ਪੀ. ਏ. ਪੀ. ਆਰ. ਓ. ਬੀ. ਨੂੰ 20 ਮੀਟਰ ਚੌੜਾ ਅਤੇ 50 ਮੀਟਰ ਲੰਬਾ ਕਰਨ ਦੀ ਬਣ ਸਕਦੀ ਹੈ ਯੋਜਨਾ

09/22/2019 4:20:13 PM

ਜਲੰਧਰ (ਜ. ਬ.)— ਨਵੇਂ ਬਣੇ ਪੀ. ਏ. ਪੀ. ਫਲਾਈਓਵਰ 'ਤੇ ਐਕਸੀਡੈਂਟ ਏਰੀਆ ਖਤਮ ਕਰਨ ਲਈ ਨਿਗਮ ਕਮਿਸ਼ਨਰ, ਡੀ. ਸੀ. ਪੀ. ਟ੍ਰੈਫਿਕ, ਏ. ਡੀ. ਸੀ. ਪੀ. ਟ੍ਰੈਫਿਕ ਅਤੇ 2 ਵਿਧਾਇਕਾਂ ਨੇ ਫਲਾਈਓਵਰ ਦਾ ਦੌਰਾ ਕੀਤਾ। ਭਾਵੇਂ ਇਕ ਮਹੀਨੇ ਤੋਂ ਬੰਦ ਪਈ ਲੇਨ ਨੂੰ ਸ਼ੁਰੂ ਕਰਵਾਉਣ ਲਈ ਪ੍ਰਸ਼ਾਸਨਿਕ ਅਧਿਕਾਰੀ ਲਗਾਤਾਰ ਕੋਈ ਨਾ ਕੋਈ ਯੋਜਨਾ ਤਿਆਰ ਕਰ ਰਹੇ ਹਨ ਪਰ ਅਜੇ ਤੱਕ ਕੋਈ ਸਿਰੇ ਨਹੀਂ ਚੜ੍ਹ ਸਕੀ। ਅਧਿਕਾਰੀਆਂ ਦਾ ਗੁੱਸਾ ਹੁਣ ਐੱਨ. ਐੱਚ. ਏ. ਦੇ ਅਧਿਕਾਰੀਆਂ 'ਤੇ ਵੀ ਨਿਕਲ ਰਿਹਾ ਹੈ। ਸ਼ਨੀਵਾਰ ਨੂੰ ਨਿਗਮ ਕਮਿਸ਼ਨਰ ਦੀਪਰਵ ਲਾਕੜਾ, ਡੀ. ਸੀ. ਪੀ. ਟ੍ਰੈਫਿਕ ਨਰੇਸ਼ ਡੋਗਰਾ, ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਸਣੇ ਵਿਧਾਇਕ ਰਾਜਿੰਦਰ ਬੇਰੀ ਅਤੇ ਵਿਧਾਇਕ ਬਾਵਾ ਹੈਨਰੀ ਨੇ ਪੀ. ਏ. ਪੀ. ਫਲਾਈਓਵਰ ਦਾ ਦੌਰਾ ਕੀਤਾ। ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੇ ਕਿਹਾ ਕਿ ਫਲਾਈਓਵਰ ਦਾ ਡਿਜ਼ਾਈਨ ਸਹੀ ਨਹੀਂ ਹੈ। ਪੀ. ਏ. ਪੀ. ਆਰ. ਓ. ਬੀ. ਦੇ ਬਿਲਕੁਲ ਕੋਲ ਹੀ ਫੋਰਲੇਨ ਫਲਾਈਓਵਰ ਦਾ ਟ੍ਰੈਫਿਕ ਉਤਾਰਨਾ ਖਤਰੇ ਤੋਂ ਖਾਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਹੋ ਸਕਦਾ ਹੈ ਕਿ ਕਰਵ ਨੂੰ ਖਤਮ ਕਰਨ ਲਈ ਆਰ. ਓ. ਬੀ. ਨੂੰ 20 ਮੀਟਰ ਚੌੜਾ ਅਤੇ 50 ਮੀਟਰ ਲੰਬਾ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਲੇਨ ਤੋਂ ਉਤਰਨ ਵਾਲਾ ਟ੍ਰੈਫਿਕ ਸਰਵਿਸ ਲੇਨ ਵਾਲੇ ਟ੍ਰੈਫਿਕ ਨੂੰ ਵੇਖ ਸਕੇਗਾ ਅਤੇ ਵਾਹਨ ਆਪਸ ਵਿਚ ਨਹੀਂ ਭਿੜਨਗੇ।

