ਸਿਆਸੀ ਦਬਾਅ ਦੇ ਬਾਵਜੂਦ ਨਾਜਾਇਜ਼ ਨਿਰਮਾਣਾਂ ’ਤੇ ਨਿਗਮ ਦਾ ਐਕਸ਼ਨ ਜਾਰੀ

Saturday, Feb 04, 2023 - 02:51 PM (IST)

ਸਿਆਸੀ ਦਬਾਅ ਦੇ ਬਾਵਜੂਦ ਨਾਜਾਇਜ਼ ਨਿਰਮਾਣਾਂ ’ਤੇ ਨਿਗਮ ਦਾ ਐਕਸ਼ਨ ਜਾਰੀ

ਜਲੰਧਰ (ਖੁਰਾਣਾ)–ਪੰਜਾਬ ਵਿਚ ਜਦੋਂ ਕਾਂਗਰਸ ਦੀ ਸਰਕਾਰ ਸੀ, ਉਦੋਂ ਜਲੰਧਰ ਵਰਗੇ ਵੱਡੇ ਸ਼ਹਿਰਾਂ ਵਿਚ ਨਾਜਾਇਜ਼ ਨਿਰਮਾਣਾਂ ਦਾ ਹੜ੍ਹ ਆ ਗਿਆ ਸੀ, ਜਿਸ ਕਾਰਨ ਉਸ ਕਾਰਜਕਾਲ ਦੌਰਾਨ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗਾ। ਉਸ ਦੌਰ ਵਿਚ ਬਿਲਡਰਾਂ ਦੇ ਨਾਲ-ਨਾਲ ਆਗੂਆਂ ਅਤੇ ਅਫ਼ਸਰਾਂ ਨੇ ਖੂਬ ਨੋਟ ਕਮਾਏ। ਜਦੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਆਸ ਜਾਗੀ ਸੀ ਕਿ ਇਸ ਸਿਸਟਮ ਵਿਚ ਕੋਈ ਬਦਲਾਅ ਹੋਵੇਗਾ ਅਤੇ ਸਰਕਾਰੀ ਦਫਤਰਾਂ ਵਿਚ ਫੈਲੇ ਭ੍ਰਿਸ਼ਟਾਚਾਰ ਵਿਚ ਕਮੀ ਆਵੇਗੀ ਪਰ ਅਜਿਹਾ ਹੁੰਦਾ ਦਿਸ ਨਹੀਂ ਰਿਹਾ।

ਨਗਰ ਨਿਗਮ ਦੀ ਸਖ਼ਤੀ ਦੇ ਬਾਵਜੂਦ ਸ਼ਹਿਰ ਵਿਚ ਇਸ ਸਮੇਂ ਅਣਗਿਣਤ ਨਾਜਾਇਜ਼ ਨਿਰਮਾਣ ਹੋ ਰਹੇ ਹਨ, ਜਿਨ੍ਹਾਂ ਨੂੰ ਲੈ ਕੇ ਨਿਗਮ ਅਧਿਕਾਰੀਆਂ ’ਤੇ ਕਾਫ਼ੀ ਸਿਆਸੀ ਦਬਾਅ ਵੀ ਪਾਇਆ ਜਾ ਰਿਹਾ ਹੈ। ਇਸਦੇ ਬਾਵਜੂਦ ਨਗਰ ਨਿਗਮ ਨੇ ਨਾਜਾਇਜ਼ ਨਿਰਮਾਣਾਂ ’ਤੇ ਐਕਸ਼ਨ ਜਾਰੀ ਰੱਖਿਆ ਹੋਇਆ ਹੈ। ਬੀਤੇ ਦਿਨੀਂ ਨਿਗਮ ਨੇ ਅਟਾਰੀ ਬਾਜ਼ਾਰ ਵਿਚ ਬਣ ਰਹੀ ਲਗਭਗ 40 ਦੁਕਾਨਾਂ ਵਾਲੀ ਮਾਰਕੀਟ ਨੂੰ ਡਿਮੋਲਿਸ਼ ਕਰਨ ਦਾ ਕੰਮ ਸ਼ੁਰੂ ਕੀਤਾ ਸੀ ਪਰ ਇਕ ਆਗੂ ਦਾ ਫੋਨ ਆ ਜਾਣ ਤੋਂ ਬਾਅਦ ਕੰਮ ਵਿਚਾਲੇ ਹੀ ਰੋਕਣਾ ਪਿਆ। ਮੰਨਿਆ ਜਾ ਰਿਹਾ ਹੈ ਕਿ ਕੁਝ ਦਿਨਾਂ ਬਾਅਦ ਉਥੇ ਦੁਕਾਨਾਂ ਦਾ ਫਿਰ ਨਿਰਮਾਣ ਸ਼ੁਰੂ ਹੋ ਜਾਵੇਗਾ। ਇਸੇ ਵਿਚਕਾਰ ਬੀਤੇ ਦਿਨ ਨਿਗਮ ਦੇ ਬਿਲਡਿੰਗ ਵਿਭਾਗ ਦੀ ਟੀਮ ਨੇ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਸੈਦਾਂ ਗੇਟ ਅਤੇ ਪ੍ਰਤਾਪ ਬਾਗ ਇਲਾਕੇ ਵਿਚ ਚੱਲ ਰਹੇ ਨਾਜਾਇਜ਼ ਨਿਰਮਾਣਾਂ ਦਾ ਕੰਮ ਰੁਕਵਾਇਆ ਅਤੇ ਨੋਟਿਸ ਜਾਰੀ ਕੀਤੇ। ਇਹ ਕਾਰਵਾਈ ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਦੀ ਦੇਖ-ਰੇਖ ਵਿਚ ਹੋਈ।

