ਅਸਤ-ਵਿਅਸਤ ਪਾਵਰ ਸਿਸਟਮ ਦੀਆਂ ਸ਼ਿਕਾਇਤਾਂ 25000 ਤੋਂ ਪਾਰ, 75 ਫ਼ੀਸਦੀ ਸ਼ਹਿਰ ’ਚ 10 ਘੰਟੇ ਬੱਤੀ ਗੁੱਲ

06/18/2022 12:21:37 PM

ਜਲੰਧਰ (ਪੁਨੀਤ)– ਪਿਛਲੇ ਕਈ ਹਫ਼ਤਿਆਂ ਤੋਂ ਪੈ ਰਹੀ ਭਿਆਨਕ ਗਰਮੀ ਕਾਰਨ ਪਾਵਰਕਾਮ ਦਾ ਸਿਸਟਮ ਰੋਜ਼ਾਨਾ ਓਵਰਲੋਡ ਹੋ ਰਿਹਾ ਸੀ, ਜਿਸ ਕਾਰਨ ਅਧਿਕਾਰੀ ਮੌਸਮ ਵਿਚ ਰਾਹਤ ਦੀਆਂ ਦੁਆਵਾਂ ਕਰ ਰਹੇ ਸਨ। ਮੌਸਮ ਵਿਚ ਭਾਵੇਂ ਰਾਹਤ ਮਿਲੀ ਹੋਵੇ ਪਰ ਪਾਵਰਕਾਮ ਲਈ ਪਰੇਸ਼ਾਨੀ ਕਈ ਗੁਣਾ ਵਧ ਗਈ ਹੈ। ਦੋ ਦਿਨਾਂ ਤੋਂ ਪੈ ਰਹੀ ਬਾਰਿਸ਼ ਕਾਰਨ ਸ਼ਿਕਾਇਤਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਸ਼ੁੱਕਰਵਾਰ ਰਾਤ ਤੱਕ ਇਹ ਅੰਕੜਾ 25 ਹਜ਼ਾਰ ਨੂੰ ਪਾਰ ਕਰ ਚੁੱਕਾ ਸੀ, ਜਿਸ ਕਰਕੇ ਖ਼ਪਤਕਾਰਾਂ ਨੂੰ ਭਾਰੀ ਪਰੇਸ਼ਾਨੀਆਂ ਉਠਾਉਣੀਆਂ ਪਈਆਂ। ਬੀਤੀ ਦੇਰ ਰਾਤ 3 ਵਜੇ ਦੇ ਲਗਭਗ ਤੇਜ਼ ਹਨੇਰੀ ਨਾਲ ਬਾਰਿਸ਼ ਨੇ ਦਸਤਕ ਦਿੱਤੀ, ਜਿਸ ਨਾਲ ਪਾਵਰਕਾਮ ਦਾ ਸਿਸਟਮ ਬੁਰੀ ਤਰ੍ਹਾਂ ਅਸਤ-ਵਿਅਸਤ ਹੋ ਗਿਆ ਅਤੇ ਜਲੰਧਰ ਸਰਕਲ ਦੇ 35 ਤੋਂ 40 ਫ਼ੀਡਰ ਪ੍ਰਭਾਵਿਤ ਹੋਏ। ਪਾਵਰਕਾਮ ਵੱਲੋਂ ਹਨੇਰੀ ਕਾਰਨ ਬਿਜਲੀ ਬੰਦ ਕੀਤੀ ਗਈ ਸੀ ਪਰ ਜਦੋਂ ਬਿਜਲੀ ਚਾਲੂ ਕੀਤੀ ਗਈ ਤਾਂ ਸ਼ਹਿਰ ਦੇ ਸੈਂਕੜੇ ਇਲਾਕੇ ਫਾਲਟ ਕਾਰਨ ਚਾਲੂ ਨਹੀਂ ਹੋ ਸਕੇ। ਰਾਤ 3 ਵਜੇ ਗੁੱਲ ਹੋਈ ਬਿਜਲੀ ਕਾਰਨ 75 ਫ਼ੀਸਦੀ ਸ਼ਹਿਰ ਵਿਚ 10 ਘੰਟੇ ਤੱਕ ਪਾਵਰਕੱਟ ਰਿਹਾ।