ਹਾਲ ਹੀ 'ਚ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਅਧਿਕਾਰੀਆਂ ਨੂੰ ਟ੍ਰੈਫਿਕ ਪੁਲਸ ਵਲੋਂ ਚਿੱਠੀ ਲਿਖੀ ਗਈ ਸੀ ਪਰ ਅਜੇ ਤੱਕ ਫਲਾਈਓਵਰ ਦੀ ਬੰਦ ਪਈ ਲੇਨ ਨੂੰ ਖੋਲ੍ਹਣ ਲਈ ਮੌਕੇ 'ਤੇ ਆਉਣਾ ਐੱਨ. ਐੱਚ. ਏ. ਦੇ ਪ੍ਰਾਜੈਕਟ ਡਾਇਰੈਕਟਰ ਨੇ ਜ਼ਰੂਰੀ ਨਹੀਂ ਸਮਝਿਆ। ਟ੍ਰੈਫਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਾਜੈਕਟ ਡਾਇਰੈਕਟਰ ਨੂੰ ਸੋਮਵਾਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਉਸ ਤੋਂ ਬਾਅਦ ਕੁਝ ਹੋਰ ਫੈਸਲਾ ਲਿਆ ਜਾਵੇਗਾ।

ਟ੍ਰੈਫਿਕ ਸਿਗਨਲ ਲਾਉਣ 'ਤੇ ਖਤਮ ਹੋ ਸਕਦੀ ਹੈ ਸਮੱਸਿਆ : ਬਾਵਾ ਹੈਨਰੀ
ਫਲਾਈਓਵਰ ਦਾ ਦੌਰਾ ਕਰਨ ਆਏ ਵਿਧਾਇਕ ਬਾਵਾ ਹੈਨਰੀ ਨੇ ਰਾਏ ਦਿੱਤੀ ਕਿ ਸਰਵਿਸ ਲੇਨ ਅਤੇ ਫਲਾਈਓਵਰ ਤੋਂ ਉਤਰਨ ਤੋਂ ਪਹਿਲਾਂ ਹੀ ਟ੍ਰੈਫਿਕ ਸਿਗਨਲ ਲਾ ਦਿੱਤਾ ਜਾਵੇ। ਵਾਰੀ-ਵਾਰੀ ਦੋਵਾਂ ਲੇਨਾਂ ਤੋਂ ਟ੍ਰੈਫਿਕ ਨਿਕਲੇ, ਇਸ ਤਰ੍ਹਾਂ ਐਕਸੀਡੈਂਟ ਹੋਣ ਦਾ ਖਤਰਾ ਵੀ ਨਹੀਂ ਰਹੇਗਾ ਅਤੇ ਦੋਵੇਂ ਲੇਨਾਂ ਇਕੱਠੀਆਂ ਚਲਦੀਆਂ ਰਹਿਣਗੀਆਂ। ਭਾਵੇਂ ਅਜਿਹਾ ਕਰਨ ਨਾਲ ਫਲਾਈਓਵਰ ਤੋਂ ਤੇਜ਼ ਸਪੀਡ ਨਾਲ ਉਤਰਨ ਵਾਲੇ ਵਾਹਨਾਂ ਦੇ ਅਚਾਨਕ ਬ੍ਰੇਕ ਲਾਉਣ ਨਾਲ ਟਕਰਾ ਜਾਣ ਦਾ ਖਤਰਾ ਰਹੇਗਾ। ਜੇਕਰ ਟ੍ਰੈਫਿਕ ਲਾਈਟਾਂ ਲਾਉਣ ਦਾ ਫੈਸਲਾ ਲਿਆ ਵੀ ਜਾਂਦਾ ਹੈ ਤਾਂ ਸਿਗਨਲ ਤੋਂ ਕਾਫੀ ਪਹਿਲਾਂ ਅੱਗੇ ਟ੍ਰੈਫਿਕ ਸਿਗਨਲ ਹੋਣ ਦੇ ਬੋਰਡ ਵੀ ਲਾਉਣੇ ਜ਼ਰੂਰੀ ਹੋਣਗੇ।


shivani attri

Content Editor

Related News