ਇਹ ਨੇ ਉਹ ਪ੍ਰੋਫੈਸਰ, ਜਿਨ੍ਹਾਂ ਤਿਆਰ ਕੀਤੀ ਅਜਿਹੀ ਨੋਟਬੁੱਕ, ਜਿਸ ਨਾਲ ਨਿਕਲਦਾ 140 ਸਾਲਾਂ ਦਾ ਰਿਕਾਰਡ
Monday, Sep 05, 2022 - 04:36 PM (IST)

ਸੁਲਤਾਨਪੁਰ ਲੋਧੀ (ਚੰਦਰ ਮੜ੍ਹੀਆ) : 5 ਸਤੰਬਰ ਨੂੰ ਦੇਸ਼ ਭਰ ’ਚ ਸ਼੍ਰੀ ਸਰਵਪੱਲੀ ਰਾਧਾਕ੍ਰਿਸ਼ਣਨ ਦੇ ਜਨਮ ਦਿਵਸ ਨੂੰ ਅਧਿਆਪਕ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਅਧਿਆਪਕ ਦਿਵਸ ਮੌਕੇ ਗੱਲ ਕਰਦੇ ਹਾਂ ਪ੍ਰੋਫੈਸਰ ਮਦਨ ਲਾਲ ਛੁਰਾ ਦੀ, ਜਿਨ੍ਹਾਂ ਅਜਿਹੀ ਨੋਟ ਬੁੱਕ ਤਿਆਰ ਕੀਤੀ ਹੈ, ਜਿਸ ’ਚ ਦਰਜ ਵਿਸ਼ੇਸ਼ ਫਾਰਮੂਲੇ ਦੀ ਮਦਦ ਨਾਲ ਕਿਸੇ ਵੀ ਸਾਲ ਦੇ ਕਿਸੇ ਮਹੀਨੇ ਦੀ ਕਿਸੇ ਵੀ ਤਾਰੀਖ਼ ਨੂੰ ਕੀ ਦਿਨ ਹੋਵੇਗਾ ਪਤਾ ਲੱਗ ਜਾਵੇਗਾ। ਪ੍ਰੋਫੈਸਰ ਮਦਨ ਲਾਲ ਛੁਰਾ ਨੇ ਇਸ ਰਚਨਾ ਦਾ ਨਾਂ ‘ਡੇ ਆਨ ਡੇਟ ਕੰਪਿਊਟਰ ਨੋਟ ਬੁੱਕ’ ਰੱਖਿਆ ਹੈ। ਇਸ ਨੋਟ ਬੁੱਕ ਰਾਹੀਂ 1971 ਤੋਂ 2056 ਤਕ ਦਾ ਰਿਕਾਰਡ ਪਤਾ ਲਾਇਆ ਜਾ ਸਕਦਾ ਹੈ। ਇਸ ਰਚਨਾ ਦੀ ਮਦਦ ਨਾਲ ਵਿਦਿਆਰਥੀ ਵਰਗ ਹੀ ਨਹੀਂ, ਕੋਈ ਵੀ ਆਮ ਜਾਂ ਖ਼ਾਸ ਵਿਅਕਤੀ ਸਕਿੰਟਾਂ ’ਚ ਹੀ ਕਿਸੇ ਤਾਰੀਖ਼ ਦਾ ਦਿਨ ਕੱਢਣ ’ਚ ਸਮਰੱਥ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅਧਿਆਪਕਾਂ ਅਤੇ ਮਾਤਾ-ਪਿਤਾ ਦੀ ਇੱਜ਼ਤ ਕਰਕੇ ਹੀ ਅਸੀਂ ਜੀਵਨ ’ਚ ਚੰਗਾ ਮੁਕਾਮ ਹਾਸਿਲ ਕਰ ਸਕਦੇ ਹਾਂ। ਸਿੱਖਿਆ ਦਾ ਉਦੇਸ਼ ਇਨਸਾਨ ਨੂੰ ਆਦਰਸ਼ ਨਾਗਰਿਕ ਅਤੇ ਚੰਗੇ ਮਨੁੱਖ ਬਣਾਉਣਾ ਹੈ।
ਇਹ ਵੀ ਪੜ੍ਹੋ : ਭਾਈ ਜੈਤਾ ਜੀ ਦੇ ਜਨਮ ਦਿਹਾੜੇ ’ਤੇ ਵੱਖ-ਵੱਖ ਥਾਵਾਂ ਤੋਂ ਨਗਰ ਕੀਰਤਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚੇ
ਪ੍ਰੋਫੈਸਰ ਮਦਨ ਲਾਲ ਅੱਜ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਸੁਲਤਾਨਪੁਰ ਲੋਧੀ ਵਿਖੇ ਪਹੁੰਚੇ। ਇਸ ਦੌਰਾਨ ਸਕੂਲ ’ਚ ਅਧਿਆਪਕ ਦਿਵਸ ਸਕੂਲ ਇੰਚਾਰਜ ਤਰਸੇਮ ਸਿੰਘ ਦੀ ਅਗਵਾਈ ’ਚ ਉਤਸ਼ਾਹਪੂਰਵਕ ਮਨਾਇਆ ਗਿਆ। ਇਸ ਸਮਾਗਮ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰੋਫੈਸਰ ਮਦਨ ਲਾਲ ਛੁਰਾ ਵੱਲੋਂ ਬਤੌਰ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਗਈ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਭੇਟ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋਫੈਸਰ ਛੁਰਾ ਨੇ ਸਕੂਲ ਦੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕ ਹੀ ਅਸਲ ਸ਼ਿਲਪਕਾਰ ਹਨ। ਜਿਵੇਂ ਇਕ ਚੰਗਾ ਸ਼ਿਲਪਕਾਰ ਪੱਥਰ ਨੂੰ ਤਰਾਸ਼ ਕੇ ਇਕ ਵਧੀਆ ਮੂਰਤੀ ਬਣਾ ਦਿੰਦਾ ਹੈ, ਉਸੇ ਤਰ੍ਹਾਂ ਇਕ ਸਿੱਖਿਅਕ ਬੱਚੇ ਨੂੰ ਤਰਾਸ਼ ਕੇ ਉਸ ਨੂੰ ਚੰਗਾ ਇਨਸਾਨ ਬਣਾਉਂਦਾ ਹੈ। ਇਹ ਗੱਲ ਕਹਿਣ ’ਚ ਗੁਰੇਜ਼ ਨਹੀਂ ਕਿ ਬੱਚਿਆਂ ਦੇ ਭੱਵਿਖ ਦੀ ਸਿਰਜਣਾ ਅਧਿਆਪਕ ਦੇ ਹੱਥ ’ਚ ਹੀ ਹੁੰਦੀ ਹੈ। ਇਸ ਸਮੇਂ ਸਮੂਹ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਪ੍ਰੋਫੈਸਰ ਛੁਰਾ ਨੇ ਕਿਹਾ ਕਿ ਰਾਸ਼ਟਰ ਦੀ ਤਰੱਕੀ ਇਸ ਦੇ ਸਿੱਖਿਅਕਾਂ ’ਤੇ ਨਿਰਭਰ ਕਰਦੀ ਹੈ। ਜੋ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਅਤੇ ਆਦਰਸ਼ ਨਾਗਰਿਕ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਇਹ ਵੀ ਪੜ੍ਹੋ : ਕਾਬੁਲ ’ਚ ਰੂਸੀ ਦੂਤਘਰ ਦੇ ਬਾਹਰ ਜ਼ਬਰਦਸਤ ਬੰਬ ਧਮਾਕਾ, ਦੋ ਦੀ ਮੌਤ
ਇਸ ਦੌਰਾਨ ਪ੍ਰੋਫੈਸਰ ਛੁਰਾ ਵੱਲੋਂ ਸਕੂਲ ਦੇ ਇੰਚਾਰਜ ਅਤੇ ਸਮੂਹ ਅਧਿਆਪਕਾਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਇੰਚਾਰਜ ਤਰਸੇਮ ਸਿੰਘ ਨੇ ਕਿਹਾ ਕਿ ਭਾਰਤ ’ਚ 5 ਸਤੰਬਰ ਦਾ ਦਿਨ ਅਧਿਆਪਕ ਦਿਵਸ ਦੇ ਰੂਪ ’ਚ ਮਨਾਇਆ ਜਾਂਦਾ ਹੈ। ਸਾਲ 1962 ’ਚ ਇਸ ਦਿਨ ਨੂੰ ਅਧਿਆਪਕ ਦਿਵਸ ਦੇ ਰੂਪ 'ਚ ਮਨਾਉਣ ਦੀ ਸ਼ੁਰੂਆਤ ਹੋਈ ਸੀ। ਇਹ ਅਧਿਆਪਕਾਂ ਤੇ ਮਾਰਗਦਰਸ਼ਕਾਂ ਦਾ ਤਿਉਹਾਰ ਹੈ। ਭਾਰਤ ਦੇ ਦੂਸਰੇ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਦੀ ਜੈਅੰਤੀ ਨੂੰ ਅਧਿਆਪਕਾਂ ਲਈ ਸਮਰਪਿਤ ਕੀਤਾ ਗਿਆ ਹੈ। ਇਸ ਦਿਨ ਬੀਤੇ 25 ਸਾਲਾਂ ਤੋਂ ਪ੍ਰੋਫੈਸਰ ਐੱਮ. ਐੱਲ. ਛੁਰਾ ਸਾਡੇ ਸਕੂਲ ਦੇ ਸਮਾਗਮ ’ਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਦੇ ਹਨ ਅਤੇ ਸਕੂਲ ’ਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਵਜੋਂ ਨਕਦੀ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰਦੇ ਹਨ, ਜੋ ਬਹੁਤ ਹੀ ਸ਼ਲਾਘਯੋਗ ਉਪਰਾਲਾ ਹੈ। ਇਸ ਮੌਕੇ ਉਨ੍ਹਾਂ ਸਕੂਲ ਦੇ ਸਾਰੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਸਭ ਅਧਿਆਪਕਾਂ ਲਈ ਆਪਣੀਆਂ ਸ਼ੁੱਭ-ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਧਿਆਪਕ ਇਕ ਅਜਿਹੀ ਮੋਮਬੱਤੀ ਵਾਂਗ ਹੈ, ਜੋ ਖੁਦ ਜਲ ਕੇ ਦੂਸਰਿਆਂ ਨੂੰ ਰੌਸ਼ਨੀ ਪ੍ਰਦਾਨ ਕਰਦੀ ਹੈ ਅਤੇ ਇਕ ਵਧੀਆ ਅਧਿਆਪਕ ਹੀ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਅਤੇ ਸੇਧ ਦੇ ਸਕਦਾ ਹੈ, ਜਿਸ ਸਦਕਾ ਹੀ ਨਰੋਏ ਸਮਾਜ ਦੀ ਨੀਂਹ ਰੱਖੀ ਜਾ ਸਕਦੀ ਹੈ। ਸਮਾਗਮ ਦੇ ਅੰਤ ’ਚ ਸਕੂਲ ਇੰਚਾਰਜ ਅਤੇ ਸਮੂਹ ਅਧਿਆਪਕਾਂ ਵੱਲੋਂ ਪ੍ਰੋਫੈਸਰ ਮਦਨ ਲਾਲ ਛੁਰਾ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।