ਵਿਦੇਸ਼ਾਂ ਤੋਂ ਆਏ ਮਾਪਿਆਂ ਨੇ ਆਪਣੇ ਬੱਚਿਆਂ ਦੇ ਦਸਤਾਰ ਸਜਾ ਕੇ ਸਿੱਖੀ ਸਰੂਪ ਦੇ ਧਾਰਨੀ ਰਹਿਣ ਦਾ ਲਿਆ ਹਲਫ
Thursday, Dec 28, 2023 - 10:46 AM (IST)
ਫਤਹਿਗੜ੍ਹ ਸਾਹਿਬ (ਸੁਰੇਸ਼) - ਯੂਥ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਨੌਜਵਾਨ ਪੀੜ੍ਹੀ ਨੂੰ ਸਿਰ ’ਤੇ ਦਸਤਾਰਾਂ ਸਜਾਉਣ ਲਈ ਪ੍ਰੇਰਿਤ ਕਰਨ ਤਹਿਤ ਪੰਜਾਬ ’ਚ ਹੋਣ ਵਾਲੇ ਹਰ ਧਾਰਮਿਕ ਸਮਾਗਮਾਂ, ਸ਼ਹੀਦੀ ਦਿਹਾੜਿਆਂ, ਗੁਰਪੁਰਬ ਸਮਾਗਮਾਂ ’ਤੇ ‘ਮੇਰੀ ਦਸਤਾਰ ਮੇਰੀ ਸ਼ਾਨ’ ਤਹਿਤ ਦਸਤਾਰਾਂ ਦੇ ਲੰਗਰ ਲਗਾ ਕੇ ਸਮਾਗਮ ਕਰਵਾਏ ਜਾ ਰਹੇ ਹਨ ਤਾਂ ਜੋ ਨੌਜਵਾਨ ਵਰਗ ਨੂੰ ਆਪਣੇ ਅਮੀਰ ਵਿਰਸੇ ਅਤੇ ਗੁਰੂਆਂ ਵੱਲੋਂ ਬਖਸ਼ੀ ਦਸਤਾਰ ਦੀ ਜਾਣਕਾਰੀ ਦੇ ਕੇ ਸਿੱਖੀ ਸਰੂਪ ਦੇ ਧਾਰਨੀ ਬਣਾਇਆ ਜਾ ਸਕੇ।
ਇਸ ਦਸਤਾਰ ਸਮਾਗਮ ਦੀ ਵਿਸ਼ੇਸ਼ ਪ੍ਰਾਪਤੀ ਇਹ ਰਹੀ ਕਿ ਜਿੱਥੇ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਆ ਕੇ ਨੌਜਵਾਨਾਂ ਨੇ ਹਜ਼ਾਰਾਂ ਦੀ ਗਿਣਤੀ ’ਚ ਪੁੱਜ ਕੇ ਦਸਤਾਰ ਸਜਾਈ, ਉੱਥੇ ਵਿਦੇਸ਼ਾਂ ’ਚੋਂ ਵੱਡੀ ਗਿਣਤੀ ਮਾਪਿਆਂ ਨੇ ਪੁੱਜ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਨਤਮਸਤਕ ਹੁੰਦੇ ਹੋਏ ਅਪਣੇ ਬੱਚਿਆਂ ਦੇ ਗੁਰੂ ਵੱਲੋਂ ਬਖਸ਼ੀ ਦਸਤਾਰ ਸਜਾ ਕੇ ਸਿੱਖੀ ਸਰੂਪ ਦੇ ਧਾਰਨੀ ਰਹਿਣ ਦਾ ਹਲਫ ਵੀ ਲਿਆ। ਇਸ ਕੜੀ ਤਹਿਤ ਯੂਥ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਥੇ ਪਹਿਲਾਂ ਚਮਕੌਰ ਦੀ ਗੜ੍ਹੀ ਦੇ ਮਹਾਨ ਸ਼ਹੀਦਾਂ ਦੀ ਯਾਦ ’ਚ 2 ਦਿਨਾਂ ‘ਮੇਰੀ ਦਸਤਾਰ ਮੇਰੀ ਸ਼ਾਨ’ ਦਸਤਾਰਾਂ ਦਾ ਲੰਗਰ ਲਗਾਇਆ ਗਿਆ, ਉਥੇ 26 ਤੇ 27 ਦਸੰਬਰ ਲਈ ਸਾਕਾ ਸਰਹਿੰਦ ਦੇ ਮਹਾਨ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਨੌਜਵਾਨਾਂ ਲਈ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਹੈ।
ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਅਕਾਸ਼ਦੀਪ ਸਿੰਘ ਮਿੱਡੂਖੇੜਾ, ਤੇਜਿੰਦਰ ਸਿੰਘ ਨਿੱਝਰ,ਹਲਕਾ ਬੱਸੀ ਪਠਾਣਾਂ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ, ਜ਼ਿਲਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ, ਜ਼ਿਲਾ ਸ਼ਹਿਰੀ ਪ੍ਰਧਾਨ ਮਨਮੋਹਨ ਸਿੰਘ ਮੁਕਾਰੋਂਪੁਰ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਅਵਤਾਰ ਸਿੰਘ ਰਿਆ ਨੇ ਤੋਂ ਇਲਾਵਾ ਸੂਬੇ ਭਰ ਤੋਂ ਸ਼੍ਰੋਮਣੀ ਕਮੇਟੀ ਮੈਂਬਰਾਂ, ਹਲਕਾ ਇੰਚਾਰਜ,ਪੰਥਕ ਸ਼ਖਸ਼ੀਅਤਾਂ ਨੇ ਵਿਸ਼ੇਸ਼ ਤੌਰ ਤੇ ਮੇਰੀ ਦਸਤਾਰ ਮੇਰੀ ਸ਼ਾਨ ਪ੍ਰੋਗਰਾਮ ’ਚ ਸ਼ਾਮਲ ਹੋ ਕੇ ਨੌਜਵਾਨ ਪੀੜ੍ਹੀ ਨੂੰ ਦਸਤਾਰ ਸਜਾਉਣ ਲਈ ਪ੍ਰੇਰਿਤ ਕੀਤਾ।
ਇਨ੍ਹਾਂ ਸਮਾਗਮਾਂ ’ਚ ਹਜ਼ਾਰਾਂ ਦੀ ਗਿਣਤੀ ’ਚ ਨੌਜਵਾਨਾਂ ਵੱਲੋਂ ਦਸਤਾਰਾਂ ਸਜਾਉਣਾ ਯੂਥ ਅਕਾਲੀ ਦਲ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਇਸ 2 ਦਿਨਾਂ ਦਸਤਾਰ ਲੰਗਰ ’ਚ 2780 ਦੇ ਕਰੀਬ ਨੌਜਵਾਨਾਂ ਵੱਲੋਂ ਦਸਤਾਰਾਂ ਸਜਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗਈਆਂ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਇੰਚਾਰਜ ਹਰਿੰਦਰ ਸਿੰਘ, ਸੀਨੀਅਰ ਯੂਥ ਆਗੂ ਰਵਿੰਦਰ ਸਿੰਘ ਖੇੜਾ, ਗਰਦੋਰ ਸਿੰਘ ਬਠਿੰਡਾ, ਪ੍ਰਭਜੋਤ ਸਿੰਘ ਧਾਲੀਵਾਲ, ਹਰਪ੍ਰੀਤ ਸਿੰਘ ਰਿਚੀ, ਲਖਵੀਰ ਸਿੰਘ ਲੌਟ, ਦਵਿੰਦਰ ਸਿੰਘ ਮੰਡ, ਸੰਦੀਪ ਸਿੰਘ ਕਲੋਤਾ, ਅੰਮ੍ਰਿਤਪਾਲ ਸਿੰਘ ਲੰਗ, ਜਤਿੰਦਰ ਸਿੰਘ ਧਾਲੀਵਾਲ, ਪਲਵਿੰਦਰ ਸਿੰਘ ਸੋਮਲ, ਮਨਦੀਪ ਸਿੰਘ ਪਨੈਚ, ਰਾਣਾ ਆਦੇਸ਼ ਅਗੰਮਪੁਰ, ਜਥੇਦਾਰ ਸੁਰਜੀਤ ਸਿੰਘ ਬਰੌਂਗਾ, ਬਲਜਿੰਦਰ ਸਿੰਘ ਭੁੱਚੀ ਤੋਂ ਇਲਾਵਾ ਵੱਡੀ ਗਿਣਤੀ ’ਚ ਯੂਥ ਨੌਜਵਾਨ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਰਹੀ।