ਪੁਲਸ ਵੱਲੋਂ ਇਕ ਬੱਚੇ ਸਮੇਤ ਚੋਰ ਗਿਰੋਹ ਦੇ 3 ਮੈਂਬਰ ਕਾਬੂ

11/14/2018 1:03:52 AM

 ਬੰਗਾ,   (ਚਮਨ ਲਾਲ, ਰਾਕੇਸ਼,ਪੂਜਾ, ਮੂੰਗਾ)-  ਥਾਣਾ ਸਿਟੀ ਬੰਗਾ ਦੀ ਪੁਲਸ ਪਾਰਟੀ ਨੂੰ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਜਦੋਂ ਇਕ ਮੁਖਬਰ ਖਾਸ ਦੁਆਰਾ ਮਿਲੀ ਇਤਲਾਹ ’ਤੇ ਕੀਤੀ ਛਾਪੇਮਾਰੀ ਦੌਰਾਨ ਚੋਰੀ ਦੇ ਸਾਮਾਨ ਸਮੇਤ ਇਕ ਬੱਚੇ ਸਣੇ ਤਿੰਨ ਹੋਰ ਵਿਅਕਤੀਅਾਂ ਨੂੰ ਕਾਬੂ ਕਰ ਲਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਅਾਂ ਡੀ.ਐੱਸ.ਪੀ. ਬੰਗਾ  ਦੀਪਿਕਾ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਅਾਂ ਤੋਂ ਬੰਗਾ ਤੇ ਇਸ ਦੇ ਨਾਲ ਲੱਗਦੇ ਖੇਤਰਾਂ ’ਚ ਆਏ ਦਿਨ ਚੋਰ  ਐੱਨ.ਆਰ.ਆਈਜ਼ ਦੀਅਾਂ ਕੋਠੀਅਾਂ ਦੇ ਨਾਲ  ਹੋਰ ਬੰਦ ਪਈਅਾਂ ਕੋਠੀਅਾਂ ’ਚ ਚੋਰੀਅਾਂ ਕਰਦੇ ਸਨ ਤੇ ਸਾਮਾਨ ਸਥਾਨਕ ਸੋਤਰਾ ਰੋਡ ਨਿਵਾਸੀ ਇਕ ਕਬਾਡ਼ੀਏ ਨੂੰ ਵੇਚ ਦਿੱਤਾ ਜਾਂਦਾ ਸੀ।  
 ਉਨ੍ਹਾਂ ਦੱਸਿਆ ਕਿ ਥਾਣਾ ਸਿਟੀ ਬੰਗਾ ਦੇ ਐੱਸ. ਐੱਚ. ਓ. ਗੋਪਾਲ ਕ੍ਰਿਸ਼ਨ ਤੇ ਉਨ੍ਹਾਂ ਦੀ ਪੁਲਸ ਪਾਰਟੀ ਜਿਸ ਵਿਚ ਏ.ਐੱਸ.ਆਈ. ਬਲਬੀਰ ਸਿੰਘ, ਏ. ਐੱਸ. ਆਈ. ਤਰਸੇਮ ਸਿੰਘ ,ਐੱਚ. ਸੀ. ਧਰਮਵੀਰ, ਕਾਂਸਟੇਬਲ ਸੰਦੀਪ ਕੁਮਾਰ, ਸਿਪਾਹੀ ਨਰੇਸ਼ ਕੁਮਾਰ, ਸਿਪਾਹੀ ਸੁਖਪ੍ਰੀਤ ਸਿੰਘ, ਸਿਪਾਹੀ ਵਰਿੰਦਰ ਕੁਮਾਰ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਵੱਲੋਂ ਬੰਗਾ ਮੁਕੰਦਪੁਰ ਰੋਡ ’ਤੇ ਨਜ਼ਦੀਕ ਰੇਲਵੇ ਕਰਾਸਿੰਗ ’ਤੇ ਲੱਗੇ ਨਾਕੇ ਦੌਰਾਨ  ਮਨੋਜ ਉਰਫ ਗੰਜੂ ਪੁੱਤਰ ਵਿਨੋਦ ਕੁਮਾਰ, ਚੀਮਾ ਉਰਫ ਤੇਜੀ ਪੁੱਤਰ ਰਾਜੇਸ਼ ਕੁਮਾਰ ਦੋਵੇਂ ਵਾਸੀ ਸੋਤਰਾ ਰੋਡ ਬੰਗਾ ਅਤੇ ਇਕ 15 ਸਾਲ ਦੇ ਛੋਟੇ ਬੱਚੇ ਨੂੰ  ਕਾਬੂ ਕਰ ਕੇ ਇਨ੍ਹਾਂ ਪਾਸੋਂ 2 ਐੱਲ. ਈ. ਡੀਜ਼, ਇਕ ਗੈਸ ਸਿਲੰਡਰ ਬਰਾਮਦ ਕੀਤਾ। ਜਦੋਂ ਇਨ੍ਹਾਂ ਨੂੰ ਥੋਡ਼੍ਹਾ ਸਖਤੀ ਨਾਲ ਪੁੱਛਿਆ ਗਿਆ ਤਾਂ ਇਨ੍ਹਾਂ ਨੇ ਦੱਸਿਆ ਕਿ ਉਹ ਕਈ ਬੰਦ ਪਈਅਾਂ ਕੋਠੀਅਾਂ ਵਿਚੋਂ ਟੂਟੀਅਾਂ, ਇਨਵਰਟਰ ਬੈਟਰਾ  ਤੇ ਸੋਨੇ ਆਦਿ ਦੇ ਗਹਿਣੇ ਚੋਰੀ ਕਰ ਚੁੱਕੇ ਹਨ ਤੇ ਉਪਰੋਕਤ ਚੋਰੀ ਕੀਤਾ ਸਾਮਾਨ   ਸੰਜੇ ਉਰਫ ਰਤਨਾ ਜੋ ਸੋਤਰਾ ਰੋਡ ’ਤੇ ਕਬਾਡ਼ ਦਾ ਕੰੰਮ ਕਰਦਾ ਹੈ ਉਸ ਨੂੰ ਵੇਚ ਦਿੰਦੇ ਸਨ। ਜਿਸ ’ਤੇ ਸੰਜੇ ਉਰਫ ਰਤਨਾ ਨੂੰ ਵੀ ਮੁਖਬਰੀ ਦੀ ਇਤਲਾਹ ’ਤੇ ਕਾਬੂ ਕੀਤਾ ਗਿਆ ਤੇ ਜਿਸ ਪਾਸੋਂ ਚੋਰੀ ਕੀਤੀਅਾਂ 45 ਕਿਲੋ ਵਜ਼ਨੀ ਟੂਟੀਅਾਂ, 2 ਬੈਟਰੇ, ਕੱਟਿਆ ਸਰੀਆ ਵਜ਼ਨ 86 ਕਿਲੋ, ਕੱਟੀਅਾਂ ਹੋਈਅਾਂ ਸਟੀਲ  ਦੀਅਾਂ ਪੌਡ਼ੀਅਾਂ ਵਜ਼ਨ 35.5 ਕਿਲੋ ਤੇ ਸਮੇਤ ਇਕ ਗੱਡੀ ਮਾਰਕਾ ਟਾਟਾ ਏਸ ਬਰਾਮਦ ਕੀਤੀ ਗਈ। ਜਿਸ ਨਾਲ ਹੁਣ ਤੱਕ ਹੋਈਅਾਂ ਕੁਲ 9 ਦੇ ਕਰੀਬ ਚੋਰੀਅਾਂ ਵਿਚੋਂ 5 ਵੱਖ-ਵੱਖ ਥਾਵਾਂ ’ਤੇ ਕੀਤੀਅਾਂ ਚੋਰੀਅਾਂ ਵਾਰੇ ਪਤਾ ਲੱਗ ਸਕਿਆ ਹੈ।  ਇਨ੍ਹਾਂ ਦੇ 6 ਹੋਰ ਸਾਥੀਅਾਂ ਦੀ ਪੁਲਸ ਭਾਲ ਵਿਚ ਹੈ।  ਉਕਤ ਮੁਲਜ਼ਮਾਂ ਨੂੰ ਅੱਜ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਜਾਵੇਗਾ ਤਾਂ ਜੋ ਹੋਰ ਵਾਰਦਾਤਾਂ ਦਾ ਵੀ ਪਤਾ ਲੱਗ ਸਕੇ।
 


Related News