ਚੀਨ ’ਚ ਵਿਖਾਵਾ: ਇਮਾਰਤ ’ਚ ਅੱਗ ਲੱਗਣ ਨਾਲ 10 ਲੋਕਾਂ ਦੀ ਮੌਤ ਮਗਰੋਂ ਦੇਸ਼ ’ਚ ਲਾਕਡਾਊਨ ਦਾ ਵਿਰੋਧ ਵਧਿਆ

11/27/2022 12:54:16 PM

ਜਲੰਧਰ (ਸਪੈਸ਼ਲ ਡੈਸਕ)-ਚੀਨ ਦੇ ਸ਼ਿਨਜਿਯਾਂਗ ਉਈਗਰ ਖੁਦ ਮੁਖਤਿਆਰ ਖੇਤਰ ਦੀ ਰਾਜਧਾਨ ਉਰੁਮਕੀ ਵਿਚ ਵੀਰਵਾਰ ਨੂੰ ਇਕ ਉੱਚੀ ਰਿਹਾਇਸ਼ੀ ਇਮਾਰਤ ਵਿਚ ਅੱਗ ਲੱਗਣ ਨਾਲ 10 ਲੋਕਾਂ ਦੀ ਮੌਤ ਹੋ ਗਈ ਸੀ , ਜਦਕਿ 9 ਲੋਕ ਜ਼ਖ਼ਮੀ ਹੋ ਗਏ। ਇਹ ਘਟਨਾ ਚੀਨ ਦੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ, ਜਿਸ ਤੋਂ ਬਾਅਦ ਉਰੁਮਕੀ ਸ਼ਹਿਰ ਵਿਚ ਪ੍ਰਸ਼ਾਸਨ ਖ਼ਿਲਾਫ਼ ਵਿਖਾਵੇ ਤੇਜ਼ ਹੋ ਗਏ, ਜਦਕਿ ਸ਼ਹਿਰ ਵਿਚ ਸਖ਼ਤ ਲਾਕਡਾਊਨ ਲੱਗਾ ਹੋਇਆ ਸੀ। ਚੀਨੀਆਂ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ਾਸਨ ’ਤੇ ਦੋਸ਼ ਲਗਾਏ ਕਿ ਲਾਕਡਾਊਨ ਕਾਰਨ ਬਚਾਅ ਮੁਹਿੰਮ ਵਿਚ ਰੁਕਾਵਟ ਆਈ ਸੀ। ਸੜਦੀ ਇਮਾਰਤ ’ਚੋਂ ਜਾਨ ਬਚਾ ਕੇ ਬਾਹਰ ਨਿਕਲ ਰਹੇ ਲੋਕਾਂ ਨੂੰ ਪ੍ਰਸ਼ਾਸਨ ਵਲੋਂ ਰੋਕਿਆ ਜਾ ਰਿਹਾ ਸੀ। ਦੱਸ ਦਈਏ ਕਿ ਇਸ ਸਾਲ ਅਗਸਤ ਤੋਂ ਉਰੁਮਕੀ ਸ਼ਹਿਰ ਵਿਚ ਲਾਕਡਾਊਨ ਦੇ ਸਖਤ ਨਿਯਮ ਲਾਗੂ ਹਨ। ਕਿਉਂਕਿ ਪਿਛਲੇ ਤਿੰਨ ਹਫ਼ਤਿਆਂ ਵਿਚ ਚੀਨ ਵਿਚ 2.53 ਲੱਖ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੇ ਮਾਮਲੇ ਪਾਏ ਗਏ ਹਨ। ਉਂਝ ਚੀਨ ਦੀ ਇਕ ਸਰਕਾਰੀ ਸਮਾਚਾਰ ਏਜੰਸੀ ਨੇ ਸ਼ੋਸਲ ਮੀਡੀਆ ’ਤੇ ਮੌਜੂਦਾ ਲਾਕਡਾਊਨ ਦੀਆਂ ਕੁਝ ਫੋਟੋਆਂ ਨੂੰ ਝੂਠਾ ਕਰਾਰ ਦਿੱਤਾ ਹੈ।

