ਬਿਜਲੀ ਬਿੱਲ ਡਿਫਾਲਟਰਾਂ ਤੋਂ ਰਿਕਵਰੀ ਲਈ ਦੂਜੇ ਸਰਕਲਾਂ ਦੀਆਂ ਟੀਮਾਂ ਜਲੰਧਰ ''ਚ ਤਾਇਨਾਤ

02/10/2020 5:02:29 PM

ਜਲੰਧਰ (ਜ. ਬ.)— ਬਿਜਲੀ ਬਿੱਲਾਂ ਦੇ ਡਿਫਾਲਟਰਾਂ ਤੋਂ ਰਿਕਵਰੀ ਲਈ ਪਾਵਰ ਨਿਗਮ ਕੋਈ ਕਸਰ ਨਹੀਂ ਛੱਡ ਰਿਹਾ ਪਰ ਵਿਭਾਗ ਕੋਲ ਸਟਾਫ ਦੀ ਕਮੀ ਕਾਰਨ ਰਿਕਵਰੀ 'ਚ ਕਾਫੀ ਦਿੱਕਤਾਂ ਪੇਸ਼ ਆ ਰਹੀਆਂ ਹਨ। ਸਟਾਫ ਦੀ ਦਿੱਕਤ ਨਾਲ ਨਜਿੱਠਣ ਲਈ ਪਾਵਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਨੇ ਨਵਾਂ ਰਸਤਾ ਅਪਣਾਇਆ ਹੈ, ਇਸ ਲੜੀ 'ਚ ਰਿਕਵਰੀ ਲਈ ਦੂਜੇ ਸਰਕਲਾਂ ਦੇ ਸਟਾਫ ਨੂੰ ਜਲੰਧਰ ਸਰਕਲ 'ਚ ਤਾਇਨਾਤ ਕੀਤਾ ਜਾ ਰਿਹਾ ਹੈ।

