80 ਹਜ਼ਾਰ ਰੁਪਏ ਦੇ ਹਿਸਾਬ ਨਾਲ ਕਰਦੇ ਸਨ ਸਪਲਾਈ, ਦੋਵੇਂ ਮੁਲਜ਼ਮ 1 ਦਿਨ ਦੇ ਪੁਲਸ ਰਿਮਾਂਡ ''ਤੇ

11/17/2019 6:27:17 PM

ਜਲੰਧਰ (ਮਹੇਸ਼)— ਅੱਧਾ ਕਿਲੋ ਅਫੀਮ ਸਮੇਤ ਫੜੇ ਗਏ ਜਸਪ੍ਰੀਤ ਸਿੰਘ ਸੋਢੀ ਅਤੇ ਧਰਮਿੰਦਰ ਸਿੰਘ ਕੌਲੀ ਨੇ ਕਿਹਾ ਹੈ ਕਿ ਉਹ ਰਾਜਸਥਾਨ ਤੋਂ 50 ਹਜ਼ਾਰ ਰੁਪਏ ਪ੍ਰਤੀ ਕਿਲੋ ਅਫੀਮ ਲਿਆ ਕੇ 80 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਜਲੰਧਰ ਦੇ ਵੱਖ-ਵੱਖ ਇਲਾਕਿਆਂ 'ਚ ਸਪਲਾਈ ਕਰਦੇ ਸਨ। ਏ. ਸੀ. ਪੀ. ਜਲੰਧਰ ਕੈਂਟ ਮੇਜਰ ਸਿੰਘ ਢੱਡਾ ਨੇ ਦੱਸਿਆ ਕਿ ਥਾਣਾ ਸਦਰ ਅਧੀਨ ਆਉਂਦੇ ਪਿੰਡ ਫੋਲੜੀਵਾਲ ਵਾਸੀ ਉਕਤ ਦੋਵਾਂ ਮੁਲਜ਼ਮਾਂ ਨੂੰ ਕੱਲ ਥਾਣਾ ਕੈਂਟ ਦੇ ਮੁਖੀ ਇੰਸਪੈਕਟਰ ਰਾਮਪਾਲ ਦੀ ਅਗਵਾਈ 'ਚ ਪੁਰਾਣੀ ਚੁੰਗੀ ਸੰਸਾਰਪੁਰ ਨੇੜਿਓਂ ਥਾਣਾ ਕੈਂਟ ਦੇ ਐੱਸ. ਆਈ. ਜਸਵੰਤ ਸਿੰਘ ਅਤੇ ਏ. ਐੱਸ. ਆਈ. ਗੁਰਦੀਪ ਚੰਦ ਨੇ ਫੜਿਆ ਸੀ। ਬੀਤੇ ਦਿਨ ਉਨ੍ਹਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ।

ਏ. ਸੀ. ਪੀ. ਮੇਜਰ ਸਿੰਘ ਨੇ ਦੱਸਿਆ ਕਿ ਪੁੱਛਗਿੱਛ 'ਚ 45 ਸਾਲ ਦੇ ਸੋਢੀ ਨੇ ਕਿਹਾ ਹੈ ਕਿ ਉਹ ਹਲਵਾਈ ਦਾ ਕੰਮ ਕਰਦਾ ਹੈ ਅਤੇ 35 ਸਾਲ ਦਾ ਕੌਲੀ ਉਸ ਦੇ ਸਹਾਇਕ ਵਜੋਂ ਉਸ ਕੋਲ ਕੰਮ ਕਰਦਾ ਹੈ। ਉਸ ਨੇ ਕਿਹਾ ਕਿ ਕਾਫੀ ਸਮੇਂ ਤੋਂ ਹਲਵਾਈ ਦੇ ਕੰਮ 'ਚ ਕਾਫ਼ੀ ਮੰਦੀ ਚੱਲਣ ਕਾਰਣ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਿਲ ਹੋ ਗਿਆ ਸੀ, ਜਿਸ ਕਾਰਨ ਉਹ ਅਫੀਮ ਦੀ ਸਮੱਗਲਿੰਗ ਕਰਨ ਲੱਗ ਪਿਆ ਅਤੇ ਕੌਲੀ ਨੂੰ ਉਸ ਨੇ ਸਪਲਾਇਰ ਦੇ ਤੌਰ 'ਤੇ ਰੱਖ ਲਿਆ। ਉਸ ਨੇ ਕਿਹਾ ਕਿ ਰਾਜਸਥਾਨ ਦੇ ਟਰੱਕ ਚਾਲਕਾਂ ਤੋਂ ਉਹ ਅਫੀਮ ਲੈ ਕੇ ਆਉਂਦੇ ਸਨ। ਏ. ਸੀ. ਪੀ. ਢੱਡਾ ਨੇ ਕਿਹਾ ਕਿ ਉਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨਾਲ ਇਸ ਨਾਜਾਇਜ਼ ਧੰਦੇ 'ਚ ਕਿਹੜੇ-ਕਿਹੜੇ ਲੋਕ ਜੁੜੇ ਹੋਏ ਸਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਲੱਖਾਂ ਰੁਪਏ ਦੀ ਕੀਮਤ ਵਾਲੀ ਅਫੀਮ ਸੋਢੀ ਅਤੇ ਕੌਲੀ ਪਰਚੂਨ 'ਚ ਵੇਚ ਰਹੇ ਸਨ।


shivani attri

Content Editor

Related News