ਮਕਸੂਦਾਂ ਸਬਜ਼ੀ ਮੰਡੀ ’ਚ ਰਿਟੇਲ ਸਬਜ਼ੀ ਵਿਕ੍ਰੇਤਾਵਾਂ ਵੱਲੋਂ ਪੰਜਾਬ ਮੰਡੀ ਬੋਰਡ ਵਿਰੁੱਧ ਪ੍ਰਦਰਸ਼ਨ
Tuesday, Apr 05, 2022 - 03:30 PM (IST)

ਜਲੰਧਰ (ਸ਼ੈਲੀ)–ਪੰਜਾਬ ਮੰਡੀ ਬੋਰਡ ਦੇ ਹੁਕਮਾਂ ’ਤੇ ਮਾਰਕੀਟ ਕਮੇਟੀ ਵੱਲੋਂ ਰਿਟੇਲਰਾਂ ਕੋਲੋਂ ਯੂਜ਼ਰਸ ਚਾਰਜ ਵਸੂਲਣ ਦੇ ਵਿਰੋਧ ਵਿਚ ਰਿਟੇਲਰਾਂ ਨੇ ਅੱਜ (ਸੋਮਵਾਰ) ਸਵੇਰੇ 4 ਵਜੇ ਤੋਂ ਹੀ ਰਿਟੇਲ ਕਾਰੋਬਾਰ ਬੰਦ ਕਰ ਕੇ ਧਰਨਾ-ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕਰਦਿਆਂ ਜ਼ਿਲਾ ਮੰਡੀ ਅਫਸਰ ਮੁਕੇਸ਼ ਕੈਲੇ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਸੁਖਦੀਪ ਸਿੰਘ ਨੂੰ ਮੰਗ-ਪੱਤਰ ਦਿੱਤਾ, ਜਿਸ ਨਾਲ ਮੰਡੀ ਵਿਚ ਰਿਟੇਲ ਗਾਹਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਵਰਣਨਯੋਗ ਹੈ ਕਿ ਮਹਾਨਗਰ ਵਿਚ ਰੇਹੜੀ-ਰਿਕਸ਼ੇ ’ਤੇ ਗਲੀ-ਗਲੀ ਪ੍ਰਚੂਨ ਸਬਜ਼ੀ ਵੇਚਣ ਵਾਲੇ ਮੰਡੀ ਦੀਆਂ ਰਿਟੇਲ ਫੜ੍ਹੀਆਂ ਤੋਂ ਹੀ ਮਾਲ ਚੁੱਕਦੇ ਹਨ ਕਿਉਂਕਿ ਹੋਲਸੇਲ ਵਿਚ ਬੰਦ ਨਗ ਹੀ ਮਿਲਦੇ ਹਨ ਪਰ ਮੁਹੱਲਾ ਪੱਧਰ ’ਤੇ ਪ੍ਰਚੂਨ ਸਬਜ਼ੀ ਵਿਕ੍ਰੇਤਾਵਾਂ ਨੂੰ ਲੋੜ ਅਨੁਸਾਰ ਖੁੱਲ੍ਹਾ ਮਾਲ ਮੰਡੀ ਵਿਚੋਂ ਲੈਣ ਲਈ ਇਨ੍ਹਾਂ ਰਿਟੇਲਰਾਂ ’ਤੇ ਨਿਰਭਰ ਰਹਿਣਾ ਪੈਂਦਾ ਹੈ।
ਇਹ ਵੀ ਪੜ੍ਹੋ : ‘ਆਪ’ ਵਿਧਾਇਕ ਬਰਿੰਦਰ ਗੋਇਲ ਐਡਵੋਕੇਟ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਮਕਸੂਦਾਂ ਮੰਡੀ ਫੜ੍ਹੀ ਐਸੋਸੀਏਸ਼ਨ ਦੇ ਪ੍ਰਧਾਨ ਰਵੀਸ਼ੰਕਰ ਗੁਪਤਾ, ਸੁਨੀਲ ਕੇਵਟ, ਸ਼ੰਕਰ ਮਦਨ ਚੌਧਰੀ, ਅਜੈ, ਪਵਨ ਕੁਮਾਰ, ਤੁਲਸੀ, ਜਨਕ ਰਾਜ, ਜਟਾਸ਼ੰਕਰ, ਅਨਿਲ, ਉਮੇਸ਼ ਅਤੇ ਨੰਦ ਲਾਲ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਮੰਡੀ ਦੇ ਰਿਟੇਲ ਕਾਰੋਬਾਰੀਆਂ ਦੀ ਸਹੂਲਤ ਲਈ ਕਰੋੜਾਂ ਦੀ ਲਾਗਤ ਨਾਲ ਸਟੀਲ ਕਵਰ ਸ਼ੈੱਡ ਦਾ ਨਿਰਮਾਣ ਕਰਵਾਇਆ ਅਤੇ ਪੰਜਾਬ ਮੰਡੀ ਬੋਰਡ ਵੱਲੋਂ ਗਰੀਬ ਫੜ੍ਹੀ ਰੇਹੜੀ ਲਾਉਣ ਵਾਲੇ ਰਿਟੇਲਰਾਂ ਤੋਂ ਲਾਏ ਗਏ ਯੂਜ਼ਰਸ ਚਾਰਜ ਦੀ ਵਸੂਲੀ ਵੀ ਬੰਦ ਕਰਵਾਈ ਪਰ ਮਾਰਕੀਟ ਕਮੇਟੀ ਨੇ ਦੁਬਾਰਾ ਵਸੂਲੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਨੇ ਸਾਰੇ ਿਰਟੇਲਰਾਂ ਨਾਲ ਵਾਅਦਾ ਕੀਤਾ ਸੀ ਕਿ ਮੰਡੀ ਦੇ ਪਿਛਲੇ ਫੜ੍ਹਾਂ ’ਤੇ ਰਿਟੇਲ ਦਾ ਕਾਰੋਬਾਰ ਹੋਵੇਗਾ। ਇਸ ਦੇ ਬਾਵਜੂਦ ਆੜ੍ਹਤੀਆਂ ਦੇ ਸ਼ੈੱਡ ਵਿਚ ਮੰਡੀ ਦੇ ਫਰੰਟ ਫੜ੍ਹਾਂ ’ਤੇ ਪਿਆਜ਼-ਆਲੂ ਦੇ ਸ਼ੈੱਡਾਂ ਵਿਚ ਸਵੇਰੇ 3 ਤੋਂ 11 ਵਜੇ ਤੱਕ ਰੋਜ਼ਾਨਾ ਸ਼ਰੇਆਮ ਰਿਟੇਲ ਕਾਰੋਬਾਰ ਹੁੰਦਾ ਹੈ, ਜਿਸ ਦੀ ਪੂਰੀ ਜਾਣਕਾਰੀ ਹੋਣ ’ਤੇ ਵੀ ਵਿਭਾਗ ਕੋਈ ਕਾਰਵਾਈ ਨਹੀਂ ਕਰਦਾ, ਜਿਸ ਨਾਲ ਮੰਡੀ ਦੇ ਪਿੱਛੇ ਬੈਠੇ ਰਿਟੇਲਰਾਂ ਨੂੰ ਕਾਫੀ ਨੁਕਸਾਨ ਹੁੰਦਾ ਹੈ। ਪ੍ਰਧਾਨ ਰਵੀਸ਼ੰਕਰ ਗੁਪਤਾ ਨੇ ਕਿਹਾ ਕਿ ਸਾਰੇ ਰਿਟੇਲ ਕਾਰੋਬਾਰੀ ਮਾਰਕੀਟ ਕਮੇਟੀ ਨੂੰ ਯੂਜ਼ਰਸ ਚਾਰਜ ਉਦੋਂ ਦੇਣਗੇ, ਜਦੋਂ ਉਨ੍ਹਾਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ।
ਇਹ ਵੀ ਪੜ੍ਹੋ : ਕੇਂਦਰ ਦੀ ਸੂਬਾਈ ਮਾਮਲਿਆਂ ’ਚ ਦਖਲਅੰਦਾਜ਼ੀ ਦਾ ਜਵਾਬ ਦੇਣ ਲਈ CM ਮਾਨ ਸੱਦਣ ਸਰਬ ਪਾਰਟੀ ਮੀਟਿੰਗ : SAD