ਇਸ ਕਾਰਨ ਲੋਕਾਂ ਨੂੰ ਪਾਣੀ ਲਈ ਵੀ ਪਰੇਸ਼ਾਨੀ ਉਠਾਉਣੀ ਪਈ, ਜਿਸ ਨੇ ਸੜੇ ’ਤੇ ਲੂਣ ਛਿੜਕਣ ਦਾ ਕੰਮ ਕੀਤਾ। 50 ਫ਼ੀਸਦੀ ਤੋਂ ਵੱਧ ਘਰਾਂ ਵਿਚ ਬੀਤੇ ਦਿਨ ਸਵੇਰੇ ਪਾਣੀ ਦੀ ਸਪਲਾਈ ਨਹੀਂ ਆ ਸਕੀ, ਜਿਸ ਕਰਕੇ ਲੋਕਾਂ ਨੂੰ ਦਫ਼ਤਰ ਜਾਣ ਸਮੇਤ ਹੋਰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਨਾਲ ਜੂਝਣਾ ਪਿਆ। ਨਾਰਥ ਜ਼ੋਨ ਦੇ ਵੱਖ-ਵੱਖ ਸਰਕਲਾਂ ਵਿਚ 25000 ਤੋਂ ਵੱਧ ਸ਼ਿਕਾਇਤਾਂ ਫਾਲਟ ਨੂੰ ਲੈ ਕੇ ਪ੍ਰਾਪਤ ਹੋਈਆਂ, ਜਦਕਿ ਸੈਂਕੜਿਆਂ ਦੀ ਗਿਣਤੀ ਵਿਚ ਅਜਿਹੇ ਲੋਕ ਹਨ, ਜਿਹੜੇ ਆਪਣੀਆਂ ਸ਼ਿਕਾਇਤਾਂ ਦਰਜ ਨਹੀਂ ਕਰਵਾ ਸਕੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਕ ਫੀਡਰ ਅਧੀਨ 3-4 ਹਜ਼ਾਰ ਖ਼ਪਤਕਾਰ ਆਉਂਦੇ ਹਨ ਅਤੇ ਜਦੋਂ ਵੀ ਬਿਜਲੀ ਗੁੱਲ ਹੁੰਦੀ ਹੈ, ਇਕ ਇਲਾਕੇ ਵਿਚ ਸੈਂਕੜੇ ਸ਼ਿਕਾਇਤਾਂ ਦਰਜ ਕਰਵਾ ਦਿੱਤੀਆਂ ਜਾਂਦੀਆਂ ਹਨ, ਜਿਸ ਕਾਰਨ ਸ਼ਿਕਾਇਤਾਂ ਦਾ ਅੰਕੜਾ ਬੇਹੱਦ ਵਧ ਜਾਂਦਾ ਹੈ।

ਇਹ ਵੀ ਪੜ੍ਹੋ: ਜਲੰਧਰ: ਕੰਪਨੀ ਬਾਗ ਚੌਂਕ ਨੇੜੇ ਮਸ਼ਹੂਰ ਮਠਿਆਈਆਂ ਦੀ ਦੁਕਾਨ ’ਤੇ GST ਦੇ ਮੋਬਾਇਲ ਵਿੰਗ ਵੱਲੋਂ ਛਾਪੇਮਾਰੀ