ਜਲੰਧਰ ਸਰਕਲ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ 5 ਡਿਵੀਜ਼ਨਾਂ ਆਉਂਦੀਆਂ ਹਨ, ਜਿਸ 'ਚ ਮਾਡਲ ਟਾਊਨ, ਵੈਸਟ, ਕੈਂਟ, ਈਸਟ ਅਤੇ ਫਗਵਾੜਾ ਦੀ ਡਿਵੀਜ਼ਨ ਸ਼ਾਮਲ ਹੈ। ਹਰ ਇਕ ਡਿਵੀਜ਼ਨ 'ਚ 4-5 ਸਬ-ਡਿਵੀਜ਼ਨਾਂ ਹਨ, ਜਿਸ 'ਚ ਜ਼ਰੂਰਤ ਮੁਤਾਬਕ ਸਟਾਫ ਮੁਹੱਈਆਂ ਨਹੀਂ ਹੈ, ਇਨ੍ਹਾਂ ਡਿਵੀਜ਼ਨਾਂ ਦੇ ਬਿੱਲਾਂ ਦੀ ਰਿਕਵਰੀ ਲਈ ਹੁਣ ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਸਰਕਲ ਤੋਂ ਸਟਾਫ ਦੀਆਂ ਸੇਵਾਵਾਂ ਕੁਝ ਸਮੇਂ ਲਈ ਜਲੰਧਰ ਸਰਕਲ 'ਚ ਲਈਆਂ ਜਾ ਰਹੀਆਂ ਹਨ। ਅਧਿਕਾਰੀਆਂ ਮੁਤਾਬਕ ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਸਰਕਲ 'ਚ ਰਿਕਵਰੀ ਦੀ ਰਾਸ਼ੀ ਜਲੰਧਰ ਤੋਂ ਘੱਟ ਹੈ, ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਪਾਵਰ ਨਿਗਮ ਨੇ ਇਹ ਕਦਮ ਚੁੱਕਿਆ ਹੈ। ਜੋ ਕਰਮਚਾਰੀ ਦੂਜੇ ਸਰਕਲਾਂ ਤੋਂ ਆਉਣਗੇ ਉਨ੍ਹਾਂ ਨੂੰ ਜਲੰਧਰ ਸਰਕਲ ਦੇ ਕਰਮਚਾਰੀਆਂ ਨਾਲ ਭੇਜਿਆ ਜਾਵੇਗਾ। ਇਕ ਅਨੁਮਾਨ ਮੁਤਾਬਕ ਜੇਕਰ ਕੁਨੈਕਸ਼ਨ ਕੱਟਣ/ਰਿਕਵਰੀ ਲਈ 3-4 ਵਿਅਕਤੀਆਂ ਦੀ ਟੀਮ ਜਾਂਦੀ ਹੈ ਤਾਂ ਉਸ 'ਚ 2 ਕਰਮਚਾਰੀ ਜਲੰਧਰ ਸਰਕਲ ਦੇ ਹੋਣਗੇ, ਜਦਕਿ 2 ਕਰਮਚਾਰੀ ਦੂਜੇ ਸਰਕਲ ਦੇ ਹੋਣਗੇ।
ਪਾਵਰ ਨਿਗਮ ਦੇ ਪਟਿਆਲਾ ਬੈਠੇ ਡਾਇਰੈਕਟਰ/ਸੀਨੀਅਰ ਅਧਿਕਾਰੀ ਡਿਫਾਲਟਰ ਰਾਸ਼ੀ ਦੀ ਰਿਕਵਰੀ ਲਈ ਰੋਜ਼ਾਨਾ ਦੂਜੇ ਜ਼ੋਨ ਅਤੇ ਸਰਕਲਾਂ ਨਾਲ ਸੰਪਰਕ ਕਰ ਕੇ ਰਿਪੋਰਟ ਮੰਗ ਰਹੇ ਹਨ। ਇਸ ਲੜੀ 'ਚ ਪੰਜਾਬ ਦੇ ਸਾਰੇ 5 ਜ਼ੋਨਾਂ ਵਲੋਂ ਰੋਜ਼ਾਨਾ ਰਿਪੋਰਟ ਪਟਿਆਲਾ ਭੇਜੀ ਜਾ ਰਹੀ ਹੈ। ਜਲੰਧਰ ਸਰਕਲ ਦੇ ਸੁਪਰਡੈਂਟ ਇੰਜੀਨੀਅਰ ਹਰਜਿੰਦਰ ਸਿੰਘ ਬਾਂਸਲ ਦੇ ਦਫ਼ਤਰ ਤੋਂ ਰਿਪੋਰਟ ਨੂੰ ਜਲੰਧਰ ਜ਼ੋਨ ਦੇ ਚੀਫ ਇੰਜੀਨੀਅਰ ਗੋਪਾਲ ਸ਼ਰਮਾ ਨੂੰ ਭੇਜਿਆ ਜਾਂਦਾ ਹੈ। ਜਲੰਧਰ ਜ਼ੋਨ ਦੇ ਅਧੀਨ ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ, ਜਲੰਧਰ, ਰੋਪੜ ਸਰਕਲ ਆਉਂਦੇ ਹਨ। ਇਨ੍ਹਾਂ ਸਾਰੇ ਸਰਕਲਾਂ ਤੋਂ ਆਉਣ ਵਾਲੀ ਰਿਪੋਰਟ ਨੂੰ ਫਾਈਨਲ ਕਰ ਕੇ ਜ਼ੋਨ ਦਫਤਰ ਰਾਹੀਂ ਪਟਿਆਲਾ ਭੇਜਿਆ ਜਾ ਰਿਹਾ ਹੈ।

1 ਲੱਖ ਤੋਂ ਹੇਠਾਂ ਦੇ ਪੈਂਡਿੰਗ ਬਿੱਲ ਵਾਲੇ ਵੀ  ਤੋਂ ਹੋਣਗੇ ਨਿਸ਼ਾਨੇ 'ਤੇ
ਰਿਕਵਰੀ ਲਈ ਵਿਭਾਗ ਵਲੋਂ 1 ਲੱਖ ਤੋਂ ਉਪਰ ਦੇ ਡਿਫਾਲਟਰਾਂ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਸੀ ਪਰ ਹੁਣ 1 ਲੱਖ ਰੁਪਏ ਅਤੇ ਇਸ ਤੋਂ ਹੇਠਾਂ ਦੀ ਰਾਸ਼ੀ ਵਾਲੇ ਡਿਫਾਲਟਰ ਵੀ ਵਿਭਾਗ ਦੇ ਨਿਸ਼ਾਨੇ 'ਤੇ ਹੋਣਗੇ, ਇਸ ਦਾ ਮੁੱਖ ਕਾਰਨ ਇਹ ਹੈ ਕਿ ਵਿਭਾਗ ਕੋਲ ਹੁਣ ਦੂਜੇ ਸਰਕਲਾਂ ਦਾ ਸਟਾਫ ਆ ਰਿਹਾ ਹੈ। ਸਟਾਫ ਆਉਣ ਨਾਲ ਵਿਭਾਗ ਰਿਕਵਰੀ 'ਚ ਤੇਜ਼ੀ ਲਿਆਉਣਾ ਚਾਹੁੰਦਾ ਹੈ। ਵਿਭਾਗ ਵਲੋਂ 1 ਲੱਖ ਰੁਪਏ ਤੋਂ ਹੇਠਾਂ ਦੀਆਂ ਲਿਸਟਾਂ ਵੀ ਕੱਢਵਾਈਆਂ ਗਈ ਹਨ, ਜਿਸ ਕਾਰਨ ਸੋਮਵਾਰ ਤੋਂ ਕਾਰਵਾਈ ਤੇਜ਼ ਹੋਵੇਗੀ। ਵਿਭਾਗ ਵਲੋਂ ਪਿਛਲੇ 5 ਵਰਕਿੰਗ ਦਿਨਾਂ 'ਚ 1250 ਦੇ ਕਰੀਬ ਕੁਨੈਕਸ਼ਨ ਕੱਟੇ ਗਏ ਹਨ, ਜਿਸ ਨਾਲ ਵਿਭਾਗ ਨੂੰ 4.50 ਕਰੋੜ ਰੁਪਏ ਦੀ ਰਿਕਵਰੀ ਹੋਈ ਹੈ, ਵਿਭਾਗ ਹੁਣ ਇਸ ਰਿਕਵਰੀ ਦੀ ਰਾਸ਼ੀ ਨੂੰ ਵਧਾਉਣ 'ਤੇ ਫੋਕਸ ਕਰ ਰਿਹਾ ਹੈ।

