54 ਕਿਲੋ ਚੂਰਾ-ਪੋਸਤ ਤੇ 9 ਲੱਖ ਦੀ ਡਰੱਗ ਮਨੀ ਸਣੇ ਭਗੌੜਾ ਸਮੱਗਲਰ ਕਾਬੂ

11/24/2019 11:27:18 AM

ਕਰਤਾਰਪੁਰ (ਸਾਹਨੀ/ਸ਼ੋਰੀ)— ਸੀ. ਆਈ. ਏ. ਸਟਾਫ ਨੇ ਬੀਤੀ ਰਾਤ ਗਸ਼ਤ ਅਤੇ ਚੈਕਿੰਗ ਦੌਰਾਨ ਚਾਰ ਸਾਲਾਂ ਤੋਂ ਭਗੌੜੇ ਵੱਡੇ ਸਮੱਗਲਰ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਆਈ. ਜੀ. ਜਲੰਧਰ ਰੇਂਜ ਨੌਨਿਹਾਲ ਸਿੰਘ ਅਤੇ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਦੇ ਨਿਰਦੇਸ਼ਾਂ 'ਤੇ ਰਵਿੰਦਰਪਾਲ ਸਿੰਘ ਸੰਧੂ, ਸਰਬਜੀਤ ਸਿੰਘ ਬਾਹੀਆ, ਰਣਜੀਤ ਸਿੰਘ ਬਦੇਸ਼ਾ ਦੀ ਅਗਵਾਈ 'ਚ ਚਲਾਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਸੀ. ਆਈ. ਏ. ਸਟਾਫ ਦੇ ਇੰਚਾਰਜ ਸ਼ਿਵ ਕੁਮਾਰ ਸਮੇਤ ਐੱਸ. ਆਈ. ਸੁਰਿੰਦਰ ਸਿੰਘ ਨੇ ਗੁਰਦਿੱਤ ਸਿੰਘ ਉਰਫ ਗੀਟਾ ਵਾਸੀ ਸੇਚਾਂ ਥਾਣਾ ਸੁਲਤਾਨਪੁਰ ਲੋਧੀ ਪਾਸੋਂ ਤਲਾਸ਼ੀ ਦੌਰਾਨ 54 ਕਿਲੋ ਚੂਰਾ-ਪੋਸਤ, 9 ਲੱਖ ਦੀ ਨਕਦੀ (ਡਰੱਗ ਮਨੀ) ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ।

ਜਾਣਕਾਰੀ ਦਿੰਦੇ ਇਕ ਪ੍ਰੈੱਸ ਕਾਨਫਰੰਸ 'ਚ ਐੱਸ. ਐੱਸ. ਪੀ. ਇਨਵੈਸਟੀਗੇਸ਼ਨ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਬੀਤੀ 22 ਨਵੰਬਰ ਨੂੰ ਏ. ਐੱਸ. ਆਈ. ਮੰਗਲ ਸਿੰਘ ਪੁਲਸ ਪਾਰਟੀ ਸਮੇਤ ਕਰਤਾਰਪੁਰ ਰੇਲਵੇ ਸਟੇਸ਼ਨ ਮੋੜ 'ਤੇ ਚੈਕਿੰਗ ਕਰ ਰਹੇ ਸਨ ਕਿ ਗੁਪਤ ਸੂਚਨਾ ਮਿਲੀ ਕਿ ਸਮੱਗਲਰ ਗੁਰਦਿੱਤ ਸਿੰਘ ਉਰਫ ਗੀਟਾ ਵਾਸੀ ਸੇਚਾਂ ਥਾਣਾ ਸੁਲਤਾਨਪੁਰ ਲੋਧੀ ਚੂਰਾ-ਪੋਸਤ ਦੀ ਸਪਲਾਈ ਦੇਣ ਕਰਤਾਰਪੁਰ ਵੱਲ ਆ ਰਿਹਾ ਹੈ। ਪੁਲਸ ਵਲੋਂ ਯੋਜਨਾਬੱਧ ਢੰਗ ਨਾਲ ਰੇਲਵੇ ਫਾਟਕ ਕੋਲ ਨਾਕਾਬੰਦੀ ਕਰਕੇ ਚੈਕਿੰਗ ਸ਼ੁਰੂ ਕੀਤੀ ਗਈ ਅਤੇ ਇਕ ਕਾਲੇ ਰੰਗ ਦੀ ਇਨੋਵਾ ਕਾਰ ਨੰ. ਪੀ ਬੀ 63 ਡੀ 1215 ਜਿਸ ਨੂੰ ਗੁਰਦਿੱਤ ਸਿੰਘ ਗੀਟਾ ਹੀ ਚਲਾ ਰਿਹਾ ਸੀ, ਨੂੰ ਰੋਕਿਆ, ਇਸ ਦੌਰਾਨ ਡੀ. ਐੱਸ. ਪੀ. ਰਣਜੀਤ ਸਿੰਘ ਬਦੇਸ਼ਾ ਦੀ ਹਾਜ਼ਰੀ ਵਿਚ ਕਾਰ ਦੀ ਚੈਕਿੰਗ ਕੀਤੀ ਗਈ, ਜਿਸ 'ਚ ਪੁਲਸ ਨੂੰ 54 ਕਿਲੋ ਚੂਰਾ-ਪੋਸਤ ਅਤੇ 9 ਲੱਖ ਦੀ ਭਾਰਤੀ ਕਰੰਸੀ ਵੀ ਮਿਲੀ। ਦੋਸ਼ੀ ਵਿਰੁੱਧ ਧਾਰਾ 15/25 ਐੱਨ. ਡੀ. ਪੀ. ਐੱਸ. ਐਕਟ ਤਹਿਤ ਕਰਤਾਰਪੁਰ ਥਾਣੇ ਵਿਚ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਗਿਆ।

