ਨਸ਼ੇ ''ਚ ਟੱਲੀ ਹੋ ਕੇ ਆਏ ਨੌਜਵਾਨਾਂ ਤੇ ਇਕ ਲੜਕੀ ਨੇ ਕੀਤੀ ਸ਼ਰੇਆਮ ਗੁੰਡਾਗਰਦੀ

Tuesday, Mar 10, 2020 - 11:29 AM (IST)

ਜਲੰਧਰ (ਵਰੁਣ)— ਕੋਰਟ ਦੇ ਹੁਕਮਾਂ 'ਤੇ ਗੜ੍ਹਾ ਮਾਰਕੀਟ 'ਚ ਖਾਲੀ ਕਰਵਾਈਆਂ ਗਈਆਂ ਦੁਕਾਨਾਂ ਦੇ ਇਕ ਕਿਰਾਏਦਾਰ ਦੇ ਪੱਖ 'ਚ ਆਏ ਫਾਰਚੂਨ ਗੱਡੀ 'ਚ ਸਵਾਰ ਕੁਝ ਨੌਜਵਾਨਾਂ ਅਤੇ ਇਕ ਲੜਕੀ ਨੇ ਐਤਵਾਰ ਦੇਰ ਰਾਤ ਨਸ਼ੇ 'ਚ ਟੱਲੀ ਹੋ ਕੇ ਜੰਮ ਕੇ ਗੁੰਡਾਗਰਦੀ ਕੀਤੀ। ਇਨ੍ਹਾਂ ਲੋਕਾਂ ਨੇ ਇੰਨੀ ਸ਼ਰਾਬ ਪੀਤੀ ਹੋਈ ਸੀ ਕਿ ਦੂਜੀ ਮਾਰਕੀਟ 'ਚ ਸਥਿਤ ਇਕ ਦੁਕਾਨਦਾਰ ਨਾਲ ਬਿਨਾਂ ਕਾਰਨ ਗਾਲੀ-ਗਲੋਚ ਸ਼ੁਰੂ ਕਰ ਦਿੱਤਾ ਅਤੇ ਕੁੱਟਮਾਰ 'ਤੇ ਉਤਰ ਆਏ। ਇਕ ਔਰਤ ਨਾਲ ਤਾਂ ਕੁੱਟਮਾਰ ਵੀ ਕੀਤੀ ਗਈ, ਜਦੋਂਕਿ ਨਸ਼ਾ ਕਰਕੇ ਆਈ ਲੜਕੀ ਨੇ ਲੋਕਾਂ ਨੂੰ ਜੰਮ ਕੇ ਗਾਲ੍ਹਾਂ ਕੱਢੀਆਂ। ਹੰਗਾਮਾ ਵਧਿਆ ਤਾਂ ਲੋਕਾਂ ਨੇ ਥਾਣਾ ਨੰਬਰ-7 ਦੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਪਰ ਪੁਲਸ ਨੇ ਬਿਨਾਂ ਕਾਰਵਾਈ ਕੀਤੇ ਉਕਤ ਲੋਕਾਂ ਨੂੰ ਛੱਡ ਦਿੱਤਾ। ਦੁਕਾਨਦਾਰਾਂ ਨੇ ਗੁੰਡਾਗਰਦੀ ਕਰਨ ਵਾਲਿਆਂ ਨੂੰ ਛੱਡਣ ਦੇ ਵਿਰੋਧ 'ਚ ਸੋਮਵਾਰ ਨੂੰ ਰੋਡ ਜਾਮ ਕਰ ਦਿੱਤਾ ਅਤੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਭਾਵੇਂਕਿ ਦੇਰ ਸ਼ਾਮ ਦੋਵਾਂ ਧਿਰਾਂ 'ਚ ਰਾਜ਼ੀਨਾਮਾ ਹੋ ਗਿਆ ਸੀ।

PunjabKesari

ਥਾਣਾ ਨੰਬਰ 7 ਦੇ ਇੰਚਾਰਜ ਨਵੀਨ ਪਾਲ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਗੜ੍ਹਾ ਮਾਰਕੀਟ 'ਚ ਸਥਿਤ ਦੁਕਾਨਾਂ ਨੂੰ ਖਾਲੀ ਕਰਵਾਉਣ ਨੂੰ ਲੈ ਕੇ ਮਾਣਯੋਗ ਕੋਰਟ ਨੇ ਹੁਕਮ ਦਿੱਤੇ ਸਨ। ਦੁਕਾਨਾਂ ਖਾਲੀ ਕਰਵਾਈਆਂ ਜਾ ਰਹੀਆਂ ਸਨ। ਐਤਵਾਰ ਦੀ ਰਾਤ ਨੂੰ ਵੀ ਦੁਕਾਨਾਂ ਖਾਲੀ ਕਰਵਾਉਣ ਦਾ ਕੰਮ ਚੱਲ ਰਿਹਾ ਸੀ ਅਤੇ ਉਥੇ ਕਾਫੀ ਭੀੜ ਸੀ। ਭੀੜ 'ਚ ਦੂਜੀ ਮਾਰਕੀਟ ਦੇ ਕੁਝ ਦੁਕਾਨਦਾਰ ਵੀ ਖੜ੍ਹੇ ਸਨ। ਇਸ ਦੌਰਾਨ ਇਕ ਹਾਰਡਵੇਅਰ ਦੀ ਦੁਕਾਨ ਚਲਾਉਣ ਵਾਲੇ ਦੁਕਾਨਦਾਰ ਦੇ ਪੱਖ 'ਚ ਬਸਤੀਆਂ ਦਾ ਰਹਿਣ ਵਾਲਾ ਇਕ ਨੌਜਵਾਨ ਫਾਰਚੂਨ ਗੱਡੀ 'ਚ ਆਪਣੇ ਸਾਥੀਆਂ ਦੇ ਨਾਲ ਆ ਗਿਆ, ਜਿਨ੍ਹਾਂ ਦੇ ਨਾਲ ਇਕ ਲੜਕੀ ਵੀ ਸੀ। ਸਾਰੇ ਸ਼ਰਾਬ ਦੇ ਨਸ਼ੇ 'ਚ ਸਨ ਅਤੇ ਆ ਕੇ ਹੰਗਾਮਾ ਕਰਨ ਲੱਗੇ।

PunjabKesari

ਦੁਕਾਨਦਾਰਾਂ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਉਹ ਹੱਥੋਪਾਈ 'ਤੇ ਉਤਰ ਆਏ ਅਤੇ 80 ਸਾਲ ਦੀ ਇਕ ਬਜ਼ੁਰਗ ਔਰਤ ਗੁਰਮੀਤ ਕੌਰ ਨੂੰ ਵੀ ਕੁੱਟਿਆ। ਲੜਕੀ ਨੇ ਸ਼ਰੇਆਮ ਨਸ਼ੇ 'ਚ ਗਾਲ੍ਹਾਂ ਕੱਢੀਆਂ, ਜਿਸ ਦੀ ਵੀਡੀਓ ਇਲਾਕੇ ਦੇ ਕੁਝ ਦੁਕਾਨਦਾਰਾਂ ਨੇ ਬਣਾਈ। ਵੀਡੀਓ 'ਚ ਲੜਕੀ ਧਮਕੀ ਦਿੰਦੇ ਹੋਏ ਵੀ ਨਜ਼ਰ ਆ ਰਹੀ ਹੈ। ਹੰਗਾਮਾ ਵਧਿਆ ਤਾਂ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਕੰਟਰੋਲ ਰੂਮ 'ਚ ਦਿੱਤੀ, ਜਿਸ ਤੋਂ ਬਾਅਦ ਮੌਕੇ 'ਤੇ ਪੀ. ਸੀ. ਆਰ. ਟੀਮਾਂ ਤੇ ਥਾਣਾ-7 ਦੀ ਪੁਲਸ ਪਹੁੰਚ ਗਈ। ਪੁਲਸ ਫਾਰਚੂਨ ਗੱਡੀ 'ਚ ਸਵਾਰ ਸਾਰੇ ਲੋਕਾਂ ਨੂੰ ਕਾਬੂ ਕਰਕੇ ਥਾਣੇ ਲੈ ਗਈ ਪਰ ਕੁਝ ਦੇਰ ਬਾਅਦ ਹੀ ਪੁਲਸ ਨੇ ਉਨ੍ਹਾਂ ਨੂੰ ਛੱਡ ਦਿੱਤਾ।