ਅਸੀਂ ਇਨਸਾਨ ਹਾਂ ਜਾਨਵਰ ਨਹੀਂ

ਉਰੁਮਕੀ ਦੀ ਨਾਗਰਿਕ ਨੇ ਨਾਂ ਨਾ ਉਜਾਗਰ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਲਾਕਡਾਊਨ ਕਾਰਨ ਪਿਛਲੇ ਤਿੰਨ ਮਹੀਨਿਆਂ ਤੋਂ ਉਹ ਘਰ ਵਿਚ ਕੈਦ ਹਨ ਪਰ ਸ਼ੁੱਕਰਵਾਰ ਰਾਤ ਨੂੰ ਅਚਾਨਕ ਸੈਂਕੜੇ ਲੋਕ ਲਾਕਡਾਊਨ ਖ਼ਿਲਾਫ਼ ਸੜਕਾਂ ’ਤੇ ਵਿਖਾਵੇ ਲਈ ਆ ਗਏ। ਮੈਂ ਵੀ ਵਿਖਾਵੇ ਵਿਚ ਹਿੱਸਾ ਲਿਆ। ਸ਼ਹਿਰ ਵਿਚ ਲਾਕਡਾਊਨ ਲਗਾਉਣਾ ਠੀਕ ਹੈ ਪਰ ਸੜਦੀ ਇਮਾਰਤ ’ਚੋਂ ਬਾਹਰ ਨਿਕਲਦੇ ਹੋਏ ਲੋਕਾਂ ਨੂੰ ਰੋਕਣਾ ਠੀਕ ਨਹੀਂ ਸੀ। ਅਸੀਂ ਇਨਸਾਨ ਹਾਂ ਜਾਨਵਰ ਨਹੀਂ।

ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ਵਿਖੇ ਦੋ ਭਰਾਵਾਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, ਚੱਲੇ ਤੇਜ਼ਧਾਰ ਹਥਿਆਰ, ਘਰ 'ਚ ਰੱਖਿਆ ਧੀ ਦਾ ਵਿਆਹ

PunjabKesari

2 ਲੱਖ ਲੋਕਾਂ ਨੂੰ ਭੋਜਨ ਅਤੇ ਦਵਾਈਆਂ ਦੀ ਕਿੱਲਤ

ਨਵੰਬਰ ਦੀ ਸ਼ੁਰੂਆਤ ਵਿਚ ਝੇਂਗਝੋਊ ਸ਼ਹਿਰ ਦੀ ਆਈਫੋਨ ਕੰਪਨੀ ਵਿਚ ਵੀ ਹਿੰਸਕ ਵਿਖਆਵੇ ਸ਼ੁਰੂ ਹੋ ਗਏ ਸਨ। 30 ਦਿਨਾਂ ਵਿਚ ਕੰਪਨੀ ਵਿਚ ਸਖ਼ਤ ਪਾਬੰਦੀਆਂ ਅਤੇ ਤਨਖ਼ਾਹ ਸਬੰਧੀ ਉੱਠੇ ਵਿਵਾਦ ਨਾਲ ਕੰਪਨੀ ਦੇ ਮੁਲਾਜ਼ਮ ਭੜਕ ਉੱਠੇ। ਹਾਲਾਂਕਿ ਐੱਪਲ ਪਲਾਂਟ ਵਿਚ ਅਕਤੂਬਰ ਤੋਂ ਤਣਾਅ ਵੇਖਿਆ ਜਾ ਰਿਹਾ ਸੀ। ਸਖ਼ਤ ਪਾਬੰਦੀਆਂ ਕਾਰਨ ਉਨ੍ਹਾਂ ਨੂੰ ਪਲਾਂਟ ’ਚੋਂ ਨਿਕਲਣ ਤੱਕ ਦੀ ਇਜਾਜ਼ਤ ਨਹੀਂ ਸੀ। ਪਲਾਂਟ ਵਿਚ ਭੋਜਨ ਅਤੇ ਦਵਾਈਆਂ ਦੀ ਵੀ ਉਨ੍ਹਾਂ ਨੂੰ ਕਿੱਲਤ ਹੋ ਰਹੀ ਸੀ। ਦੱਸ ਦਈਏ ਕਿ ਚੀਨ ਦੇ ਇਸ ਪਲਾਂਟ ਵਿਚ ਦੋ ਲੱਖ ਤੋਂ ਜ਼ਿਆਦਾ ਮੁਲਾਜ਼ਮ ਕੰਮ ਕਰਦੇ ਹਨ।