PunjabKesari

ਜਾਣਕਾਰੀ ਦਿੰਦੇ ਐੱਸ. ਐੱਸ. ਪੀ. ਇਨਵੈਸਟੀਗੇਸ਼ਨ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਦੋਸ਼ੀ ਵਿਰੁੱਧ ਪਹਿਲਾਂ ਵੀ ਕਈ ਮਾਮਲੇ ਦਰਜ ਹਨ, ਜਿਨ੍ਹਾਂ 'ਚ ਇਹ ਭਗੌੜਾ ਹੈ। ਗੁਰਦਿੱਤ ਸਿੰਘ ਸ਼ਾਤਿਰ ਅਤੇ ਵੱਡਾ ਸਮੱਗਲਰ ਹੈ, ਇਸ ਨੇ ਚੂਰਾ-ਪੋਸਤ ਦੀ ਸਮੱਗਲਿੰਗ ਲਈ ਵੱਡੇ ਟਰੱਕ ਵੀ ਰੱਖੇ ਹਨ। ਇਸ ਪਾਸੋਂ ਪੁੱਛਗਿੱਛ ਦੌਰਾਨ ਮਹੱਤਵਪੂਰਨ ਜਾਣਕਾਰੀ ਹਾਸਲ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਧੰਦੇ ਨਾਲ ਜੁੜੇ ਹੋਣ 'ਤੇ ਦੋਸ਼ੀ ਵਲੋਂ ਬਣਾਈ ਪ੍ਰਾਪਰਟੀ ਵੀ ਜ਼ਬਤ ਕੀਤੀ ਜਾਵੇਗੀ।

ਵੱਡੇ-ਵੱਡੇ ਮਾਮਲਿਆਂ 'ਚ ਸੀ ਲੋੜੀਂਦਾ
25 ਜੂਨ 2019 ਨੂੰ ਕਰਤਾਰਪੁਰ ਥਾਣੇ 'ਚ ਦਰਜ ਇਕ ਮਾਮਲੇ ਜਿਸ 'ਚ ਇਕ ਟਰੱਕ ਦੇ ਫਰਸ਼ ਦੇ ਹੇਠਾਂ ਬਣਾਏ ਕੈਬਿਨ ਵਿਚ 400 ਕਿਲੋ ਚੂਰਾ-ਪੋਸਤ ਬਰਾਮਦ ਕੀਤਾ ਸੀ ਅਤੇ ਇਸ ਮਾਮਲੇ ਵਿਚ ਫੜੇ ਗਏ ਭਜਨ ਸਿੰਘ ਅਤੇ ਉਸ ਦੇ ਸਾਲੇ ਸੰਦੀਪ ਸਿੰਘ ਨੇ ਇਹ ਮਾਲ ਗੁਰਦਿੱਤ ਸਿੰਘ ਉਰਫ ਗੀਟਾ ਦਾ ਹੋਣ ਦੀ ਪੁਸ਼ਟੀ ਕੀਤੀ ਸੀ। 22 ਜੂਨ 2015 ਨੂੰ ਥਾਣਾ ਸ਼ਾਹਕੋਟ ਵਿਖੇ 648 ਕਿਲੋ ਚੂਰਾ-ਪੋਸਤ ਦੇ ਮਾਮਲੇ ਵਿਚ ਫੜੇ ਗਏ ਬਲਬੀਰ ਸਿੰਘ ਅਤੇ ਦਲਜੀਤ ਸਿੰਘ ਨੇ ਪੁਛਗਿੱਛ ਦੌਰਾਨ ਗੁਰਦਿੱਤ ਸਿੰਘ ਅਤੇ ਇਕ ਹੋਰ ਦੋਸ਼ੀ ਲਖਬੀਰ ਸਿੰਘ ਦੇ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਸੀ। ਇਨ੍ਹਾਂ ਮਾਮਲਿਆਂ ਵਿਚ ਵੀ ਗੁਰਦਿੱਤ ਸਿੰਘ ਭਗੌੜਾ ਹੈ ਅਤੇ 13 ਮਾਰਚ 2019 ਨੂੰ ਨਗਰੋਟਾ ਥਾਣਾ ਉੂਧਮਪੁਰ ਜੰਮੂ 'ਚ ਫੜੇ ਗਏ 200 ਬੋਰੀਆਂ ਚੂਰਾ-ਪੋਸਤ ਦੇ ਮਾਮਲੇ ਵਿਚ ਵੀ ਗੁਰਦਿੱਤ ਸਿੰਘ ਭਗੌੜਾ ਹੈ।


shivani attri

Content Editor

Related News