ਸੋਮਵਾਰ ਨੂੰ ਜਿਵੇਂ ਹੀ ਮੁਲਜ਼ਮਾਂ ਨੂੰ ਛੱਡੇ ਜਾਣ ਦੀ ਸੂਚਨਾ ਇਲਾਕੇ ਦੇ ਦੁਕਾਨਦਾਰਾਂ ਨੂੰ ਮਿਲੀ ਤਾਂ ਦੁਕਾਨਦਾਰਾਂ ਨੇ ਕੌਂਸਲਰ ਮਿੰਟੂ ਜੁਨੇਜਾ, ਕੌਂਸਲਰ ਪ੍ਰਭ ਦਿਆਲ ਸਿੰਘ, ਕੌਂਸਲਰ ਪਤੀ ਅਰੁਣ ਜੈਨ ਨੂੰ ਨਾਲ ਲੈ ਕੇ ਧਰਨਾ ਲਾ ਦਿੱਤਾ। ਲੋਕਾਂ ਨੇ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ।

ਧਰਨੇ ਦੀ ਸੂਚਨਾ ਮਿਲਦਿਆਂ ਹੀ ਏ. ਡੀ. ਸੀ. ਪੀ.-2 ਪਰਮਿੰਦਰ ਸਿੰਘ ਭੰਡਾਲ ਤੇ ਥਾਣਾ-7 ਦੇ ਇੰਚਾਰਜ ਨਵੀਨਪਾਲ ਮੌਕੇ 'ਤੇ ਪਹੁੰਚੇ। ਪੁਲਸ ਸਾਹਮਣੇ ਲੋਕਾਂ ਨੇ ਗੱਡੀ ਸਵਾਰ ਲੋਕਾਂ 'ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਰੱਖੀ, ਜਿਸ ਨੂੰ ਪੂਰੀ ਕਰਨ ਤੋਂ ਬਾਅਦ ਏ. ਡੀ. ਸੀ. ਪੀ. ਭੰਡਾਲ ਨੇ ਧਰਨਾ ਚੁਕਵਾਇਆ। ਕੁਝ ਸਮੇਂ ਬਾਅਦ ਦੋਵਾਂ ਪਾਰਟੀਆਂ ਨੂੰ ਥਾਣੇ ਬੁਲਾਇਆ ਗਿਆ ਤਾਂ ਹੰਗਾਮਾ ਕਰਨ ਵਾਲੀ ਧਿਰ ਨੇ ਆਪਣੀ ਗਲਤੀ ਮੰਨ ਲਈ, ਜਿਸ ਤੋਂ ਬਾਅਦ ਦੋਵਾਂ ਧਿਰਾਂ 'ਚ ਰਾਜ਼ੀਨਾਮਾ ਹੋ ਗਿਆ। ਥਾਣਾ ਨੰਬਰ-7 ਦੇ ਇੰਚਾਰਜ ਨਵੀਨਪਾਲ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ 'ਚ ਰਾਜ਼ੀਨਾਮਾ ਹੋਣ ਤੋਂ ਬਾਅਦ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ।


shivani attri

Content Editor

Related News