ਗਲਤ ਬਿੱਲਾਂ 'ਚ ਮੁਸ਼ਕਲ 'ਤੇ ਐਕਸੀਅਨ ਨਾਲ ਕਰਨ ਸੰਪਰਕ
ਪਾਵਰ ਨਿਗਮ ਰਿਕਵਰੀ 'ਚ ਤੇਜ਼ੀ ਲਿਆ ਰਿਹਾ ਹੈ, ਜਦਕਿ ਇਸ ਦੇ ਉਲਟ ਪੱਧਰ 'ਤੇ ਅਜਿਹੇ ਖਪਤਕਾਰ ਹਨ, ਜੋ ਕਿ ਗਲਤ ਬਿੱਲ ਆਉਣ ਨੂੰ ਲੈ ਕੇ ਪ੍ਰੇਸ਼ਾਨ ਹਨ। ਇਸ ਸਬੰਧ 'ਚ ਗੱਲ ਕਰਨ 'ਤੇ ਸੁਪਰਡੈਂਟ ਇੰਜੀਨੀਅਰ ਹਰਜਿੰਦਰ ਸਿੰਘ ਬਾਂਸਲ ਦਾ ਕਹਿਣਾ ਹੈ ਕਿ ਜੇਕਰ ਕਿਸੇ ਦਾ ਬਿੱਲ ਗਲਤ ਆਇਆ ਹੈ ਤਾਂ ਉਹ ਇਸ ਸਬੰਧ 'ਚ ਸਬੰਧਤ ਸਬ-ਡਵੀਜ਼ਨ 'ਚ ਐੱਸ. ਡੀ. ਓ. ਨਾਲ ਸੰਪਰਕ ਕਰੇ, ਜੇਕਰ ਫਿਰ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਆਪਣੇ ਇਲਾਕੇ ਦੇ ਐਕਸੀਅਨ ਨਾਲ ਸੰਪਰਕ ਕਰੇ। ਉਨ੍ਹਾਂ ਕਿਹਾ ਕਿ ਸਾਰੇ ਐਕਸੀਅਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਖਪਤਕਾਰਾਂ ਦੇ ਬਿਜਲੀ ਬਿੱਲਾਂ ਨੂੰ ਪਹਿਲ ਦੇ ਆਧਾਰ 'ਤੇ ਠੀਕ ਕੀਤਾ ਜਾਵੇ ਤਾਂ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਏ।
5 ਡਿਵੀਜ਼ਨਾਂ ਦੇ ਐਕਸੀਅਨ ਅਤੇ ਉਨ੍ਹਾਂ ਦੇ ਸਰਕਾਰੀ ਨੰਬਰ
ਈਸਟ ਡਿਵੀਜ਼ਨ ਤੋਂ ਇੰਜੀਨੀਅਰ ਸੰਨੀ 96461-16011
ਮਾਡਲ ਟਾਊਨ ਤੋਂ ਦਵਿੰਦਰ ਸਿੰਘ 96461-16012
ਵੈਸਟ (ਮਕਸੂਦਪੁਰ) ਤੋਂ ਇੰਦਰਜੀਤ ਸਿੰਘ 96461-16013
ਕੈਂਟ ਡਿਵੀਜ਼ਨ ਤੋਂ ਚੇਤਨ ਕੁਮਾਰ 96461-16014
ਫਗਵਾੜਾ ਡਿਵੀਜ਼ਨ ਤੋਂ ਕੁਲਵਿੰਦਰ ਸਿੰਘ 96461-16015


shivani attri

Content Editor

Related News