਾਵਜੂਦ ਸਿਵਲ ਹਸਪਤਾਲ ’ਚ ਮਰੀਜ਼ਾਂ ਨੂੰ ਨਵੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਨਾਲ ਹਸਪਤਾਲ ’ਚ ਤਾਇਨਾਤ ਸਟਾਫ਼ ਵੀ ਪ੍ਰੇਸ਼ਾਨ ਹੈ। ਸਮੇਂ ਸਿਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਰੱਬ ਨਾ ਕਰੇ ਕਿ ਹਸਪਤਾਲ ਦੇ ਹੋਰ ਵਾਰਡਾਂ ਨੂੰ ਤਾਲੇ ਲਾਉਣੇ ਪੈ ਸਕਦੇ ਹਨ।

PunjabKesari

ਇਹ ਵੀ ਪੜ੍ਹੋ : ਜ਼ਮੀਨ-ਜਾਇਦਾਦਾਂ ਦੀਆਂ ਰਜਿਸਟਰੀਆਂ ਤੋਂ ਹੋਣ ਵਾਲੀ ਆਮਦਨ ਨੂੰ ਲੈ ਕੇ ਮੰਤਰੀ ਜਿੰਪਾ ਦਾ ਅਹਿਮ ਬਿਆਨ

ਲਾਪ੍ਰਵਾਹੀ ਕਾਰਨ ਕਾਫ਼ੀ ਸਮੇਂ ਤੋਂ ਬੰਦ ਹਨ ਇਹ ਵਾਰਡ
ਕਈ ਸਾਲ ਪਹਿਲਾਂ ਸਿਵਲ ਹਸਪਤਾਲ ’ਚ ਸਟਾਫ਼ ਇੰਨਾ ਜ਼ਿਆਦਾ ਸੀ ਕਿ ਮਰੀਜ਼ਾਂ ਦੀ ਪੂਰੀ ਦੇਖਭਾਲ ਕਰਨ ਤੋਂ ਇਲਾਵਾ ਸਟਾਫ਼ ’ਤੇ ਕੰਮ ਦਾ ਦਬਾਅ ਵੀ ਘੱਟ ਸੀ ਪਰ ਹੌਲੀ-ਹੌਲੀ ਕੁਝ ਸਟਾਫ਼ ਦੂਜੇ ਜ਼ਿਲ੍ਹਿਆਂ ’ਚ ਤਬਦੀਲ ਹੋ ਗਿਆ ਅਤੇ ਕੁਝ ਸੇਵਾ-ਮੁਕਤ ਹੋ ਗਏ, ਜਿਸ ਤੋਂ ਬਾਅਦ ਹਸਪਤਾਲ ’ਚ ਸਟਾਫ਼ ਦੀ ਕਮੀ ਹੋ ਗਈ ਅਤੇ ਨਤੀਜਾ ਅੱਜ ਸਭ ਦੇ ਸਾਹਮਣੇ ਹੈ, ਜੇਕਰ ਸਿਵਲ ਹਸਪਤਾਲ ਵੱਲ ਝਾਤ ਮਾਰੀਏ ਤਾਂ ਇਸ ਵੇਲੇ ਸਥਿਤੀ ਇਹ ਹੈ ਕਿ ਸਿਵਲ ਹਸਪਤਾਲ ਦੇ ਪਿਛਲੇ ਪਾਸੇ ਜੋ ਆਰਥੋ ਵਾਰਡ ਬਣਿਆ ਹੋਇਆ ਹੈ ਉਕਤ ਵਾਰਡ ਤੋਂ ਇਲਾਵਾ ਨਵੀਂ ਇਮਾਰਤ ਦੀ ਤੀਸਰੀ ਮੰਜ਼ਿਲ ’ਤੇ ਬਣੇ ਆਈ. ਸੀ. ਯੂ. ਵਾਰਡ, ਟਰੌਮਾ ਵਾਰਡ ਦੀ ਦੂਸਰੀ ਮੰਜ਼ਿਲ ’ਤੇ ਕਰੋੜਾਂ ਦੀ ਲਾਗਤ ਨਾਲ ਬਣੇ ਆਈ. ਸੀ. ਯੂ. ਵਾਰਡ ਤੋਂ ਇਲਾਵਾ ਆਰਥੋ ਓ. ਟੀ., ਈ. ਐੱਨ. ਟੀ. ਓ. ਟੀ. ਤੇ ਆਈ. ਓ. ਟੀ. ਵੀ ਬੰਦ ਹੋ ਚੁੱਕਾ ਹੈ।
ਇਸ ਕਾਰਨ ਉਨ੍ਹਾਂ ਦੇ ਸਾਰੇ ਆਪ੍ਰੇਸ਼ਨ ਹੁਣ ਹਸਪਤਾਲ ਦੀ ਨਵੀਂ ਇਮਾਰਤ ਦੀ ਤੀਜੀ ਮੰਜ਼ਿਲ ’ਤੇ ਸਥਿਤ ਸਰਜੀਕਲ ਓ. ਟੀ. ’ਚ ਹੋਲਰਹੇ ਹਨ। ਇਸ ਕਾਰਨ ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਕਈ ਦਿਨ ਉਡੀਕ ਕਰਨੀ ਪੈਂਦੀ ਹੈ, ਜੇਕਰ ਹੋਰ ਆਪ੍ਰੇਸ਼ਨ ਥਿਏਟਰ ਵੀ ਖੁੱਲ੍ਹੇ ਹੁੰਦੇ ਤਾਂ ਮਰੀਜ਼ਾਂ ਨੂੰ ਲੰਮਾ ਸਮਾਂ ਇੰਤਜ਼ਾਰ ਨਾ ਕਰਨਾ ਪੈਂਦਾ।

