ਪੈਟਰੋਲ ਪੰਪ ''ਤੇ ਹੋਈ ਲੁੱਟ ਨਹੀਂ ਟਰੇਸ ਕਰ ਸਕੀ ਪਤਾਰਾ ਪੁਲਸ

09/18/2019 5:46:52 PM

ਜਲੰਧਰ (ਮਹੇਸ਼)— ਪਿਸਤੌਲ ਦੀ ਨੋਕ 'ਤੇ 9 ਦਿਨ ਪਹਿਲਾਂ ਰਾਤ ਨੂੰ ਕਰੀਬ 8 ਵਜੇ ਪਿੰਡ ਹਜਾਰਾ ਦੇ ਨੇੜੇ ਅਕਾਲੀ ਆਗੂ ਹਰਜੀਤ ਸਿੰਘ ਸੰਧੂ ਦੇ ਪੈਟਰੋਲ ਪੰਪ 'ਤੇ ਹੋਈ ਲੁੱਟ ਦੀ ਵਾਰਦਾਤ ਨੂੰ ਅਜੇ ਤੱਕ ਥਾਣਾ ਪਤਾਰਾ ਦੀ ਪੁਲਸ ਟਰੇਸ ਨਹੀਂ ਕਰ ਸਕੀ। ਹਾਲਾਂਕਿ ਪੁਲਸ ਨੇ ਇਸ ਸਬੰਧ ਵਿਚ 3-4 ਸ਼ੱਕੀ ਨੌਜਵਾਨਾਂ ਨੂੰ ਰਾਊਂਡਅਪ ਕੀਤਾ ਪਰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ। ਇਸ ਸਬੰਧ ਵਿਚ ਪੁਲਸ ਨੇ ਵਾਰਦਾਤ ਵਾਲੀ ਰਾਤ ਨੂੰ ਹੀ ਪੰਪ ਦੇ ਕਰਿੰਦੇ ਸੁਨੀਲ ਕੁਮਾਰ ਦੇ ਬਿਆਨਾਂ 'ਤੇ ਆਈ. ਪੀ. ਸੀ. ਦੀ ਧਾਰਾ 379-ਬੀ ਤਹਿਤ ਕੇਸ ਦਰਜ ਕਰ ਲਿਆ ਅਤੇ ਪੰਪ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਪਾਏ ਗਏ ਲੁਟੇਰਿਆਂ ਦੀ ਫੁਟੇਜ ਵੀ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਲਈ ਸੀ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨਕਾਬਪੋਸ਼ ਨੌਜਵਾਨਾਂ ਦੀ ਗਿਣਤੀ 3 ਸੀ ਅਤੇ ਉਮਰ 18 ਤੋਂ 20 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਸੀ। ਤਿੰਨੇ ਸੁਨੀਲ ਕੁਮਾਰ ਨੂੰ ਧਮਕਾਉਂਦੇ ਹੋਏ ਕਰੀਬ 5 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਹੁਸ਼ਿਆਰਪੁਰ ਵੱਲ ਫਰਾਰ ਹੋ ਗਏ ਸਨ। ਇਸ ਵਾਰਦਾਤ ਦੇ ਟਰੇਸ ਨਾ ਹੋਣ 'ਤੇ ਲੋਕਾਂ 'ਚ ਵੀ ਲੁਟੇਰਿਆਂ ਦਾ ਖੌਫ ਦੇਖਿਆ ਜਾ ਰਿਹਾ ਹੈ ਅਤੇ ਉਹ ਸਹਿਮੇ ਹੋਏ ਹਨ।


shivani attri

Content Editor

Related News