ਡਿਊਟੀ ਤੋਂ ਪਰਤ ਰਹੇ ਪੁਲਸ ਮੁਲਾਜ਼ਮ ਦੀ ਆਵਾਰਾ ਪਸ਼ੂ ਨਾਲ ਟਕਰਾ ਕੇ ਮੌਤ

Monday, Sep 03, 2018 - 04:33 AM (IST)

 ਸੁਲਤਾਨਪੁਰ ਲੋਧੀ,  (ਧੀਰ)–  ਬੀਤੀ ਰਾਤ ਇਕ ਪੁਲਸ ਕਰਮਚਾਰੀ ਦੀ ਡਿਊਟੀ ਤੋਂ ਵਾਪਸ ਪਰਤਣ ਸਮੇਂ ਕਿਸੇ ਬੇਸਹਾਰਾ ਜਾਨਵਰ ਦੇ ਨਾਲ ਟਕਰਾ ਕੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਰਬਜੀਤ ਸਿੰਘ ਨੇ ਦਸਿਆ ਕਿ ਪੰਜਾਬ ਪੁਲਸ ’ਚ ਹੌਲਦਾਰ ਕੁਲਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਬੀਤੀ ਰਾਤ ਕਰੀਬ 10 ਵਜੇ ਥਾਣਾ ਕਬੀਰਪੁਰ ਤੋਂ ਨਾਕੇ ’ਤੇ ਸਪੈਸ਼ਲ ਡਿਊਟੀ ਤੋਂ ਵਾਪਸ ਘਰ ਨੂੰ ਪਰਤ ਰਿਹਾ ਸੀ ਤਾਂ ਪਿੰਡ ਬੂਸੋਵਾਲ ਪੁਲਸ ਮਾਰਗ ’ਤੇ ਉਹ ਸਡ਼ਕ ’ਤੇ ਘੁੰਮ ਰਹੇ ਲਾਵਾਰਸ ਪਸ਼ੂ  ਨਾਲ ਟਕਰਾ ਗਿਆ, ਜਿਸ ਦੌਰਾਨ ਉਸ ਦੇ ਸਿਰ ’ਤੇ  ਡੂੰਘੀ ਸੱਟ ਲੱਗੀ ਤੇ ਉਸ ਦੀਆਂ ਲੱਤਾਂ ਵੀ ਟੁੱਟ ਗਈਆਂ। ਕਿਸੇ ਰਾਹਗੀਰ ਵਲੋਂ ਉਸ ਦੇ ਘਰ  ਖਬਰ ਦੇਣ ’ਤੇ ਜਦੋਂ ਉਸ ਦੇ ਘਰ ਦੇ ਮੈਂਬਰ ਉਸ ਨੂੰ ਹਸਪਤਾਲ ਵਿਖੇ ਲੈ ਕੇ ਜਾਣ ਲੱਗੇ ਤਾਂ ਉਸ ਨੇ ਜ਼ਖਮਾਂ ਦੀ ਤਾਬ ਨਾ ਝਲਦੇ ਹੋਏ ਰਸਤੇ ’ਚ ਹੀ ਦਮ ਤੋਡ਼ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਖਬਰ ਮਿਲਣ ’ਤੇ ਏ. ਐੱਸ. ਆਈ. ਕਿਰਪਾਲ ਸਿੰਘ ਏ. ਐੱਸ. ਆਈ. ਅਮਰਜੀਤ ਸਿੰਘ ਮ੍ਰਿਤਕ ਹੌਲਦਾਰ ਦੇ ਘਰ ਪੁੱਜੇ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਹੌਲਦਾਰ ਕੁਲਦੀਪ ਸਿੰਘ ਆਪਣੇ ਪਿਛੇ ਪਤਨੀ ਤੇ ਇਕ ਲਡ਼ਕਾ ਛੱਡ ਗਿਆ ਹੈ, ਜਦਕਿ ਉਸ ਦੀ ਲਡ਼ਕੀ  ਦਾ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਧਾਰਾ 174 ਦੇ ਤਹਿਤ ਕਾਰਵਾਈ ਕਰਦਿਆਂ ਲਾਸ਼ ਨੂੰ ਘਰ ਦੇ ਮੈਂਬਰਾਂ ਨੂੰ  ਦਿੱਤਾ  ਗਿਆ  ਹੈ।  ਉਨ੍ਹਾਂ ਦੱਸਿਆ ਕਿ ਮ੍ਰਿਤਕ ਹੌਲਦਾਰ ਦੇ ਪਹਿਲਾਂ ਵੀ ਕਿਸੇ ਦੁਰਘਟਨਾ ’ਚ ਸਿਰ ’ਤੇ ਗੰਭੀਰ ਸੱਟ ਲੱਗੀ ਹੋਈ ਸੀ। ਇਸ ਮੌਕੇ ਐੱਚ. ਸੀ. ਰਣਜੀਤ ਸਿੰਘ, ਐੱਚ. ਸੀ. ਸ਼ਾਮ ਲਾਲ ਆਦਿ ਵੀ ਹਾਜ਼ਰ ਸਨ।
 


Related News