ਘਟ ਹੁੰਦਾ ਜਾ ਹੈ ਨਰਸਿੰਗ ਸਟਾਫ਼, ਵਾਰਡ ਅਟੈਂਡੈਂਟ ਅਤੇ ਸਵੀਪਰ
ਜੇਕਰ ਅਸੀਂ ਸਿਵਲ ਹਸਪਤਾਲ ਦੇ ਕੁਝ ਸਾਲ ਪਹਿਲਾਂ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਹਸਪਤਾਲ ’ਚ ਨਰਸਿੰਗ ਸਟਾਫ਼ 144 ਸਟਾਫ਼ ਨਰਸਾਂ ਸੀ, ਜੋ 300 ਦੇ ਕਰੀਬ ਮਰੀਜ਼ਾਂ ਦੀ ਸੇਵਾ ਕਰਨ ਲਈ ਡਿਊਟੀ ’ਤੇ ਸਨ ਪਰ ਇਸ ਤੋਂ ਬਾਅਦ ਸ਼ਾਇਦ ਕਿਸੇ ਦੀ ਹਸਪਤਾਲ ਨੂੰ ਨਜ਼ਰ ਲੱਗ ਗਈ ਤੇ ਹੁਣ 67 ਦੇ ਕਰੀਬ ਨਰਸਿੰਗ ਸਟਾਫ਼ ਡਿਊਟੀ ’ਤੇ ਹੈ, ਜਿਸ ’ਚ ਰੈਗੂਲਰ 52 ਕਰਮਚਾਰੀ ਹਨ ਤੇ 15 ਠੇਕੇ ’ਤੇ ਕੰਮ ਕਰ ਰਹੇ ਹਨ। ਨਰਸਿੰਗ ਐਸੋਸੀਏਸ਼ਨ ਜਲੰਧਰ ਦੀ ਮੁਖੀ ਕਾਂਤਾ ਨੇ ਦੱਸਿਆ ਕਿ ਸਿਵਲ ਹਸਪਤਾਲ ਦਾ ਸਟਾਫ਼ ਲੋਕਾਂ ਦੀ ਸੇਵਾ ਲਈ ਹਮੇਸ਼ਾ 24 ਘੰਟੇ ਹਾਜ਼ਰ ਰਹਿੰਦਾ ਹੈ ਪਰ ਸਟਾਫ਼ ਦੀ ਘਾਟ ਕਾਰਨ ਹਸਪਤਾਲ ’ਚ ਸਫ਼ਾਈ ਠੀਕ ਢੰਗ ਨਾਲ ਨਹੀਂ ਹੋ ਰਹੀ। ਉਨ੍ਹਾਂ ਨੇ ਇਹ ਮਾਮਲਾ ਸਿਹਤ ਵਿਭਾਗ ਦੀ ਡਾਇਰੈਕਟਰ ਪਰਿਵਾਰ ਭਲਾਈ ਡਾ. ਹਤਿੰਦਰ ਕੌਰ ਦੇ ਧਿਆਨ ’ਚ ਵੀ ਲਿਆਂਦਾ ਸੀ, ਜੋ ਹਸਪਤਾਲ ਦਾ ਮੁਆਇਨਾ ਕਰਨ ਪਹੁੰਚੇ ਸਨ।

PunjabKesari

ਇਹ ਵੀ ਪੜ੍ਹੋ : ਬਿਜਲੀ ਡਿਫ਼ਾਲਟਰਾਂ ਖ਼ਿਲਾਫ਼ ਪਾਵਰਕਾਮ ਨੇ ਕੱਸਿਆ ਸ਼ਿਕੰਜਾ, ਸਮਾਰਟ ਮੀਟਰ ਲੱਗਣ ਦੇ ਨਾਲ ਹੋ ਰਹੀ ਇਹ ਕਾਰਵਾਈ

ਘੱਟ ਸਟਾਫ਼ ਜਲਦੀ ਹੀ ਪੂਰਾ ਕੀਤਾ ਜਾਵੇਗਾ : ਡਾਇਰੈਕਟਰ ਹਤਿੰਦਰ ਕੌਰ
ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲ ਦੇ ਨਿਰੀਖਣ ਦੌਰਾਨ ਚੰਡੀਗੜ੍ਹ ਤੋਂ ਜਲੰਧਰ ਪਹੁੰਚੇ ਡਾਇਰੈਕਟਰ ਪਰਿਵਾਰ ਭਲਾਈ ਡਾ. ਹਤਿੰਦਰ ਕੌਰ ਨੇ ਹਸਪਤਾਲ ’ਚ ਸਟਾਫ਼ ਦੀ ਘਾਟ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ। ਸਿਹਤ ਮੰਤਰੀ ਡਾ. ਬਲਵੀਰ ਸਿੰਘ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਗੰਭੀਰ ਹਨ ਕਿ ਸਰਕਾਰੀ ਹਸਪਤਾਲਾਂ ’ਚ ਲੋਕਾਂ, ਡਾਕਟਰਾਂ ਅਤੇ ਸਟਾਫ਼ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਆਉਣ ਵਾਲੇ ਦਿਨਾਂ ’ਚ ਸਟਾਫ਼ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ।

PunjabKesari

ਕੁਝ ਸਟਾਫ਼ ਨੇ ਸਿਫ਼ਾਰਿਸ਼ਾਂ ਕਰਵਾ ਕੇ ਬਦਲਾਈ ਆਪਣੀ ਡਿਊਟੀ
ਸਿਵਲ ਹਸਪਤਾਲ ’ਚ ਤਾਇਨਾਤ ਕੁਝ ਸਟਾਫ ਨਰਸਾਂ ਨੇ ਕਿਹਾ ਕਿ ਜੇਕਰ ਕਿਸੇ ਕੋਲ ਸਿਫ਼ਾਰਿਸ਼ ਹੋਵੇ ਤਾਂ ਉਸ ਦੀ ਬਦਲੀ ਹੋ ਸਕਦੀ ਹੈ। ਕੁਝ ਨਰਸਾਂ ਨੇ ਇਸ ਨੂੰ ਸਿੱਧ ਕਰ ਕੇ ਆਪਣੀ ਬਦਲੀ ਸਿਵਲ ਹਸਪਤਾਲ ਤੋਂ ਨਰਸਿੰਗ ਕਾਲਜ ’ਚ ਤਕਰਵਾ ਲਈ ਪਰ ਨਰਸਿੰਗ ਕਾਲਜ ਦੀ ਬਜਾਏ ਸਿਵਲ ਹਸਪਤਾਲ ’ਚ ਇਨ੍ਹਾਂ ਦੀ ਜ਼ਿਆਦਾ ਲੋੜ ਸੀ। ਉਥੇ ਕਰੀਬ 4 ਨਰਸਿੰਗ ਸਟਾਫ ਡਿਊਟੀ ’ਤੇ ਹੈ, ਜੇਕਰ ਉਹ ਪੱਕੇ ਤੌਰ ’ਤੇ ਸਿਵਲ ਹਸਪਤਾਲ ’ਚ ਆ ਜਾਣ ਤਾਂ ਹਸਪਤਾਲ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਸਕਦਾ ਹੈ। ਸਿਹਤ ਮੰਤਰੀ ਤੇ ਡਾਇਰੈਕਟਰ ਨੂੰ ਇਸ ਮਾਮਲੇ ਵੱਲ ਧਿਆਨ ਦੇਣ ਦੀ ਲੋੜ ਹੈ।