ਕੱਪੜਾ ਫੈਕਟਰੀ ਦੀ ਅੱਗ ’ਚ 38 ਦੀ ਹੋਈ ਸੀ ਮੌਤ

ਦੱਸ ਦਈਏ ਕਿ ਬੀਤੇ ਸੋਮਵਾਰ ਨੂੰ ਵੀ ਮੱਧ ਚੀਨ ਦੇ ਹੇਨਾਨ ਸੂਬੇ ਵਿਚ ਇਕ ਕੱਪੜਾ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ ਸੀ, ਇਹ ਅੱਗ ਹੇਨਾਨ ਦੇ ਵੇਨਫੇਂਗ ਜ਼ਿਲੇ ਵਿਚ ਲੱਗੀ ਸੀ। ਅੱਗ ਨੂੰ ਬੁਝਾਉਣ ਵਿਚ ਫਾਇਰ ਕਰਮੀਆਂ ਨੂੰ ਚਾਰ ਘੰਟੇ ਤੋਂ ਜ਼ਿਆਦਾ ਸਮਾਂ ਲੱਗਾ ਸੀ। ਇਸ ਘਟਨਾ ਵਿਚ 38 ਲੋਕਾਂ ਦੀ ਜਾਨ ਚਲੀ ਗਈ ਸੀ ਕਿਉਂਕਿ ਦੋ ਗੰਭੀਰ ਰੂਪ ਨਾਲ ਝੁਲਸ ਗਏ ਸਨ।

ਸ਼ਨੀਵਾਰ ਨੂੰ ਰਿਕਾਰਡ 32 ਹਜ਼ਾਰ ਕੋਵਿਡ ਕੇਸ ਆਏ

ਚੀਨ ਵਿਚ ਲਾਕਡਾਊਨ ਖਿਲਾਫ ਲੋਕਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਉਰੁਮਕੀ ਸ਼ਹਿਰ ਦੀ ਘਟਨਾ ਤੋਂ ਬਾਅਦ ਵਿਖਾਵੇ ਵਿਚ ਵੀ ਤੇਜ਼ੀ ਆਈ ਹੈ। ਬੀਤੇ ਤਿੰਨ ਸਾਲਾਂ ਤੋਂ ਚੀਨ ਕੋਵਿਡ ਨਾਲ ਨਜਿੱਠਣ ਲਈ ਸੰਘਰਸ਼ ਕਰ ਰਿਹਾ ਹੈ। ਪਰ ਕੋਵਿਡ ਮਰੀਜ਼ਾਂ ਦੀ ਵਧਦੀ ਗਿਣਤੀ ਕਾਰਨ ਇਸ ਸਮੇਂ ਚੀਨੀ ਪ੍ਰਸ਼ਾਸਨ ਬਹੁਤ ਦਬਾਅ ਵਿਚ ਹੈ। ਬੀਤੇ ਸ਼ਨੀਵਾਰ ਨੂੰ ਚੀਨ ਵਿਚ 32 ਹਜ਼ਾਰ ਕੋਵਿਡ ਦੇ ਨਵੇਂ ਮਾਮਲੇ ਸਾਹਮਣੇ ਆਏ। ਜ਼ਿਆਦਾਤਰ ਕੋਵਿਡ ਦੇ ਇਹ ਕੇਸ ਚੀਨ ਦੇ ਵੱਡੇ ਸ਼ਹਿਰਾਂ ਜਿਵੇਂ, ਚੀਨੀ ਰਾਜਧਾਨੀ ਬੀਜਿੰਗ, ਗੁਆਂਗਤੋ ਅਤੇ ਚੋਂਗਕਿੰਗ ਤੋਂ ਆ ਰਹੇ ਹਨ।

ਇਹ ਵੀ ਪੜ੍ਹੋ : ਟਾਂਡਾ ਵਿਖੇ ਵਿਆਹ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਨਸ਼ੇ ਦੀ ਓਵਰਡੋਜ਼ ਨਾਲ ਵਿਅਕਤੀ ਦੀ ਹੋਈ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News