ਬਿਜਲੀ ਦੀ ਖਰਾਬੀ ਕਾਰਨ ਲੱਖਾਂ ਲੋਕਾਂ ਨੂੰ ਪਰੇਸ਼ਾਨੀ ਉਠਾਉਣੀ ਪਈ ਪਰ ਇਸ ਪਰੇਸ਼ਾਨੀ ਦਾ ਸਮਾਂ ਰਹਿੰਦਿਆਂ ਹੱਲ ਹੋ ਸਕਦਾ ਸੀ, ਜੋ ਕਿ ਸਟਾਫ ਦੀ ਸ਼ਾਰਟੇਜ ਕਾਰਨ ਨਹੀਂ ਹੋ ਸਕਿਆ। ਲੋਕਾਂ ਦਾ ਕਹਿਣਾ ਹੈ ਕਿ ਸ਼ਿਕਾਇਤਾਂ ਲਿਖਵਾਉਣ ਦੇ ਬਾਵਜੂਦ ਬਿਜਲੀ ਕਰਮਚਾਰੀ ਕਈ-ਕਈ ਘੰਟੇ ਮੌਕੇ ’ਤੇ ਨਹੀਂ ਆਉਂਦੇ, ਜੋਕਿ ਪਰੇਸ਼ਾਨੀ ਦਾ ਸਬੱਬ ਬਣਦਾ ਹੈ। ਜਲੰਧਰ ਸਰਕਲ ਅਧੀਨ 35-40 ਫ਼ੀਡਰਾਂ ਵਿਚ ਫਾਲਟ ਪੈਣ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ। ਇਨ੍ਹਾਂ ਵਿਚੋਂ ਕਈ ਫੀਡਰ ਦੁਪਹਿਰ 1-2 ਵਜੇ ਤੱਕ ਵੀ ਨਹੀਂ ਚੱਲ ਸਕੇ ਸਨ, ਜਦੋਂ ਕਿ ਅਧਿਕਾਰੀਆਂ ਦੇ ਮੁਤਾਬਕ 10-11 ਵਜੇ ਤੱਕ ਕਈ ਫੀਡਰ ਚਾਲੂ ਕਰ ਦਿੱਤੇ ਗਏ। ਮਾਡਲ ਟਾਊਨ ਡਵੀਜ਼ਨ ਅਧੀਨ ਬਸਤੀਆਂ, ਕਨਾਲ, ਬਸਤੀ ਦਾਨਿਸ਼ਮੰਦਾਂ, ਕੋਲਡ ਸਟੋਰ, ਨੰਗਲ ਪੁਰਦਿਲ, ਗੱਦੋਵਾਲੀ, ਖੁਰਲਾ ਕਿੰਗਰਾ ਆਦਿ ਫੀਡਰ ਮੁੱਖ ਰੂਪ ਵਿਚ ਪ੍ਰਭਾਵਿਤ ਹੋਏ। ਇਨ੍ਹਾਂ ਵਿਚੋਂ ਕਈਆਂ ਦੀ ਸਪਲਾਈ 7-8 ਘੰਟੇ ਤੋਂ ਲੈ ਕੇ 10 ਘੰਟੇ ਤੱਕ ਬੰਦ ਰਹੀ।