ਮੇਰੇ ਰਹਿੰਦੇ ਸਟਾਫ਼ ਦੀ ਕੋਈ ਕਮੀ ਨਹੀਂ ਹੋਵੇਗੀ: ਸਿਵਲ ਸਰਜਨ
ਦੂਜੇ ਪਾਸੇ ਸਿਵਲ ਸਰਜਨ ਡਾ. ਜਗਦੀਪ ਚਾਲਵਾ ਨੇ ਦੱਸਿਆ ਕਿ ਸਿਵਲ ਹਸਪਤਾਲ ਤੋਂ ਇਲਾਵਾ ਉਹ ਜਲੰਧਰ ਦੇ ਸਾਰੇ ਸਰਕਾਰੀ ਹਸਪਤਾਲਾਂ ਵੱਲ ਪੂਰਾ ਧਿਆਨ ਦੇ ਰਹੇ ਹਨ । ਸਿਵਲ ਹਸਪਤਾਲ ’ਚ ਸਟਾਫ਼ ਦੀ ਘਾਟ ਨੂੰ ਦੂਰ ਕਰਨ ਲਈ ਉਨ੍ਹਾਂ ਮੈਡੀਕਲ ਸੁਪਰਡੈਂਟ ਡਾ. ਗੀਤਾ ਨੂੰ ਲਿਖਤੀ ਪੱਤਰ ਦੇਣ ਲਈ ਕਿਹਾ ਹੈ। ਇਸ ਸਮੇਂ ਯੂਜ਼ਰ ਚਾਰਜਿਜ਼ ਦੀ ਮਦਦ ਨਾਲ ਜਲਦੀ ਹੀ 7 ਤੋਂ 8 ਨਰਸਿੰਗ ਸਟਾਫ਼ ਦੀ ਭਰਤੀ ਕੀਤੀ ਜਾਵੇਗੀ ਤਾਂ ਜੋ ਹਸਪਤਾਲ ਦਾ ਕੰਮ ਸਹੀ ਢੰਗ ਨਾਲ ਚੱਲ ਸਕੇ। 600 ਤੋਂ ਵੱਧ ਸਟਾਫ਼ ਨਰਸਾਂ ਦੀ ਭਰਤੀ ਲਈ ਪੰਜਾਬੀ ਦੇ ਟੈਸਟ ਹੋ ਚੁੱਕੇ ਹਨ।

ਇਹ ਵੀ ਪੜ੍ਹੋ : ਲੰਗਰ ਦੀ ਸੇਵਾ ਕਰ ਰਹੇ ਨੌਜਵਾਨ ਦੇ ਹੋਏ ਕਤਲ ਦੇ ਮਾਮਲੇ 'ਚ ਇਕ ਮੁਲਜ਼ਮ ਗ੍ਰਿਫ਼ਤਾਰ, ਨਹੀਂ ਵੇਖੀ ਜਾਂਦੀ ਰੋਂਦੀ ਮਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News