ਡੀ. ਐੱਮ. ਓ. ਮੁਕੇਸ਼ ਕੈਲੇ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਸੁਖਦੀਪ ਿਸੰਘ ਨੇ ਕਿਹਾ ਕਿ ਯੂਜ਼ਰਸ ਚਾਰਜ ਪਿਛਲੀ ਸਰਕਾਰ ਨੇ ਸਿਰਫ 7 ਮਹੀਨਿਆਂ ਲਈ 31 ਮਾਰਚ ਤੱਕ ਬੰਦ ਕੀਤੇ ਸਨ, ਜਿਸ ਕਾਰਨ 1 ਅਪ੍ਰੈਲ ਤੋਂ ਦੁਬਾਰਾ ਲੈਣੇ ਸ਼ੁਰੂ ਕੀਤੇ ਗਏ ਹਨ ਪਰ ਇਸਦੇ ਨਾਲ ਹੀ ਉਨ੍ਹਾਂ ਸਾਰੇ ਆੜ੍ਹਤੀਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਕਿ ਮੰਡੀ ਵਿਚ ਫਰੰਟ ’ਤੇ ਸਥਾਪਤ ਹੋਲਸੇਲ ਫੜ੍ਹਾਂ ਨੂੰ ਰਿਟੇਲਰਾਂ ਨੂੰ ਸ਼ੈਲਟਰ ਦੇ ਕੇ ਰਿਟੇਲ ਕਾਰੋਬਾਰ ਕਰਨ ਵਾਲੇ ’ਤੇ ਕਾਰਵਾਈ ਕੀਤੀ ਜਾਵੇਗੀ ਅਤੇ ਰਿਟੇਲਰ ਦਾ ਮਾਲ ਵੀ ਜ਼ਬਤ ਕਰ ਲਿਆ ਜਾਵੇਗਾ।
ਆੜ੍ਹਤੀ ਮੋਨੂੰ ਪੁਰੀ, ਡਿੰਪੀ ਸਚਦੇਵਾ, ਨੰਨੀ ਬੱਤਰਾ, ਸੰਨੀ ਬੱਤਰਾ, ਜੌਨੀ ਬੱਤਰਾ, ਤਰੁਣ, ਸੋਨੂੰ ਪੁਰੀ ਅਤੇ ਇੰਦਰਜੀਤ ਨਾਗਰਾ ਨੇ ਮਾਰਕੀਟ ਕਮੇਟੀ ਦੇ ਨਵ-ਨਿਯੁਕਤ ਸਕੱਤਰ ਸੁਖਦੀਪ ਸਿੰਘ ਨਾਲ ਮੁਲਾਕਾਤ ਕਰ ਕੇ ਮੰਡੀ ਦੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਆੜ੍ਹਤੀਆਂ ਨੇ ਵੀ ਰਿਟੇਲਰਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਕਿਹਾ ਕਿ ਰੋਜ਼ਾਨਾ ਦੇ ਹਿਸਾਬ ਨਾਲ ਉਨ੍ਹਾਂ ਕੋਲੋਂ ਸਿਰਫ 100 ਰੁਪਏ ਯੂਜ਼ਰਸ ਚਾਰਜ ਮਾਰਕੀਟ ਕਮੇਟੀ ਵਸੂਲਦੀ ਹੈ ਅਤੇ ਇਸਦੀ ਇਵਜ਼ ਵਿਚ ਵਿਭਾਗ ਨੇ ਕਰੋੜਾਂ ਦੀ ਲਾਗਤ ਨਾਲ ਉਨ੍ਹਾਂ ਨੂੰ ਸਟੀਲ ਕਵਰ ਸ਼ੈੱਡ ਵੀ ਬਣਾ ਕੇ ਿਦੱਤਾ। ਜੇਕਰ ਉਨ੍ਹਾਂ ਨੂੰ ਕਿਰਾਏ ’ਤੇ ਦੁਕਾਨ ਲੈ ਕੇ ਕਾਰੋਬਾਰ ਕਰਨਾ ਪਵੇ ਤਾਂ ਕਿਰਾਇਆ ਹੀ 10 ਹਜ਼ਾਰ ਦੇ ਲਗਭਗ ਬਣ ਜਾਂਦਾ ਹੈ।