ਪੁਲਸ ਨੇ ਸਕੂਲੀ ਬੱਸਾਂ ਦੀ ਕੀਤੀ ਚੈਕਿੰਗ, ਕੱਟੇ ਚਲਾਨ

02/19/2020 12:47:32 AM

ਫਗਵਾਡ਼ਾ, (ਹਰਜੋਤ)- ਬੀਤੇ ਦਿਨ ਲੌਂਗੋਵਾਲ ਵਿਖੇ ਇਕ ਸਕੂਲ ਵੈਨ ਨੂੰ ਅੱਗ ਲੱਗਣ ਕਾਰਣ ਵਾਪਰੀ ਦਰਦਨਾਕ ਘਟਨਾ ਤੋਂ ਬਾਅਦ ਪ੍ਰਸ਼ਾਸਨ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਜਿਸ ਤਹਿਤ ਇਥੋਂ ਦੇ ਐੱਸ. ਡੀ. ਐੱਮ. ਨੇ ਕੱਲ ਤੋਂ ਸ਼ੁਰੂ ਕੀਤੀ ਮੁਹਿੰਮ ਦੌਰਾਨ ਅੱਜ ਵੀ ਕਾਗਜ਼ਾਂ ਦੀ ਘਾਟ ਕਾਰਣ 14 ਬੱਸਾਂ ਬੰਦ ਕਰ ਦਿੱਤੀਆਂ ਹਨ ਅਤੇ 46 ਬੱਸਾਂ ਦੇ ਚਲਾਨ ਕੀਤੇ ਹਨ। ਐੱਸ. ਡੀ. ਐੱਮ. ਗੁਰਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਚੈਕਿੰਗ ਦੌਰਾਨ ‘ਸੇਫ਼ ਸਕੂਲ ਵਾਹਨ ਸਕੀਮ’ ਦੌਰਾਨ ਬਣੇ ਨਿਯਮਾਂ ’ਚ ਮਹਿਲਾ ਅਟੈਂਡੈਂਟ, ਸੀ. ਸੀ. ਟੀ. ਵੀ. ਕੈਮਰੇ, ਡਰਾਈਵਰ ਦੇ ਵਰਦੀ ਅਤੇ ਬੱਸਾਂ ’ਤੇ ਨਾਂ ਨਾ ਲਿਖਣਾ, ਸਪੀਡ ਗਵਰਨਰ, ਅੱਗ ਬੁਝਾਊ ਜੰਤਰ ਨਾ ਹੋਣਾ, ਜ਼ਿਆਦਾ ਬੱਚੇ ਲੱਦ ਕੇ ਲਿਜਾਣ ਵਰਗੀਆਂ ਅਨੇਕਾਂ ਖਾਮੀਆਂ ਪਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ।

