ਸ੍ਰੀ ਅਨੰਦਪੁਰ ਸਾਹਿਬ ਵਿਖੇ ਨਾਜਾਇਜ਼ ਮਾਈਨਿੰਗ ਕਰਦੀਆਂ 3 ਮਸ਼ੀਨਾਂ ਅਤੇ 11 ਟਿੱਪਰ ਪੁਲਸ ਵੱਲੋਂ ਕਾਬੂ
Wednesday, May 29, 2024 - 01:42 PM (IST)
ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)-ਸਥਾਨਕ ਪੁਲਸ ਵੱਲੋਂ ਬੀਤੀ ਦੇਰ ਰਾਤ ਨੇੜਲੇ ਪਿੰਡ ਅਗੰਮਪੁਰ ਦੇ ਨਜ਼ਦੀਕ ਬਣੇ ਕ੍ਰੈਸ਼ਰ ਜ਼ੋਨ ਵਿਚ ਨਾਜਾਇਜ਼ ਮਾਈਨਿੰਗ ਕਰਦੀਆਂ ਤਿੰਨ ਮਸ਼ੀਨਾਂ ਅਤੇ 11 ਟਿੱਪਰਾਂ ਨੂੰ ਮੌਕੇ ਤੋਂ ਕਾਬੂ ਕਰਕੇ ਅਣਪਛਾਤੇ ਮਾਲਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਹਿੰਮਤ ਸਿੰਘ ਨੇ ਦੱਸਿਆ ਕਿ ਮਿਲੀ ਜਾਣਕਾਰੀ ਤੋਂ ਬਾਅਦ ਪੁਲਸ ਵੱਲੋਂ ਅਗੰਮਪੁਰ ਜ਼ੋਨ ਵਿਚ ਬੀਤੀ ਦੇਰ ਰਾਤ ਛਾਪਾ ਮਾਰ ਕੇ ਨਾਜਾਇਜ਼ ਮਾਈਨਿੰਗ ਕਰਦੀਆਂ ਤਿੰਨ ਮਸ਼ੀਨਾਂ ਅਤੇ 11 ਟਿੱਪਰਾਂ ਨੂੰ ਮੌਕੇ ’ਤੇ ਹੀ ਫੜਿਆ ਗਿਆ।
ਉਨ੍ਹਾਂ ਦੱਸਿਆ ਕਿ ਮਸ਼ੀਨਾਂ ਅਤੇ ਟਿੱਪਰਾਂ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਦੇ ਅਣਪਛਾਤੇ ਮਾਲਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਵਲੋਂ ਅੱਗੋਂ ਤਫ਼ਤੀਸ਼ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਦੱਸਣਯੋਗ ਹੈ ਕਿ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰੂਪਨਗਰ ਵਿਧਾਨ ਸਭਾ ਦੇ ਇੰਚਾਰਜ ਬਰਿੰਦਰ ਸਿੰਘ ਢਿੱਲੋ ਵੱਲੋਂ ਬੀਤੀ ਰਾਤ ਤਕਰੀਬਨ 2 ਵਜੇ ਦੇ ਕਰੀਬ ਨੇੜਲੇ ਪਿੰਡ ਅਗੰਮਪੁਰ ਵਿਖੇ ਨਾਜਾਇਜ਼ ਮਾਈਨਿੰਗ ਕਰਦੇ ਕ੍ਰੈਸ਼ਰਾਂ ਵਾਲਿਆਂ ਦਾ ਲਾਈਵ ਹੋ ਕੇ ਭਾਂਡਾ ਭੰਨਿਆ ਗਿਆ ਸੀ।
ਇਹ ਵੀ ਪੜ੍ਹੋ- ਜਲੰਧਰ 'ਚ 5ਵੀਂ ਜਮਾਤ ਦੀ ਬੱਚੀ ਨਾਲ ਟੀਚਰ ਵੱਲੋਂ ਕੀਤੇ ਗਏ ਜਿਣਸੀ ਸ਼ੋਸ਼ਣ ਦੇ ਮਾਮਲੇ 'ਚ ਸਖ਼ਤ ਐਕਸ਼ਨ
ਬਰਿੰਦਰ ਢਿੱਲੋ ਦੇ ਲਾਈਵ ਹੋਣ ਤੋਂ ਬਾਅਦ ਹਰਕਤ ਵਿਚ ਆਏ ਪ੍ਰਸ਼ਾਸਨ ਵੱਲੋਂ ਮੌਕੇ ’ਤੇ ਪਹੁੰਚ ਕੇ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਲਾਈਵ ਹੋਏ ਬਰਿੰਦਰ ਢਿੱਲੋ ਨੇ ਤਾਂ ਇਥੋਂ ਤੱਕ ਦਾਅਵਾ ਕੀਤਾ ਸੀ ਕਿ ਕ੍ਰੈਸ਼ਰ ਜ਼ੋਨ ਵਿਚ ਦਰਜਨ ਤੋਂ ਵੱਧ ਮਸ਼ੀਨਾਂ ਅਤੇ 50 ਦੇ ਕਰੀਬ ਟਿੱਪਰ ਨਾਜਾਇਜ਼ ਮਾਈਨਿੰਗ ਵਿਚ ਲੱਗੇ ਹੋਏ ਸਨ। ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ਨੂੰ ਬੰਦ ਕਰਨ ਦੇ ਮੁੱਦੇ ’ਤੇ ਪੰਜਾਬ ਅੰਦਰ ਆਪਣੀ ਸਰਕਾਰ ਬਣਾਉਣ ਵਾਲੇ ਭਗਵੰਤ ਮਾਨ ਇਸ ਮੁੱਦੇ ’ਤੇ ਹੁਣ ਚੁੱਪ ਕਿਉਂ ਹਨ।
ਇਹ ਵੀ ਪੜ੍ਹੋ- ਜਲੰਧਰ 'ਚ ਦਰਦਨਾਕ ਹਾਦਸਾ: ਸਵੀਮਿੰਗ ਪੂਲ ਤੱਕ 13 ਸਾਲਾ ਬੱਚੇ ਨੂੰ ਖਿੱਚ ਲਿਆਈ ਮੌਤ, ਤੜਫ਼-ਤੜਫ਼ ਕੇ ਨਿਕਲੀ ਜਾਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8