ਈਸਟ ਡਿਵੀਜ਼ਨ ਅਧੀਨ 11-12 ਫ਼ੀਡਰਾਂ ਵਿਚ ਫਾਲਟ ਪੈਣ ਕਰਕੇ ਕਈ ਘੰਟੇ ਸਪਲਾਈ ਬੰਦ ਰਹੀ। ਇਸ ਲੜੀ ਵਿਚ ਕੈਟਾਗਰੀ 1-2 ਨੂੰ ਸਪਲਾਈ ਦੇਣ ਵਾਲਾ ਹਰਗੋਬਿੰਦ ਨਗਰ ਫੀਡਰ ਰਾਤ 3 ਵਜੇ ਤੋਂ ਬੰਦ ਪਿਆ ਸੀ, ਜਿਹੜਾ 10 ਘੰਟੇ ਬਾਅਦ ਦੁਪਹਿਰ 1 ਵਜੇ ਦੇ ਲਗਭਗ ਚਾਲੂ ਹੋ ਸਕਿਆ। ਇਸੇ ਤਰ੍ਹਾਂ ਪਰੂਥੀ ਹਸਪਤਾਲ, ਸਵਰੂਪ ਨਗਰ, ਕੈਟਾਗਰੀ-1 ਦੇ ਕਈ ਇਲਾਕੇ ਫਾਲਟ ਕਾਰਨ ਪ੍ਰਭਾਵਿਤ ਹੋਏ। ਉਕਤ ਡਵੀਜ਼ਨ ਵੱਲੋਂ ਐਗਰੀਕਲਚਰ ਦੀ ਸਪਲਾਈ ਠੀਕ ਕਰਨ ਲਈ ਵੱਖ-ਵੱਖ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ, ਜੋ ਕਿ ਕੈਟਾਗਰੀ-1 ਦਾ ਕੰਮ ਨਿਪਟਾਉਣ ਤੋਂ ਬਾਅਦ ਏ. ਪੀ. ਫੀਡਰਾਂ ’ਤੇ ਕੰਮ ਕਰਨਗੀਆਂ। ਇਥੋਂ ਚੱਲਣ ਵਾਲੀ ਇੰਡਸਟਰੀ ਦੀ ਸਪਲਾਈ ਵੀ ਕਈ ਘੰਟੇ ਪ੍ਰਭਾਵਿਤ ਰਹੀ, ਜਿਸ ਨਾਲ ਇੰਡਸਟਰੀ ਦੀ ਪ੍ਰੋਡਕਸ਼ਨ ਨੂੰ ਨੁਕਸਾਨ ਹੋਇਆ।

PunjabKesari

ਇਹ ਵੀ ਪੜ੍ਹੋ:  ਗੈਂਗਸਟਰ ਕਲਚਰ ਪੁਰਾਣੀਆਂ ਸਰਕਾਰਾਂ ਦੀ ਦੇਣ, ਖ਼ਤਮ ਅਸੀਂ ਕਰਾਂਗੇ: ਭਗਵੰਤ ਮਾਨ

ਵੈਸਟ ਡਿਵੀਜ਼ਨ ਸ਼ਹਿਰ ਦੀ ਸਭ ਤੋਂ ਵੱਧ ਮਹੱਤਵਪੂਰਨ ਡਿਵੀਜ਼ਨ ਮੰਨੀ ਜਾਂਦੀ ਹੈ ਕਿਉਂਕਿ ਇਸ ਡਿਵੀਜ਼ਨ ਅਧੀਨ ਸਭ ਤੋਂ ਵੱਧ ਘਰੇਲੂ ਕੁਨੈਕਸ਼ਨ ਚੱਲ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ 8-9 ਫ਼ੀਡਰਾਂ ਵਿਚ ਦਿੱਕਤ ਆਈ, ਜਿਨ੍ਹਾਂ ਵਿਚ ਮਾਈ ਹੀਰਾਂ ਗੇਟ, ਬਸਤੀ ਮਿੱਠੂ, ਗੁਲਾਬ ਦੇਵੀ ਰੋਡ, ਹੀਰਾਪੁਰ, ਨੰਦਨਪੁਰ, ਗੋਪਾਲ ਨਗਰ ਅਤੇ ਮਕਸੂਦਾਂ ਅਧੀਨ ਪੈਂਦੇ ਕਈ ਇਲਾਕੇ ਸ਼ਾਮਲ ਹਨ। ਇਸ ਡਵੀਜ਼ਨ ਦੇ ਖਪਤਕਾਰਾਂ ਨੂੰ 2 ਘੰਟੇ ਤੋਂ ਲੈ ਕੇ 9-10 ਘੰਟੇ ਬੱਤੀ ਗੁੱਲ ਰਹਿਣ ਦਾ ਸਾਹਮਣਾ ਕਰਨਾ ਪਿਆ। ਕੈਂਟ ਡਿਵੀਜ਼ਨ ਅਧੀਨ ਰਾਮਾ ਮੰਡੀ, ਪ੍ਰੋਫੈਸਰ ਕਾਲੋਨੀ, ਹਜ਼ਾਰਾ ਪਿੰਡ, ਆਦਮਪੁਰ ਸਮੇਤ ਯੂਨੀਵਰਸਿਟੀ ਅਤੇ ਆਲੇ-ਦੁਆਲੇ ਦੇ ਫ਼ੀਡਰਾਂ ਅਧੀਨ ਕਈ ਇਲਾਕਿਆਂ ਦੀ ਸਪਲਾਈ ਘੰਟਿਆਂਬੱਧੀ ਬੰਦ ਰਹੀ, ਜਿਸ ਕਾਰਨ ਖਪਤਕਾਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕੈਂਟ ਦਾ ਇਲਾਕਾ ਹੋਣ ਕਾਰਨ ਇਥੇ ਇੰਡਸਟਰੀ ਦੀ ਸਪਲਾਈ ਨਹੀਂ ਹੈ, ਜਦੋਂ ਕਿ ਐਗਰੀਕਲਚਰ ਦੇ ਖਪਤਕਾਰਾਂ ਦੀ ਗਿਣਤੀ ਜ਼ਿਆਦਾ ਹੈ।

