ਨਗਰ ਨਿਗਮ ਨੇ ਫਲਾਈਓਵਰਾਂ ਦੇ ਹੇਠਾਂ ਪਿੱਲਰਾਂ ’ਤੇ ਪੇਂਟਿੰਗ ਦਾ ਕੰਮ ਜ਼ੋਰ-ਸ਼ੋਰ ਨਾਲ ਸ਼ੁਰੂ ਕੀਤਾ
Thursday, Nov 28, 2024 - 03:12 PM (IST)
ਜਲੰਧਰ (ਖੁਰਾਣਾ)–ਨਗਰ ਨਿਗਮ ਚੋਣਾਂ ਦਾ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ। ਅਜਿਹੇ ਵਿਚ ਨਗਰ ਨਿਗਮ ਨੇ ਜਿੱਥੇ ਪੂਰੇ ਸ਼ਹਿਰ ਵਿਚ ਸਫ਼ਾਈ ਮੁਹਿੰਮ ਚਲਾਈ ਹੋਈ ਹੈ, ਉਥੇ ਹੀ ਹੁਣ ਸੁੰਦਰੀਕਰਨ ਦਾ ਕੰਮ ਵੀ ਆਰੰਭ ਕਰ ਦਿੱਤਾ ਗਿਆ ਹੈ। ਨਿਗਮ ਕਮਿਸ਼ਨਰ ਗੌਤਮ ਜੈਨ ਦੇ ਨਿਰਦੇਸ਼ਾਂ ’ਤੇ ਸ਼ਹਿਰ ਵਿਚ ਬਣੇ ਫਲਾਈਓਵਰਾਂ ਦੇ ਹੇਠਾਂ ਪਿੱਲਰਾਂ ਆਦਿ ’ਤੇ ਪੇਂਟਿੰਗ (ਗ੍ਰਾਫਿਟੀ) ਦਾ ਕੰਮ ਜ਼ੋਰ-ਸ਼ੋਰ ਨਾਲ ਕਰਵਾਇਆ ਜਾ ਰਿਹਾ ਹੈ। ਨਿਗਮ ਦੇ ਅਸਿਸਟੈਂਟ ਕਮਿਸ਼ਨਰ ਵਿਕਰਾਂਤ ਵਰਮਾ ਨੇ ਨਾਰਥ ਵਿਧਾਨ ਸਭਾ ਹਲਕੇ ਤਹਿਤ ਆਉਂਦੇ ਦੋਮੋਰੀਆ ਪੁਲ ਫਲਾਈਓਵਰ ਦੇ ਹੇਠਾਂ ਪਿੱਲਰਾਂ ’ਤੇ ਚੱਲ ਰਹੇ ਇਸ ਕੰਮ ਦੀ ਜਾਂਚ ਕੀਤੀ।
ਲੰਮਾ ਪਿੰਡ ਚੌਕ ’ਤੇ ਵੀ ਸੀਵਰਾਂ ਦੀ ਸਫ਼ਾਈ ਦਾ ਕੰਮ ਕੀਤਾ ਗਿਆ
ਨਾਰਥ ਵਿਧਾਨ ਸਭਾ ਹਲਕੇ ਤਹਿਤ ਆਉਂਦਾ ਲੰਮਾ ਪਿੰਡ ਚੌਕ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਜਾਮ ਦੀ ਸਮੱਸਿਆ ਝੱਲ ਰਿਹਾ ਹੈ। ਬਰਸਾਤ ਦੇ ਦਿਨਾਂ ਵਿਚ ਵੀ ਇਹ ਪੂਰਾ ਹਲਕਾ ਝੀਲ ਦਾ ਰੂਪ ਲੈ ਲੈਂਦਾ ਹੈ। ਨਿਗਮ ਵੱਲੋਂ ਲੰਮੇ ਸਮੇਂ ਤੋਂ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਪਰ ਹੁਣ ਇਥੇ ਸੀਵਰਾਂ ਦੀ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਹਲਕਾ ਵਾਸੀਆਂ ਦੀ ਮੰਗ ਹੈ ਕਿ ਇਸ ਹਲਕੇ ਵਿਚ ਸੀਵਰੇਜ ਲਾਈਨ ਦੇ ਫਾਲਟ ਨੂੰ ਦੂਰ ਕਰਕੇ ਪੱਕਾ ਹੱਲ ਕੱਢਿਆ ਜਾਵੇ ਤਾਂ ਜੋ ਇਹ ਸਮੱਸਿਆ ਵਾਰ-ਵਾਰ ਨਾ ਆਵੇ।
