ਕੂੜੇ ਨੂੰ ਲੈ ਕੇ ਜਲੰਧਰ ਨਿਗਮ ’ਤੇ 4.50 ਕਰੋੜ ਰੁਪਏ ਦਾ ਜੁਰਮਾਨਾ ਲਗਾ ਚੁੱਕਾ ਹੈ ਪ੍ਰਦੂਸ਼ਣ ਕੰਟਰੋਲ ਵਿਭਾਗ

Monday, Aug 26, 2024 - 03:56 PM (IST)

ਜਲੰਧਰ (ਖੁਰਾਣਾ)- ਹੁਣ ਜਿਹੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕੂੜੇ ਦੀ ਪ੍ਰੋਸੈਸਿੰਗ ਅਤੇ ਮੈਨੇਜਮੈਂਟ ’ਚ ਅਸਫ਼ਲ ਰਹਿਣ ’ਤੇ ਪੰਜਾਬ ਸੂਬੇ ’ਤੇ 1026 ਕਰੋੜ ਰੁਏ ਦਾ ਹਰਜਾਨਾ ਲਾਇਆ ਹੈ, ਜਿਸ ’ਚ ਇਕੱਲੇ ਜਲੰਧਰ ਨਗਰ ਨਿਗਮ ਦਾ ਹੀ ਯੋਗਦਾਨ 270 ਕਰੋੜ ਰੁਪਏ ਦੱਸਿਆ ਗਿਆ ਹੈ। ਗੌਰਤਲਬ ਹੈ ਕਿ 2016 ’ਚ ਸਾਲਿਡ ਵੇਸਟ ਮੈਨੇਜਮੈਂਟ ਰੂਲਸ ਬਣਾਏ ਗਏ ਸਨ, ਜਿਨ੍ਹਾਂ ਦੀ ਪਾਲਣਾ ਜਲੰਧਰ ਨਗਰ ਨਿਗਮ ਵੱਲੋਂ ਬਿਲਕੁਲ ਹੀ ਨਹੀਂ ਕੀਤੀ ਜਾ ਰਹੀ ਹੈ ਅਤੇ ਪਿਛਲੇ 8 ਸਾਲਾਂ ’ਚ ਜਲੰਧਰ ਨਿਗਮ ਦੀ ਇਸ ਮਾਮਲੇ ’ਚ ਕਾਰਗੁਜਾਰੀ ਬਿਲਕੁਲ ਜ਼ੀਰੋ ਵਰਗੀ ਰਹੀ ਹੈ। ਇਨ੍ਹਾਂ ਨਿਯਮਾਂ ਦਾ ਪਾਲਣ ਨਾ ਕਰਨ ਨੂੰ ਲੈ ਕੇ ਜਿੱਥੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਜਲੰਧਰ ਨਿਗਮ ਦੇ ਅਧਿਕਾਰੀਆਂ ਨੂੰ ਕਈ ਵਾਰ ਡਾਂਟ ਲਗਾਈ ਜਾ ਚੁੱਕੀ ਹੈ ਅਤੇ ਕਈ ਜੁਰਮਾਨੇ ਤੱਕ ਕੀਤੇ ਜਾ ਚੁੱਕੇ ਹਨ ਉਥੇ ਪ੍ਰਦੂਸ਼ਣ ਕੰਟਰੋਲ ਵਿਭਾਗ ਵੀ ਕੂੜੇ ਦੇ ਮਾਮਲੇ ’ਚ ਜਲੰਧਰ ਨਗਰ ਨਿਗਮ ’ਤੇ 4.50 ਕਰੋੜ ਰੁਪਏ ਦਾ ਜੁਰਮਾਨਾ/ਵਾਤਾਵਰਣ ਹਰਜਨਾ ਲਗਾ ਚੁੱਕਾ ਹੈ, ਜਿਸ ’ਚ 90 ਲੱਖ ਰੁਪਏ ਜਲੰਧਰ ਨਿਗਮ ਵੱਲੋਂ ਪੀ. ਐੱਮ. ਆਈ. ਡੀ. ਸੀ. ਵੱਲੋਂ ਪ੍ਰਦੂਸ਼ਣ ਕੰਟਰੋਲ ਵਿਭਾਗ ਕੋਲ ਜਮ੍ਹਾ ਕਰਵਾਏ ਜਾ ਚੁੱਕੇ ਹਨ। ਬਾਕੀ ਬਚਦੇ 3.60 ਕਰੋੜ ਰੁਪਏ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਤੁਰੰਤ ਜਮ੍ਹਾ ਕਰਵਾਉਣ ਨੂੰ ਕਿਹਾ ਹੈ, ਜਿਸ ਦੇ ਚਲਦੇ ਜਲੰਧਰ ਨਿਗਮ ਦੇ ਅਧਿਕਾਰੀਆਂ ਨੇ ਪੀ. ਐੱਮ. ਆਈ. ਡੀ. ਸੀ. ਨੂੰ ਪੱਤਰ ਲਿਖ ਦਿੱਤਾ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਵੱਡਾ ਹਾਦਸਾ, 13 ਸਾਲਾ ਬੱਚੇ ਦੀ ਦਰਦਨਾਕ ਮੌਤ, ਸਿਰ ਉਪਰੋਂ ਲੰਘਿਆ ਟਰੱਕ ਦਾ ਟਾਇਰ

ਜ਼ਿਕਰਯੋਗ ਹੈ ਕਿ ਇਸ ਸਾਰੇ ਮਾਮਲੇ ਨੂੰ ਲੈ ਕੇ ਇਸ ਮਹੀਨੇ 2 ਅਗਸਤ ਨੂੰ ਜਲੰਧਰ ’ਚ ਇਕ ਉੱਚ ਪੱਧਰੀ ਬੈਠਕ ਹੋਈ ਸੀ, ਜਿਸ ’ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਤਕ ਹਾਜ਼ਰ ਹੋਏ ਸਨ। ਉਸ ਬੈਠਕ ਦੌਰਾਨ ਜਲੰਧਰ ਨਿਗਮ ਦੇ ਅਧਿਕਾਰੀਆਂ ਨੂੰ ਲਿਖਤ ਹੁਕਮ ਭੇਜੇ ਗਏ ਸਨ ਕਿ ਉਹ 15ਦਿਨ ਦੇ ਅੰਦਰ ਬਾਕੀ ਬਚਦਾ 3.60 ਕਰੋੜ ਦਾ ਵਾਤਾਵਰਣ ਹਰਜ਼ਾਨਾ ਜਮ੍ਹਾ ਕਰਵਾਓ ਅਤੇ ਸਾਲਿਡ ਵੇਸਟ ਮੈਨੇਜਮੈਂਟ ਰੂਲਸ 2016 ਦੀ ਪਾਲਣਾ ਯਕੀਨੀ ਕਰੋ ਵਰਨਾ ਜਲੰਧਰ ਨਗਰ ਨਿਗਮ ਅਤੇ ਇਸ ਨਾਲ ਸਬੰਧਤ ਅਧਿਕਾਰੀਆਂ ’ਤੇ ਲੀਗਲ ਐਕਸ਼ਨ ਲਿਆ ਜਾ ਸਕਦਾ ਹੈ।

ਪ੍ਰਦੂਸ਼ਣ ਬੋਰਡ ਵੱਲੋਂ ਲਾਏ ਗਏ ਜੁਰਮਾਨੇ ਦਾ ਵੇਰਵਾ
01.07.20 ਤੋੰ 31.03.21 ਤਕ ਜੁਰਮਾਨਾ -90 ਲੱਖ
01.04.2021 ਤੋਂ 28.02.22 ਤਕ ਜੁਰਮਾਨਾ-1.10 ਕਰੋੜ
01.03.22 ਤੋਂ 30.09.23 ਤਕ ਜੁਰਮਾਨਾ -1.90 ਕਰੋੜ
01.10.23 ਤੋਂ 31.03.24 ਤਕ ਜੁਰਮਾਨਾ-60 ਲੱਖ

ਕੁਲ ਜੁਰਮਾਨਾ/ਵਾਤਾਵਰਣ ਹਰਜ਼ਾਨਾ-4.50 ਕਰੋੜ ਰੁਪਏ
ਨਿਗਮ ਦੇ ਅਫ਼ਸਰਾਂ ਕੋਲ ਵੀਜ਼ਨ ਹੀ ਨਹੀਂ, ਸਾਰੀਆਂ ਯੋਜਨਾਵਾਂ ਫੇਲ ਹੋ ਰਹੀਆਂ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਐੱਨ. ਜੀ. ਟੀ. ਵੱਲੋਂ ਕਈ ਵਾਰ ਦਿੱਤੀ ਗਈ ਡੈੱਡਲਾਈਨ ਦੇ ਬਾਵਜੂਦ ਜਲੰਧਰ ਨਗਰ ਨਿਗਮ ਨੇ ਹੁਣ ਤਕ ਕੂੜੇ ਦੀ ਮੈਨੇਜਮੈਂਟ ਅਤੇ ਪ੍ਰੋਸੈਸਿੰਗ ਦਾ ਕੋਈ ਪ੍ਰਾਜੈਕਟ ਸ਼ੁਰੂ ਨਹੀਂ ਕੀਤਾ। ਇਸ ਮਾਮਲੇ ’ਚ ਸਿਰਫ ਲੰਬੀਆਂ- ਲੰਬੀਆਂ ਬੈਠਕਾਂ ਦਾ ਦੌਰ ਹੀ ਜਾਰੀ ਹੈ ਅਤੇ ਇਕ-ਦੂਜੇ ’ਤੇ ਜ਼ਿੰਮੇਵਾਰੀ ਥੋਪੀ ਜਾ ਰਹੀ ਹੈ ਸਿਰਫ ਪਲਾਨਿੰਗ ਹੀ ਬਣਾਈ ਜਾ ਰਹੀ ਹੈ। ਨਿਗਮ ਦੇ ਅਫ਼ਸਰਾਂ ਕੋਲ ਵੀਜ਼ਨ ਦੀ ਕਮੀ ਹੈ ਜਿਸ ਦੇ ਚਲਦੇ ਨਿਗਮ ਦੀ ਕੋਈ ਵੀ ਪਲਾਨਿੰਗ ਹੁਣ ਤਕ ਕਾਮਯਾਬ ਨਹੀਂ ਹੋ ਸਕੀ ਹੈ। ਜ਼ਿਕਰਯੋਗ ਹੈ ਕਿ ਐੱਨ. ਜੀ. ਟੀ. ਕੋਲ ਜਲੰਧਰ ਦੇ ਕੂੜੇ ਨੂੰ ਲੈ ਕੇ ਕਈ ਮਾਮਲੇ ਚੱਲ ਰਹੇ ਹਨ। ਐੱਨ. ਜੀ. ਟੀ. ਦੀ ਟੀਮ ਕਈ ਵਾਰ ਜਲੰਧਰ ਆ ਕੇ ਅਸਲ ਸਥਿਤੀ ਆਪਣੀਆਂ ਅੱਖਾਂ ਨਾਲ ਦੇਖ ਚੁੱਕੀ ਹੈ। ਹੁਣ ਤਾਂ ਪੰਜਾਬ ਸਰਕਾਰ ਇਸ ਮਾਮਲੇ ’ਚ ਡਿਪਟੀ ਕਮਿਸ਼ਨਰ ਨੂੰ ਵੀ ਜ਼ਿੰਮੇਵਾਰੀ ਦੇ ਚੁੱਕੀ ਹੈ। ਰਮੇਸ਼ ਮਹਿੰਦਰੂ ਵੱਲੋਂ ਦਾਇਰ ਕੇਸ ਦੇ ਸਿਲਸਿਲੇ ’ਚ ਐੱਨ. ਜੀ. ਟੀ. ਸਾਹਮਣੇ ਹੁਣੇ ਜਿਹੇ ਜਲੰਧਰ ਨਿਗਮ ਨੇ ਜੋ ਜਵਾਬ ਦਾਇਰ ਕੀਤਾ ਹੈ ਉਸ ’ਚ ਨਿਗਮ ਨੇ ਜੋ ਜਵਾਬ ਦਾਇਰ ਕੀਤਾ ਹੈ ਉਸ ’ਚ ਨਿਗਮ ਅਧਿਕਾਰੀਆਂ ਨੇ ਕੂੜੇ ਦੀ ਪ੍ਰੋਸੈਸਿੰਗ ਅਤੇ ਮੈਨੇਜਮੈਂਟ ਨੂੰ ਲੈ ਕੇ ਕਈ ਯੋਜਨਾਵਾਂ ਦਾ ਜ਼ਿਕਰ ਕੀਤਾ ਹੈ ਪਰ ਪਤਾ ਲੱਗਾ ਕਿ ਨਗਰ ਨਿਗਮ ਦੀ ਵਧੇਰੇ ਪਲਾਨਿੰਗ ਅਤੇ ਯੋਜਨਾਵਾਂ ਬਣਨ ਤੋਂ ਪਹਿਲੇ ਹੀ ਫੇਲ ਹੁੰਦੀ ਜਾ ਰਹੀ ਹੈ।

ਇਹ ਵੀ ਪੜ੍ਹੋ- ਬਿਜਲੀ ਚੋਰੀ ਕਰਨ ਨੂੰ ਲੈ ਕੇ PSPCL ਦੀ ਵੱਡੀ ਕਾਰਵਾਈ

ਨਗਰ ਨਿਗਮ ਹੁਣ ਤਕ ਰੈਗ ਪਿਕਰਸ ਨੂੰ ਇਕ ਮੰਚ ’ਤੇ ਲਿਆਉਣ ਅਤੇ ਉਨ੍ਹਾਂ ਨੂੰ ਗਿੱਲਾ ਸੁੱਕਾ ਕੂੜਾ ਚੁੱਕਣ ਲਈ ਤਿਆਰ ਨਹੀਂ ਕਰ ਪਾਇਆ ਅਤੇ ਨਾ ਹੀ ਨਿਗਮ ਕੋਲ ਇਸ ਲਈ ਮਸ਼ੀਨਰੀ ਹੈ। ਵਰਿਆਣਾ ਡੰਪ ’ਤੇ ਪਏ ਪੁਰਾਣੇ ਕੂੜੇ ਨੂੰ ਬਾਇਓ ਮਾਈਨਿੰਗ ਪ੍ਰਾਜੈਕਟ ਲਗਾ ਕੇ ਖਤਮ ਕਰਨ ਦੀ ਪਲਾਨਿੰਗ ਵੀ ਕਈ ਵਾਰ ਫੇਲ ਹੋ ਚੁੱਕੀ ਹੈ ਅਤੇ ਹੁਣ ਵੀ ਕਾਮਯਾਬ ਹੁੰਦੀ ਨਹੀਂ ਦਿੱਸ ਰਹੀਂ ਕਿਉਂਕਿ ਉਥੇ ਸਿਰਫ਼ ਮੋਬਾਇਲ ਅਤੇ ਛੋਟੀ ਜਿਹੀ ਮਸ਼ੀਨਰੀ ਲਿਆਈ ਗਈ ਸੀ। ਨਿਗਮ ਨੇ ਭੋਗਪੁਰ ’ਚ ਬਾਇਓਗੈਸ ਪਲਾਂਟ ਦੇ ਸੰਚਾਲਕਾਂ ਦੇ 100 ਟਨ ਹਰ ਰੋਜ਼ ਗਿੱਲਾ ਕੂੜਾ ਪ੍ਰੋਸੈਸ ਕਰਵਾਉਣ ਦੀ ਜੋ ਪਲਾਨਿੰਗ ਤਿਆਰ ਕੀਤੀ ਸੀ ਉਹ ਵੀ ਲੋਕਲ ਬਾਡੀਜ਼ ਮੰਤਰੀ ਅਤੇ ਲੋਕਾਂ ਦੇ ਵਿਰੋਧ ਕਾਰਨ ਖਤਮ ਹੋ ਚੁੱਕੀ ਹੈ। ਇਸ ਤਰ੍ਹਾਂ ਫੋਲੜੀਵਾਲ ’ਚ ਮੈਕੇਨਿਕਲ ਕੰਪੋਸਟਿੰਗ ਦਾ ਪ੍ਰਾਜੈਕਟ ਵੀ ਸਿਰੇ ਨਹੀਂ ਚੜ੍ਹ ਪਾ ਰਿਹਾ। ਮਲਟੀਲੇਅਰ ਪਲਾਸਟਿਕ ਨੂੰ ਰੀਸਾਈਕਲਿੰਗ ਲਈ ਫਿਲੌਰ ਭੇਜਣ ਦੀ ਪਲਾਨਿੰਗ ਬਣਾਈ ਗਈ ਸੀ ਪਰ ਉਸ ਪਲਾਂਟ ਦੇ ਸੰਚਾਲਕਾਂ ਨੇ ਵੀ ਜਲੰਧਰ ਨਿਗਮ ਤੋਂ ਪਲਾਸਟਿਕ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਸ਼ਹਿਰ ਦੇ ਕਈ ਡੰਪ ਥਾਵਾਂ ’ਤੇ ਪ੍ਰੋਸੈਸਿੰਗ ਦੀਆਂ ਛੋਟੀਆਂ ਮਸ਼ੀਨਾਂ ਲਗਾਉਣ ਦੀ ਪਲਾਨਿੰਗ ਵੀ ਹੁਣ ਤਕ ਸਿਰੇ ਨਹੀਂ ਚ਼ੜ੍ਹ ਪਾਈ ਹੈ। ਨਿਗਮ ਦਾ ਵੈਸਟ ਐਂਡ ਡਿਮੋਲਿਸ਼ਨ ਪਲਾਂਟ ਵੀ ਸਹੀ ਢੰਗ ਨਾਲ ਕੰਮ ਨਹੀਂ ਕਰ ਪਾ ਰਿਹਾ ਹੈ। ਜਮਸ਼ੇਰ ’ਚ ਲੱਗਣ ਜਾ ਰਹੇ ਬਾਇਓਗੈਸ ਪਲਾਂਟ ’ਚ ਵੀ ਨਿਗਮ 40 ਟਨ ਗਿੱਲੇ ਕੂੜੇ ਨੂੰ ਰੋਜ ਪ੍ਰੋਸੈੱਸ ਕਰਨਾ ਚਾਹ ਰਿਹਾ ਹੈ ਪਰ ਉਹ ਪਲਾਂਟ ਹੁਣ ਤਕ ਚਾਲੂ ਨਹੀਂ ਹੋਇਆ। ਨਗਰ ਨਿਗਮ ਨੇ ਸਿਰਫ਼ ਵਿਖਾਵੇ ਲਈ ਤਿੰਨ ਥਾਵਾਂ ’ਤੇ ਪਿਟ ਕੰਪੋਸਟਿੰਗ ਯੂਨਿਟ ’ਚ ਕੂੜੇ ਤੋਂ ਖਾਦ ਬਣਾਉਣ ਦਾ ਪ੍ਰਾਜੈਕਟ ਸ਼ੁਰੂ ਕਰ ਰੱਖਿਆ ਹੈ ਪਰ ਨੰਗਲ ਸ਼ਾਮਾ ਪਿਟਸ ਦਾ ਮਾਮਲਾ ਅਦਾਲਤ ’ਚ ਹੈ। ਬਸਤੀ ਸ਼ੇਖ ’ਚ ਬਣੀ ਪਿਟਸ ਦੇ ਉਪਰ ਛੱਤ ਹੀ ਨਹੀਂ ਹੈ। ਸਿਰਫ ਦਕੋਹਾ, ਬਡਿੰਗ ਅਤੇ ਫੋਲੜੀਵਾਲ ’ਚ ਥੋੜ੍ਹੇ ਨਾਲ ਕੂੜੇ ਤੋਂ ਖ਼ਾਦ ਤਿਆਰ ਕੀਤੀ ਜਾ ਰਹੀ ਹੈ ਪਰ ਉਸ ਦਾ ਪ੍ਰੋਸੈੱਸ ਵੀ ਕਾਫ਼ੀ ਹੌਲੀ ਹੈ। ਮੌਸਮ ਦੀ ਖਰਾਬੀ ਦੇ ਚਲਦੇ ਨਗਰ ਨਿਗਮ ਵਿੰਡ੍ਰੋ ਕੰਪੋਸਟਿੰਗ ਪ੍ਰਕਿਰਿਆ ਤੋਂ ਵੀ ਕੂੜੇ ਦੀ ਪ੍ਰੋਸੈਸਿੰਗ ਨਹੀਂ ਕਰ ਪਾ ਰਿਹਾ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਹੁਸ਼ਿਆਰਪੁਰ 'ਚ 3 ਗੈਂਗਸਟਰ ਗ੍ਰਿਫ਼ਤਾਰ, NRI'ਤੇ ਹੋਏ ਹਮਲੇ ਨਾਲ ਦੱਸਿਆ ਜਾ ਰਿਹੈ ਲਿੰਕ

