ਨੌਜਵਾਨ ਦੀ ਮੌਤ ਤੋਂ ਬਾਅਦ ਏ. ਐੱਸ. ਆਈ. ਖਿਲਾਫ ਲੋਕਾਂ ਨੇ ਥਾਣੇ ਦੇ ਬਾਹਰ ਲਾਇਆ ਧਰਨਾ

10/20/2019 11:33:10 AM

ਜਲੰਧਰ (ਵਰੁਣ)— ਸ਼ੱਕੀ ਹਾਲਾਤ 'ਚ ਜ਼ਖਮੀ ਹੋਏ ਨੌਜਵਾਨ ਦੀ ਮੌਤ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਥਾਣਾ ਨੰ. 1 ਦੇ ਬਾਹਰ ਧਰਨਾ ਲਾ ਦਿੱਤਾ। ਦੋਸ਼ ਹੈ ਕਿ ਥਾਣੇ 'ਚ ਤਾਇਨਾਤ ਏ. ਐੱਸ. ਆਈ. ਨੇ ਮਰਡਰ ਦੇ ਬਿਆਨਾਂ ਨਾਲ ਛੇੜਛਾੜ ਕਰਕੇ ਮਾਮਲਾ ਐਕਸੀਡੈਂਟ ਦਾ ਬਣਾ ਦਿੱਤਾ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਏ. ਐੱਸ. ਆਈ. ਨੇ ਬਿਨਾਂ ਜਾਂਚ ਕੀਤੇ ਹਮਲਾਵਰ ਨੌਜਵਾਨਾਂ ਨੂੰ ਛੱਡ ਦਿੱਤਾ। ਹਾਲਾਂਕਿ ਪੁਲਸ ਅਧਿਕਾਰੀਆਂ ਨੇ ਇਸ ਦੋਸ਼ ਦਾ ਖੰਡਨ ਕੀਤਾ ਅਤੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਸਾਰੀ ਸਚਾਈ ਸਾਹਮਣੇ ਆ ਜਾਵੇਗੀ।

ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ 'ਚ ਜਗਵਿੰਦਰ ਸਿੰਘ ਵਾਸੀ ਨਿਊ ਸੂਲਰ, ਪਟਿਆਲਾ ਨੇ ਦੱਸਿਆ ਕਿ 6 ਸਤੰਬਰ ਨੂੰ ਉਸ ਦੇ ਰਿਸ਼ਤੇਦਾਰ ਬਲਵਿੰਦਰ ਸਿੰਘ ਦੇ ਬੇਟੇ ਮਨਪ੍ਰੀਤ ਸਿੰਘ ਉਰਫ ਜੱਗੀ ਵਾਸੀ ਜਨਤਾ ਕਾਲੋਨੀ ਅਤੇ ਯਾਦਵਿੰਦਰ ਸਿੰਘ ਜ਼ਖ਼ਮੀ ਹੋ ਗਏ ਸਨ। ਦੋਵੇਂ ਹਸਪਤਾਲ 'ਚ ਦਾਖਲ ਸਨ ਜਦਕਿ ਬਾਅਦ 'ਚ ਯਾਦਵਿੰਦਰ ਸਿੰਘ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਯਾਦਵਿੰਦਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਕੁਝ ਨੌਜਵਾਨਾਂ ਨੇ ਪਹਿਲਾਂ ਉਸ ਨੂੰ ਅਤੇ ਮਨਪ੍ਰੀਤ ਨੂੰ ਮੱਛੀ ਮਾਰਕੀਟ ਦੇ ਕੋਲ ਕੁੱਟਿਆ ਅਤੇ ਬਾਅਦ 'ਚ ਪਿੱਛਾ ਕਰਦੇ ਹੋਏ ਡੀ. ਏ. ਵੀ. ਕਾਲਜ ਦੇ ਕੋਲ ਆ ਕੇ ਉਨ੍ਹਾਂ ਦੀ ਮੋਟਰਸਾਈਕਲ ਨੂੰ ਲੱਤ ਮਾਰ ਕੇ ਡੇਗ ਦਿੱਤਾ ਅਤੇ ਦੋਬਾਰਾ ਰਾਡ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ।

PunjabKesari
ਦੋਸ਼ ਹੈ ਕਿ ਯਾਦਵਿੰਦਰ ਸਿੰਘ ਨੇ 16 ਅਕਤੂਬਰ ਨੂੰ ਥਾਣਾ ਇਕ ਦੇ ਏ. ਐੱਸ. ਆਈ. ਕੁਲਵਿੰਦਰ ਸਿੰਘ ਨੂੰ ਬਿਆਨਾਂ 'ਚ ਵੀ ਇਹੀ ਗੱਲ ਦੱਸੀ ਸੀ ਪਰ ਡੀ. ਡੀ. ਆਰ. ਦੀ ਕਾਪੀ ਪੜ੍ਹਨ 'ਤੇ ਪਤਾ ਲੱਗਾ ਕਿ ਉਸ 'ਚ ਉਨ੍ਹਾਂ ਵੱਲੋਂ ਲਿਖਵਾਏ ਬਿਆਨ ਹੀ ਨਹੀਂ ਹੈ। ਜਗਵਿੰਦਰ ਸਿੰਘ ਨੇ ਕਿਹਾ ਕਿ ਹਮਲੇ ਤੋਂ ਬਾਅਦ ਮਨਪ੍ਰੀਤ ਨੂੰ ਹੋਸ਼ ਹੀ ਨਹੀਂ ਆਇਆ ਅਤੇ ਵੀਰਵਾਰ ਨੂੰ ਉਸ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਦੋਸ਼ ਹੈ ਕਿ ਏ. ਐੱਸ. ਆਈ. ਦੁਆਰਾ ਉਨ੍ਹਾਂ ਦੇ ਬਿਆਨਾਂ ਨੂੰ ਬਦਲ ਕੇ ਮੁਲਜ਼ਮ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਥਾਣੇ ਬਾਹਰ ਧਰਨਾ ਲਾ ਕੇ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ, ਹਾਲਾਂਕਿ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਸਾਰੇ ਪਰੂਫ ਹਨ, ਜਿਸ 'ਚ ਸਾਬਤ ਹੋ ਸਕਦਾ ਹੈ ਕਿ ਮਨਪ੍ਰੀਤ ਸਿੰਘ 'ਤੇ ਹਮਲਾ ਕੀਤਾ ਗਿਆ। ਥਾਣਾ ਨੰ. 1 ਦੇ ਮੁਖੀ ਸੁਖਬੀਰ ਸਿੰਘ ਨੇ ਦੋਸ਼ਾਂ ਦਾ ਖੰਡਨ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਮਨਪ੍ਰੀਤ ਦੇ ਪਰਿਵਾਰ ਨੂੰ ਸ਼ੱਕ ਹੈ ਤਾਂ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕੀਤਾ ਜਾਵੇਗਾ। ਜੋ ਵੀ ਰਿਪੋਰਟ 'ਚ ਆਵੇਗਾ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਨਪ੍ਰੀਤ ਦੀ ਮੌਤ ਤੋਂ ਬਾਅਦ ਹੀ ਅਜਿਹੇ ਦੋਸ਼ ਸਾਹਮਣੇ ਆਏ ਹਨ। ਫਿਲਹਾਲ ਲਾਸ਼ ਨੂੰ ਨਿੱਜੀ ਹਸਪਤਾਲ 'ਚ ਹੀ ਰੱਖਿਆ ਗਿਆ ਹੈ।


shivani attri

Content Editor

Related News