ਇਹ ਵੀ ਪੜ੍ਹੋ- ਭਾਰਤੀ ਫ਼ੌਜ 'ਚ ਤਾਇਨਾਤ ਵਿਅਕਤੀ ਦੀ ਪੰਜਾਬ ਦੀ ਜੇਲ੍ਹ 'ਚ ਮੌਤ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
ਢੰਨ ਮੁਹੱਲੇ ਦੇ ਪਾਰਕ ’ਚ ਸਿਵਲ ਵਰਕ ਸ਼ੁਰੂ
ਨਗਰ ਨਿਗਮ ਨੇ ਢੰਨ ਮੁਹੱਲੇ ਦੇ ਪਾਰਕ ਵਿਚ ਵੀ ਸਿਵਲ ਵਰਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ, ਜਿਸ ਤਹਿਤ ਉਥੇ ਪਲੱਸਤਰ ਕੀਤਾ ਜਾ ਰਿਹਾ ਹੈ, ਗਰਿੱਲਾਂ ਅਤੇ ਹੋਰ ਥਾਵਾਂ ’ਤੇ ਰੰਗ-ਰੋਗਨ ਹੋ ਰਿਹਾ ਹੈ ਅਤੇ ਟਾਈਲ ਵਰਕ ਵੀ ਕਰਵਾਇਆ ਜਾ ਰਿਹਾ ਹੈ। ਨਿਗਮ ਦੇ ਅਸਿਸਟੈਂਟ ਕਮਿਸ਼ਨਰ ਵਿਕਰਾਂਤ ਵਰਮਾ ਨੇ ਅੱਜ ਇਸ ਕੰਮ ਦੀ ਵੀ ਮੌਕੇ ’ਤੇ ਜਾ ਕੇ ਜਾਂਚ ਕੀਤੀ ਅਤੇ ਨਿਗਮ ਦੇ ਜੇ. ਈ. ਕਾਰਤਿਕ ਨੂੰ ਇਹ ਕੰਮ ਆਪਣੀ ਨਿਗਰਾਨੀ ਵਿਚ ਕਰਵਾਉਣ ਦੇ ਨਿਰਦੇਸ਼ ਦਿੱਤੇ।
ਇਹ ਵੀ ਪੜ੍ਹੋ- ਖੇਤਾਂ 'ਚ ਕੰਮ ਕਰਦੇ 20 ਸਾਲਾ ਮੁੰਡੇ ਨਾਲ ਵਾਪਰਿਆ ਵੱਡਾ ਹਾਦਸਾ, ਟੁਕੜਿਆਂ 'ਚ ਵੰਡਿਆ ਗਿਆ ਜਵਾਨ ਪੁੱਤ
ਲਾਇਸੈਂਸ ਨਾ ਲੈਣ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟੇ ਗਏ
ਨਿਗਮ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਨਿਗਮ ਦੀ ਲਾਇਸੈਂਸ ਬ੍ਰਾਂਚ ਨੇ ਵੀ ਫੀਲਡ ਵਿਚ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸੁਪਰਿੰਟੈਂਡੈਂਟ ਮਮਤਾ ਸੇਠ ਦੀ ਅਗਵਾਈ ਵਿਚ ਲਾਇਸੈਂਸ ਬ੍ਰਾਂਚ ਦੀ ਟੀਮ ਨੇ ਕਈ ਦੁਕਾਨਦਾਰਾਂ ਦੇ ਚਲਾਨ ਕੱਟੇ, ਜਿਨ੍ਹਾਂ ਨੇ ਨਿਗਮ ਤੋਂ ਟ੍ਰੇਡ ਲਾਇਸੈਂਸ ਪ੍ਰਾਪਤ ਨਹੀਂ ਕੀਤੇ ਸਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਵੀ ਡਿਫ਼ਾਲਟਰਾਂ ਵਿਰੁੱਧ ਇਹ ਕਾਰਵਾਈ ਜਾਰੀ ਰਹੇਗੀ।
ਜੁਆਇੰਟ ਕਮਿਸ਼ਨਰ ਨੇ ਡ੍ਰੇਨ ਦੇ ਕੰਮ ਦਾ ਮੌਕਾ ਦੇਖਿਆ
ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਨਗਰ ਨਿਗਮ ਦੀ ਜੁਆਇੰਟ ਕਮਿਸ਼ਨਰ ਡਾ. ਸੁਮਨਦੀਪ ਕੌਰ ਨੇ ਕਾਲਾ ਸੰਘਿਆਂ ਡ੍ਰੇਨ ਅਤੇ ਵੈਸਟ ਵਿਧਾਨ ਸਭਾ ਦੇ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਉਥੇ ਚੱਲ ਰਹੇ ਕੰਮਾਂ ਨੂੰ ਦੇਖਿਆ। ਇਸ ਮੌਕੇ ਉਨ੍ਹਾਂ ਨਾਲ ਓ. ਐਂਡ ਐੱਮ. ਸੈੱਲ ਦੀ ਟੀਮ ਵੀ ਸੀ। ਇਹ ਟੀਮ ਲੈਦਰ ਕੰਪਲੈਕਸ ਰੋਡ ’ਤੇ ਡਿਸਪੋਜ਼ਲ ਵਿਚ ਵੀ ਗਈ, ਜਿਸ ਦੌਰਾਨ ਅਧਿਕਾਰੀਆਂ ਨੂੰ ਨਿਰਦੇਸ਼ ਵੀ ਜਾਰੀ ਕੀਤੇ ਗਏ।
ਇਹ ਵੀ ਪੜ੍ਹੋ- ਪੰਜਾਬ 'ਚ ਸਕੂਲ ਬੱਸ ਦੀ ਟੱਕਰ ਹੋਣ ਕਾਰਨ ਵੱਡਾ ਹਾਦਸਾ, 8 ਸਾਲਾ ਬੱਚੀ ਦੀ ਮੌਤ
ਉਪ ਚੋਣ ਤੋਂ ਬਾਅਦ ਹੁਣ ਸ਼ਹਿਰ ’ਚ ਫਿਰ ਚੱਲ ਰਹੀ ਹੈ ਵਾਟਰ ਸਪ੍ਰਿੰਕਲਰ ਮਸ਼ੀਨ
ਐੱਨ ਕੈਪ ਫੰਡ ਰਾਹੀਂ ਨਗਰ ਨਿਗਮ ਕੋਲ ਕਈ ਮਹੀਨੇ ਪਹਿਲਾਂ ਵਾਟਰ ਸਪ੍ਰਿੰਕਲਰ ਮਸ਼ੀਨ ਪਹੁੰਚ ਗਈ ਸੀ, ਜਿਸ ਨੂੰ ਕੁਝ ਮਹੀਨੇ ਪਹਿਲਾਂ ਵੈਸਟ ਵਿਧਾਨ ਸਭਾ ਹਲਕੇ ਦੀ ਉਪ ਚੋਣ ਦੌਰਾਨ 120 ਫੁੱਟ ਰੋਡ ’ਤੇ ਚਲਾਇਆ ਗਿਆ ਸੀ ਅਤੇ ਉਸ ਮਸ਼ੀਨ ਰਾਹੀਂ ਡਿਵਾਈਡਰਾਂ ਆਦਿ ਦੀ ਸਫ਼ਾਈ ਕੀਤੀ ਗਈ ਸੀ। ਹੁਣ ਫਿਰ ਨਿਗਮ ਚੋਣਾਂ ਦੇ ਮੱਦੇਨਜ਼ਰ ਇਸ ਵਾਟਰ ਸਪ੍ਰਿੰਕਲਰ ਮਸ਼ੀਨ ਨੂੰ ਫੀਲਡ ਵਿਚ ਉਤਾਰਿਆ ਗਿਆ ਹੈ। ਇਸ ਮਸ਼ੀਨ ਰਾਹੀਂ ਲਾਡੋਵਾਲੀ ਰੋਡ ਦੇ ਡਿਵਾਈਡਰਾਂ ਦੀ ਸਫਾਈ ਕੀਤੀ ਗਈ, ਜਿਸ ਦੌਰਾਨ ਪੌਦਿਆਂ ’ਤੇ ਵੀ ਪਾਣੀ ਦਾ ਛਿੜਕਾਅ ਕੀਤਾ ਗਿਆ ਅਤੇ ਸੜਕਾਂ ਨੂੰ ਵੀ ਧੋਇਆ ਗਿਆ। ਇਸ ਮਸ਼ੀਨ ਨੇ ਲੰਮਾ ਪਿੰਡ ਖੇਤਰ ਵਿਚ ਵੀ ਕੰਮ ਕੀਤਾ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਨਵੀਂ ਅਪਡੇਟ ਆਈ ਸਾਹਮਣੇ, 7 ਜ਼ਿਲ੍ਹਿਆਂ 'ਚ ਜਾਰੀ ਹੋਇਆ ਅਲਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8