ਇਹ ਵੀ ਪੜ੍ਹੋ :ਜਲੰਧਰ ਦੇ ਦੌਰੇ 'ਤੇ CM ਭਗਵੰਤ ਮਾਨ, ਕਿਹਾ-ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਮੰਗਣ ਵਾਲੇ ਨਹੀਂ ਨੌਕਰੀ ਦੇਣ ਵਾਲੇ ਬਣਾਵਾਂਗੇ

ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਸੈਦਾਂ ਗੇਟ ਵਿਚ ਲਵਲੀ ਦੁਪੱਟਾ ਸੈਂਟਰ ਦੇ ਸਾਹਮਣੇ ਪਲਾਟ ਦੇ ਅੱਧੇ ਹਿੱਸੇ ’ਤੇ ਮਲਟੀਸਟੋਰੀ ਕਮਰਸ਼ੀਅਲ ਨਿਰਮਾਣ ਕੀਤਾ ਜਾ ਚੁੱਕਾ ਸੀ ਅਤੇ ਅੱਧੇੇ ਪਲਾਟ ਵਿਚ ਅਜਿਹਾ ਹੀ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਦੇ ਮੁਤਾਬਕ ਬਿਲਡਿੰਗ ਬਣਾਉਣ ਵਾਲੇ ਨੇ ਨਿਗਮ ਕੋਲ ਕੰਪ੍ਰੋਮਾਈਜ਼ ਪਲਾਨ ਭੇਜਿਆ ਸੀ, ਜਿਸ ਨੂੰ ਰਿਜੈਕਟ ਕੀਤਾ ਜਾ ਚੁੱਕਾ ਹੈ। ਦੂਜੀ ਕਾਰਵਾਈ ਪ੍ਰਤਾਪ ਬਾਗ ਵਿਚ ਪਾਲ ਹਸਪਤਾਲ ਅਤੇ 57 ਨੰਬਰ ਪਲਾਟ ਦੇ ਨੇੜੇ ਹੋਈ, ਜਿਥੇ ਚੋਰੀ-ਛਿਪੇ 3-4 ਦੁਕਾਨਾਂ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ। ਕੰਮ ਰੁਕਵਾ ਕੇ ਇਸ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ।

ਸਪੋਰਟਸ ਮਾਰਕੀਟ ਵਿਚ ਵੀ ਨਾਜਾਇਜ਼ ਨਿਰਮਾਣ ਦਾ ਮੌਕਾ ਵੇਖਿਆ
ਇਕ ਆਰ. ਟੀ. ਆਈ. ਵਰਕਰ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਨਿਗਮ ਟੀਮ ਨੇ ਸਪੋਰਟਸ ਮਾਰਕੀਟ ਵਿਚ ਐਕਟਿਵ ਸਪੋਰਟਸ ਦੇ ਨੇੜੇ ਚੱਲ ਰਹੇ ਨਿਰਮਾਣ ਦਾ ਵੀ ਮੌਕਾ ਵੇਖਿਆ। ਅਧਿਕਾਰੀਆਂ ਨੇ ਦੱਸਿਆ ਕਿ ਇਥੇ ਪੁਰਾਣੀ ਛੱਤ ਬਦਲਣ ਦੀ ਪਰਮਿਸ਼ਨ ਲਈ ਗਈ ਸੀ ਪਰ ਨਿਯਮਾਂ ਦੇ ਉਲਟ ਉਥੇ ਨਿਰਮਾਣ ਚੱਲ ਰਿਹਾ ਹੈ ਅਤੇ ਅੰਦਰਖਾਤੇ ਬਿਲਡਿੰਗ ਤਿਆਰ ਕੀਤੀ ਜਾ ਰਹੀ ਹੈ। ਇਹ ਪਤਾ ਨਹੀਂ ਲੱਗ ਸਕਿਆ ਕਿ ਨਿਗਮ ਨੇ ਇਸ ਨਿਰਮਾਣ ’ਤੇ ਕੋਈ ਕਾਰਵਾਈ ਕੀਤੀ ਹੈ ਜਾਂ ਨਹੀਂ।

ਇਹ ਵੀ ਪੜ੍ਹੋ :ਜਲੰਧਰ: 6 ਦਿਨ ਲੁੱਟਾਂਖੋਹਾਂ, ਸਿਰਫ਼ ਛੱਡਿਆ ਵੀਰਵਾਰ ਦਾ ਦਿਨ, ਲੁਟੇਰਿਆਂ ਦੇ ਤਰੀਕੇ ਨੂੰ ਜਾਣ ਪੁਲਸ ਵੀ ਹੋਈ ਹੈਰਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News