ਨਾਕੇਬੰਦੀ ਦੌਰਾਨ ਪਿਸਤੌਲ ਅਤੇ ਮੋਟਰਸਾਈਕਲ ਬਰਾਮਦ
Saturday, Aug 17, 2019 - 06:16 AM (IST)

ਬਟਾਲਾ, (ਬੇਰੀ)– ਪੰਜਾਬ ਪੁਲਸ ਵਲੋਂ ਡੂੰਘਾਈ ਨਾਲ ਕੀਤੀ ਜਾ ਰਹੀ ਜਾਂਚ ਦੌਰਾਨ ਬਟਾਲਾ ਪੁਲਸ ਨੇ ਇਕ ਪਿਸਤੌਲ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ, ਜਦ ਕਿ ਹਨੇਰੇ ਦਾ ਫਾਇਦਾ ਚੁੱਕ ਕੇ ਕਥਿਤ ਮੁਲਜ਼ਮ ਭੱਜਣ ’ਚ ਸਫਲ ਹੋ ਗਿਆ ਪਰ ਪੁਲਸ ਨੇ ਮੋਟਰਸਾਈਕਲ ਦੇ ਕਾਗਜ਼ਾਂ ਦੇ ਆਧਾਰ ’ਤੇ ਮੁਲਜ਼ਮ ਦੀ ਪਛਾਣ ਕਰ ਕੇ ਉਸਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਜ਼ਿਲਿਆਂ ਵਾਂਗ ਹੀ ਬਟਾਲਾ ਨੂੰ ਵੀ ਹਾਈ ਅਲਰਟ ’ਤੇ ਰੱਖਿਆ ਗਿਆ ਸੀ ਅਤੇ ਇਸ ਲਈ ਪੁਲਸ ਜ਼ਿਲੇ ਦੇ ਵੱਖ-ਵੱਖ ਸੰਵੇਦਨਸ਼ੀਲ ਇਲਾਕਿਆਂ ’ਚ 40 ਦੇ ਕਰੀਬ ਪੁਲਸ ਨਾਕੇ ਲਾਏ ਗਏ ਸਨ। ਜਿਨ੍ਹਾਂ ’ਚ ਵੱਖ-ਵੱਖ ਥਾਣਿਆਂ ਦੇ ਐੱਸ. ਐੱਚ. ਓਜ਼ ਅਤੇ ਚੌਕੀ ਇੰਚਾਰਜ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਇਸੇ ਦੌਰਾਨ ਇਕ ਨਾਕਾ ਐੱਸ. ਐੱਚ. ਓ. ਘਣੀਏ-ਕੇ-ਬਾਂਗਰ ਦੀ ਅਗਵਾਈ ’ਚ ਪੁਲ ਜਾਗਲਾ ਵਿਖੇ ਲਾਇਆ ਗਿਆ ਸੀ ਅਤੇ ਜਦੋਂ ਐੱਸ. ਐੱਚ. ਓ. ਨੇ ਇਕ ਬਿਨਾਂ ਨੰਬਰ ਕਾਲੇ ਰੰਗ ਦੇ ਮੋਟਰਸਾਈਕਲ ਸਵਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਰੁਕਣ ਦੀ ਬਜਾਏ ਮੋਟਰਸਾਈਕਲ ਛੱਡ ਕੇ ਹਨੇਰੇ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਿਆ।
ਐੱਸ. ਐੱਸ. ਪੀ. ਘੁੰਮਣ ਨੇ ਦੱਸਿਆ ਕਿ ਜਦੋਂ ਉਕਤ ਮੋਟਰਸਾਈਕਲ ਦੀ ਤਲਾਸ਼ੀ ਲਈ ਤਾਂ ਮੋਟਰਸਾਈਕਲ ’ਚੋਂ ਇਕ ਪਿਸਤੌਲ ਅਤੇ ਸਬੰਧਤ ਕਾਗਜ਼ ਬਰਾਮਦ ਹੋਏ। ਕਾਗਜ਼ਾਂ ਦੇ ਆਧਾਰ ’ਤੇ ਮੋਟਰਸਾਈਕਲ ਮਾਲਕ ਦੀ ਪਛਾਣ ਜੋਬਨਜੀਤ ਸਿੰਘ ਉਰਫ ਬਿੱਲਾ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਜੋਧਾ ਨਗਰੀ ਪੁਲਸ ਸਟੇਸ਼ਨ ਤਰਸਿੱਕਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਘਣੀਏ ਕੇ ਬਾਂਗਰ ਵਿਖੇ ਮੁਕੱਦਮਾ ਨੰ. 60 ਅਸਲਾ ਐਕਟ ਤਹਿਤ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਦੀ ਭਾਲ ਲਈ ਪੁਲਸ ਪਾਰਟੀਆਂ ਵੱਲੋਂ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।