ਪੰਚਮ ਗੈਂਗ ਦੇ ਤਿੰਨੋਂ ਮੈਂਬਰ 5 ਦਿਨ ਦੇ ਹੋਰ ਰਿਮਾਂਡ ''ਤੇ, ਬਾਦਸ਼ਾਹ ਨੂੰ ਵੀ ਕੀਤਾ ਨਾਮਜ਼ਦ

Sunday, Apr 24, 2022 - 03:57 PM (IST)

ਜਲੰਧਰ (ਜ. ਬ.) : ਪੰਚਮ ਗੈਂਗ ਦੇ ਮੈਂਬਰ ਸੁਭਾਨਾ, ਕਾਕਾ ਅਤੇ ਸਾਹਿਲ ਕੇਲਾ ਦਾ ਇਕ ਦਿਨ ਦਾ ਰਿਮਾਂਡ ਖਤਮ ਹੋਣ 'ਤੇ ਦੁਬਾਰਾ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਸੀ. ਆਈ. ਏ. ਸਟਾਫ਼ ਨੂੰ ਉਕਤ ਤਿੰਨਾਂ ਦਾ 5 ਦਿਨ ਦਾ ਰਿਮਾਂਡ ਮਿਲਿਆ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ ਪੰਚਮ ਤੇ ਉਸ ਦੇ ਸਾਥੀਆਂ ਦਾ ਪਤਾ ਲਾਉਣ ਤੇ ਹੋਰ ਹਥਿਆਰ ਬਰਾਮਦ ਕਰਨ ਲਈ ਰਿਮਾਂਡ ਵਧਾਇਆ ਹੈ। ਸੀ. ਆਈ. ਏ. ਸਟਾਫ਼-1 ਦੇ ਇੰਚਾਰਜ ਭਗਵੰਤ ਸਿੰਘ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਦਾ ਰਿਮਾਂਡ ਵਧਾ ਕੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਮੁਲਜ਼ਮ ਪੰਚਮ ਬਾਰੇ ਕੁਝ ਨਹੀਂ ਜਾਣਦੇ। ਪੁਲਸ ਦਾ ਮੰਨਣਾ ਹੈ ਕਿ ਪੰਚਮ ਅਤੇ ਪਿੰਪੂ ਇਕੱਠੇ ਹੀ ਹਨ। ਇਸ ਤੋਂ ਇਲਾਵਾ ਪੁਲਸ ਨੇ ਬਾਦਸ਼ਾਹ ਨਾਂ ਦੇ ਨੌਜਵਾਨ ਨੂੰ ਵੀ ਨਾਮਜ਼ਦ ਕਰ ਲਿਆ ਹੈ। ਫਿਲਹਾਲ ਪੰਚਮ, ਮਿਰਜ਼ਾ, ਅਮਨ ਸੇਠੀ, ਬਾਦਸ਼ਾਹ ਤੇ ਪਿੰਪੂ ਦਾ ਸੁਰਾਗ ਨਹੀਂ ਲੱਗ ਸਕਿਆ। ਪੁਲਸ ਉਨ੍ਹਾਂ ਦੀ ਲੋਕੇਸ਼ਨ ਲੱਭਣ ਵਿਚ ਲੱਗੀ ਹੋਈ ਹੈ। ਪੁਲਸ ਨੇ ਸ਼ਹਿਰ ਦੇ ਕੁਝ ਪੁਆਇੰਟਾਂ 'ਤੇ ਰੇਡ ਵੀ ਕੀਤੀ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, IAS ਤੇ PCS ਅਧਿਕਾਰੀਆਂ ਦੇ ਤਬਾਦਲੇ

ਪੁਲਸ ਨੂੰ ਸ਼ੱਕ ਹੈ ਕਿ ਸੁਭਾਨਾ ਦੇ ਕੋਲ ਵੀ ਨਾਜਾਇਜ਼ ਹਥਿਆਰ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ 14 ਅਪ੍ਰੈਲ ਨੂੰ ਰੰਜਿਸ਼ ਵਿਚ ਪੰਚਮ ਗੈਂਗ ਨੇ ਅਕਾਲੀ ਆਗੂ ਸੁਭਾਸ਼ ਸੋਂਧੀ ਦੇ ਬੇਟੇ ਹਿਮਾਂਸ਼ੂ 'ਤੇ ਗੋਪਾਲ ਨਗਰ 'ਚ ਫਾਇਰਿੰਗ ਕੀਤੀ ਸੀ। ਇਕ ਗੋਲੀ ਰਾਹਗੀਰ ਨੂੰ ਲੱਗ ਗਈ ਸੀ ਪਰ ਹਿਮਾਂਸ਼ੂ ਦਾ ਬਚਾਅ ਹੋ ਗਿਆ ਸੀ। ਥਾਣਾ ਨੰਬਰ 2 ਵਿਚ ਪੰਚਮ ਸਮੇਤ ਪਿੰਪੂ, ਨਿਖਿਲ ਉਰਫ ਸਾਹਿਲ ਕੇਲਾ, ਅਮਨ ਸੇਠੀ, ਮਿਰਜ਼ਾ ਅਤੇ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਜਾਂਚ ਤੋਂ ਬਾਅਦ ਪੁਲਸ ਨੇ ਸੁਭਾਨਾ, ਦੀਪਕ ਭੱਟੀ ਉਰਫ ਕਾਕਾ ਤੇ ਬਾਦਸ਼ਾਹ ਨੂੰ ਵੀ ਨਾਮਜ਼ਦ ਕਰ ਲਿਆ ਸੀ। ਪੁਲਸ ਨੇ ਸੁਭਾਨਾ ਤੇ ਕਾਕਾ ਨੂੰ ਹਰਿਦੁਆਰ 'ਚੋਂ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 32 ਬੋਰ ਦਾ ਹਥਿਆਰ ਅਤੇ ਗੋਲੀਆਂ ਬਰਾਮਦ ਕੀਤੀਆਂ ਸਨ, ਜਦੋਂ ਕਿ ਸਾਹਿਲ ਕੇਲਾ ਨੂੰ ਜਲੰਧਰ 'ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ।


Harnek Seechewal

Content Editor

Related News