ਬਿਜਲੀ ਦੀ ਡਿਮਾਂਡ ’ਚ ਭਾਰੀ ਗਿਰਾਵਟ, ਮਹਿਕਮੇ ਨੇ ਲਿਆ ਰਾਹਤ ਦਾ ਸਾਹ
ਨਾਰਥ ਜ਼ੋਨ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ, ਜਦੋਂ ਬਿਜਲੀ ਦੀ ਡਿਮਾਂਡ ’ਚ ਰਿਕਾਰਡ ਦਰਜ ਕਰ ਚੁੱਕੀ ਹੈ, ਜਿਸ ਕਾਰਨ ਵਿਭਾਗ ਨੂੰ ਮਹਿੰਗੇ ਭਾਅ ਬਿਜਲੀ ਅਤੇ ਕੋਲੇ ਦੀ ਖ਼ਰੀਦ ਕਰਨੀ ਪੈ ਰਹੀ ਹੈ। ਸੈਂਟਰਲ ਪੂਲ ਤੋਂ ਮਹਿੰਗੀ ਬਿਜਲੀ ਖ਼ਰੀਦ ਰਹੇ ਵਿਭਾਗ ਨੂੰ ਪਿਛਲੇ 2 ਦਿਨਾਂ ਤੋਂ ਪੈ ਰਹੀ ਬਾਰਿਸ਼ ਨੇ ਵੱਡੀ ਰਾਹਤ ਦਿੱਤੀ ਹੈ। ਨਾਰਥ ਜ਼ੋਨ ਵਿਚ ਬਿਜਲੀ ਦੀ ਡਿਮਾਂਡ 200 ਮੈਗਾਵਾਟ ਤੱਕ ਘਟੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਏ. ਸੀ. ਦੀ ਖਪਤ ਨਾਲ ਡਿਮਾਂਡ ਵਧੀ ਸੀ। ਹੁਣ ਤਾਪਮਾਨ ਘਟਣ ਕਰ ਕੇ ਏ. ਸੀ. ਦੀ ਵਰਤੋਂ ਨਾਂਹ ਦੇ ਬਰਾਬਰ ਰਹਿ ਗਈ ਹੈ।

ਇਹ ਵੀ ਪੜ੍ਹੋ: ਮੂਸੇਵਾਲਾ ਕਤਲ ਕਾਂਡ ’ਤੇ ਬੋਲੇ 'ਆਪ' ਉਮੀਦਵਾਰ ਗੁਰਮੇਲ ਸਿੰਘ, ਜਲਦ ਹੋਣਗੇ ਵੱਡੇ ਖ਼ੁਲਾਸੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News