ਛੁੱਟੀ ਵਾਲੇ ਦਿਨਾਂ ’ਚ ਵੀ ਬੈਠਕਾਂ ਅਤੇ ਦੌਰੇ ਕਰਨ ਦਾ ਸਿਲਸਿਲਾ ਜਾਰੀ, ਕਮਿਸ਼ਨਰ ਨੇ ਲਾਇਆ ਰਾਊਂਡ
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਪਈ ਡਾਂਟ ਤੋਂ ਬਾਅਦ ਜਲੰਧਰ ਨਿਗਮ ਦੇ ਅਧਿਕਾਰੀ ਕੂੜੇ ਦੀ ਮੈਨੈਜਮੈਂਟ ਅਤੇ ਪ੍ਰੋਸੈਸਿੰਗ ਨੂੰ ਲੈ ਕੇ ਹਰਕਤ ’ਚ ਆਏ ਹੋਏ ਹਨ। ਇਸ ਦੇ ਚਲਦੇ ਛੁੱਟੀ ਵਾਲੇ ਦਿਨਾਂ ’ਚ ਵੀ ਬੈਠਕਾਂ ਅਤੇ ਦੌਰੇ ਆਦਿ ਕਰਨ ਦਾ ਸਿਲਸਿਲਾ ਚੱਲ ਰਿਹਾ ਹੈ। 24 ਅਗਸਤ ਨੂੰ ਨਿਗਮ ’ਚ ਸ਼ਨੀਵਾਰ ਦੀ ਛੁੱਟੀ ਸੀ ਪਰ ਉਸ ਦਿਨ ਵੀ ਸੈਨੀਟੇਸ਼ਨ ਵਿਵਸਥਾ ਨੂੰ ਲੈਕੇ ਨਿਗਮ ਦੇ ਕਰੀਬ ਸਾਰੇ ਅਧਿਕਾਰੀਆਂ ਵਿਚ ਲੰਬੀ ਬੈਠਕ ਚੱਲੀ।
ਇਸ ਤੋਂ ਬਾਅਦ ਐਤਵਾਰ ਨੂੰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਪੁਆਇੰਟ ਕਮਿਸ਼ਨ ਪੁਨੀਤ ਸ਼ਰਮਾ ਅਤੇ ਕਈ ਹੋਰ ਅਧਿਕਾਰੀਆਂ ਨੂੰ ਨਾਲ ਲੈ ਕੇ ਫੋਲੜੀਵਾਲ, ਗਦੱਈਪੁਰ ਅਤੇ ਸ਼ਹਿਰ ਦੇ ਕੁਝ ਡੰਪਾਂ ਥਾਵਾਂ ਦਾ ਦੌਰਾ ਕੀਤਾ। ਦੌਰੇ ਦੌਰਾਨ ਕਈ ਜਗ੍ਹਾ ਸੜਕਾਂ ਦੀ ਖਸਤਾਹਾਲ ਸਥਿਤੀ ਨੂੰ ਵੀ ਦੇਖਿਆ ਗਿਆ ਅਤੇ ਕੂੜੇ ਦੀ ਮੈਨੇਜਮੈਂਟ ਅਤੇ ਪ੍ਰੋਸੈਸਿੰਗ ਨੂੰ ਲੈ ਕੇ ਵੀ ਕਈ ਤਰ੍ਹਾਂ ਦੀ ਪਲਾਨਿੰਗ ਬਣਾਈ ਗਈ।

ਇਹ ਵੀ ਪੜ੍ਹੋ-  ਸਕਾਰਪੀਓ ਤੇ ਐਕਟਿਵਾ ਵਿਚਾਲੇ ਜ਼ਬਰਦਸਤ ਟੱਕਰ, ਪਤਨੀ ਦੀਆਂ ਅੱਖਾਂ ਸਾਹਮਣੇ ਪਤੀ ਦੀ ਤੜਫ਼-ਤੜਫ਼ ਕੇ ਹੋਈ ਮੌਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News