ਸੁਲਤਾਨਪੁਰ ਲੋਧੀ, (ਧੀਰ)-ਲੌਂਗੋਵਾਲ ਸਕੂਲ ਵੈਨ ਹਾਦਸੇ ’ਚ ਚਾਰ ਮਾਸੂਮਾਂ ਦੀ ਮੌਤ ਤੋਂ ਬਾਅਦ ਪੂਰੇ ਸੂਬੇ ਵਾਂਗ ਪਾਵਨ ਨਗਰੀ ਸੁਲਤਾਨਪੁਰ ਲੋਧੀ ’ਚ ਵੀ ਪ੍ਰਸ਼ਾਸਨ ਵਲੋਂ ਬੀਤੇ ਦਿਨ ਕੀਤੀ ਸਖਤੀ ਅਤੇ ਸਕੂਲੀ ਬੱਸਾਂ , ਵੈਨਾਂ ਦੀ ਕੀਤੀ ਚੈਕਿੰਗ ਦਾ ਅਭਿਆਨ ਅੱਜ ਵੀ ਐੱਸ. ਐੱਚ. ਓ. ਸੁਲਤਾਨਪੁਰ ਲੋਧੀ ਇੰਸ. ਸਰਬਜੀਤ ਸਿੰਘ ਦੀ ਅਗਵਾਈ ਹੇਠ ਜਾਰੀ ਰਿਹਾ। ਪੁਲਸ ਮੁਲਾਜ਼ਮਾਂ ਨੇ ਅੱਜ ਸਕੂਲ ਲੱਗਣ ਸਮੇਂ ਹੀ ਸਡ਼ਕਾਂ ਮੱਲ ਲਈਆਂ ਤੇ ਹਰੇਕ ਸਕੂਲੀ ਬੱਸਾਂ ਦੀ ਪੂਰੀ ਡੂੰਘਾੲੀ ਨਾਲ ਜਾਂਚ ਕੀਤੀ। ਮਾਣਯੋਗ ਹਾਈ ਕੋਰਟ ਵਲੋਂ ਦਿੱਤੇ ਗਏ ਨਿਰਦੇਸ਼ਾਂ ਦੇ ਉਲਟ ਜਿਨ੍ਹਾਂ ਸਕੂਲੀ ਵਾਹਨਾਂ ਦੇ ਕੋਲ ਕਾਗਜ਼ਾਤ ਪੂਰੇ ਨਹੀਂ ਸਨ ਉਨ੍ਹਾਂ ਦੇ ਚਲਾਣ ਕੱਟੇ ਗਏ ਤੇ ਟ੍ਰੈਫਿਕ ਨਿਯਮਾਂ ਦੀ ਧੱਜੀਆਂ ਉਡਾਉਂਦੇ ਪੁਰਾਣੇ ਵਾਹਨ ਜਿਨ੍ਹਾਂ ’ਚ ਬੱਸਾਂ, ਟੈਂਪੂ ਟਰੈਵਲ, ਵੈਨਾਂ ਨੂੰ ਜ਼ਬਤ ਕੀਤਾ ਗਿਆ। ਐੱਸ. ਐੱਚ. ਓ. ਨੇ ਦੱਸਿਆ ਕਿ 2 ਦਿਨਾਂ ’ਚ ਪੁਲਸ ਨੇ ਕੁੱਲ 20 ਬੱਸਾਂ ਦੇ ਚਲਾਨ ਕੱਟੇ ਤੇ 7 ਨੂੰ ਜ਼ਬਤ ਕੀਤਾ। ਉਨ੍ਹਾਂ ਕਿਹਾ ਕਿਸੇ ਨੂੰ ਵੀ ਬੱਚਿਆਂ ਦੇ ਜੀਵਨ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਸਮਾਜ ਸੇਵੀ ਲੋਕਾਂ ਅਤੇ ਜਥੇਬੰਦੀਆਂ ਦੇ ਆਗੂਆਂ ਕਾਮਰੇਡ ਬਲਦੇਵ ਸਿੰਘ, ਮਾ. ਚਰਨ ਸਿੰਘ, ਐਡ. ਗੁਰਮੀਤ ਸਿੰਘ ਵਿਰਦੀ, ਐਡ. ਸਤਨਾਮ ਸਿੰਘ ਮੋਮੀ ਆਦਿ ਨੇ ਕਿਹਾ ਕਿ ਮਾਸੂਮ ਬੱÎਚਿਆਂ ਨੂੰ ਵਿੱਦਿਆ ਦੇਣ ਦਾ ਕਾਰਜ ਵਪਾਰੀਆਂ ਦੇ ਹੱਥ ਸੌਂਪਿਆ ਜਾਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿੱਦਿਆ ਦੇ ਨਿੱਜੀਕਰਨ ਤੇ ਵਪਾਰੀਕਰਨ ਨਾਲ ਜਿਥੇ ਮਾਸੂਮ ਬੱਚਿਆਂ ਨੂੰ ਭਿਆਨਕ ਹਾਦਸਿਆਂ ਦੇ ਮੂੰਹ ’ਚ ਧੱਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਜ਼ਰੂਰੀ ਹੈ ਕਿ ਸਰਕਾਰ ਸਕੂਲਾਂ ਦੇ ਪ੍ਰਬੰਧ ਨੂੰ ਬਿਹਰਤ ਬਣਾਏ।


Bharat Thapa

Content Editor

Related News