ਸਿਵਲ ਹਸਪਤਾਲ ਦੇ ਓ.ਪੀ.ਡੀ. ਵਿਭਾਗ ’ਚ ਰਜਿਸਟ੍ਰੇਸ਼ਨ ਕਰਵਾਉਣ ਲਈ ਰੋਗੀ ਹੋ ਰਹੇ ਨੇ ਖੱਜਲ-ਖੁਆਰ

Tuesday, Jun 04, 2019 - 12:54 AM (IST)

ਸਿਵਲ ਹਸਪਤਾਲ ਦੇ ਓ.ਪੀ.ਡੀ. ਵਿਭਾਗ ’ਚ ਰਜਿਸਟ੍ਰੇਸ਼ਨ ਕਰਵਾਉਣ ਲਈ ਰੋਗੀ ਹੋ ਰਹੇ ਨੇ ਖੱਜਲ-ਖੁਆਰ

ਰੂਪਨਗਰ, (ਕੈਲਾਸ਼)- ਗਰਮੀਆਂ ਦੇ ਮੌਸਮ ’ਚ ਪੈਦਾ ਹੋਣ ਵਾਲੇ ਮੱਛਰਾਂ, ਮੱਖੀਆਂ ਦੇ ਕਾਰਣ ਰੋਗ ਫੈਲਣ ਦਾ ਡਰ ਬਣਿਆ ਰਹਿੰਦਾ ਹੈ ਅਤੇ ਬੀਮਾਰੀਆਂ ’ਚ ਵੀ ਵਾਧਾ ਦੇਖਣ ਨੂੰ ਮਿਲਦਾ ਹੈ ਜਿਸ ਦੇ ਕਾਰਣ ਸਿਵਲ ਹਸਪਤਾਲ ਰੂਪਨਗਰ ’ਚ ਆਉਣ ਵਾਲੇ ਰੋਗੀਆਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ।

ਇਸ ਸਬੰਧੀ ਜਦੋਂ ਸਿਵਲ ਹਸਪਤਾਲ ਰੂਪਨਗਰ ਦਾ ਦੌਰਾ ਕੀਤਾ ਗਿਆ ਤਾਂ ਓ.ਪੀ.ਡੀ. ਵਿਭਾਗ ’ਚ ਰਜਿਸਟ੍ਰੇਸ਼ਨ ਕਰਵਾਉਣ ਲਈ ਸੈਂਕਡ਼ੇ ਲੋਕਾਂ ਦੀ ਭੀਡ਼ ਲੱਗੀ ਹੋਈ ਸੀ ਪਰ ਰਜਿਸਟ੍ਰੇਸ਼ਨ ਕਰਨ ਲਈ ਕੇਵਲ ਇਕ ਹੀ ਕਰਮਚਾਰੀ ਤਾਇਨਾਤ ਹੋਣ ਅਤੇ ਸਟਾਫ ਦੀ ਕਮੀ ਹੋਣ ਕਾਰਣ ਲੋਕਾਂ ਨੂੰ ਆਪਣੀ ਵਾਰੀ ਲਈ ਘੰਟਿਆਂਬੱਧੀ ਇੰਤਜ਼ਾਰ ਕਰਨਾ ਪੈ ਰਿਹਾ ਸੀ। ਕੁਝ ਲੋਕ ਤਾਂ ਥੱਕ ਹਾਰ ਕੇ ਓ.ਪੀ.ਡੀ. ਵਿਭਾਗ ’ਚ ਪਿੱਛੇ ਰੱਖੀਆਂ ਕੁਰਸੀਆਂ ’ਤੇ ਬੈਠ ਗਏ। ਪਰ ਜਿਨ੍ਹਾਂ ਨੂੰ ਬੈਠਣ ਲਈ ਜਗ੍ਹਾ ਨਹੀਂ ਮਿਲੀ ਉਹ ਪੌਡ਼ੀਆਂ ’ਚ ਬੈਠ ਕੇ ਵਾਰੀ ਦਾ ਇੰਤਜ਼ਾਰ ਕਰਦੇ ਦੇਖੇ ਗਏ।

ਗਰਮੀ ’ਚ ਪੱਖੇ ਵੀ ਰਹਿੰਦੇ ਹਨ ਬੰਦ

ਇਕ ਪਾਸੇ ਰੋਗੀਆਂ ਦੀ ਭੀਡ਼ ਅਤੇ ਦੂਜੇ ਪਾਸੇ ਗਰਮੀ ਨੇ ਰੋਗੀਆਂ ਦਾ ਹਾਲ ਬੇਹਾਲ ਕੀਤਾ ਹੋਇਆ ਸੀ। ਰੋਗੀਆਂ ਦੀ ਸੁਵਿਧਾ ਲਈ ਲਾਏ ਕੁਝ ਪੱਖੇ ਵੀ ਬੰਦ ਪਏ ਸਨ। ਦੁਖੀ ਲੋਕਾਂ ਨੇ ਦੱਸਿਆ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਸਿਵਲ ਹਸਪਤਾਲ ’ਚ ਇਲਾਜ ਕਰਵਾਉਣ ਲਈ ਵਾਰ-ਵਾਰ ਅਪੀਲ ਕਰਦੀ ਹੈ। ਪਰ ਦੂਜੇ ਪਾਸੇ ਉਨ੍ਹਾਂ ਨੂੰ ਇਸ ਤਰ੍ਹਾਂ ਖੱਜਲ-ਖੁਆਰ ਹੋਣਾ ਪੈਂਦਾ ਹੈ। ਪਹਿਲਾਂ ਤਾਂ ਰਜਿਸਟ੍ਰੇਸ਼ਨ ਕਰਵਾਉਣ ਲਈ ਘੰਟਿਆਂਬੱਧੀ ਇੰਤਜ਼ਾਰ ਕਰਨਾ ਪੈਂਦਾ ਹੈ। ਉਸ ਦੇ ਬਾਅਦ ਫਿਰ ਸਬੰਧਤ ਡਾਕਟਰ ਦੇ ਕੋਲ ਓ.ਪੀ.ਡੀ. ਦੀ ਰਜਿਸਟ੍ਰੇਸ਼ਨ ਪਰਚੀ ਜਮ੍ਹਾ ਕਰਵਾਉਣ ਦੇ ਬਾਅਦ ਵੀ ਉਨ੍ਹਾਂ ਨੂੰ ਘੰਟਿਆਂ ਤੱਕ ਚੈੱਕਅਪ ਲਈ ਇੰਤਜ਼ਾਰ ਕਰਨਾ ਪੈਂਦਾ ਹੈ।

ਲੈਬ ਟੈਸਟ ਦਾ ਵੀ ਨਿਕਲ ਜਾਂਦਾ ਹੈ ਸਮਾਂ

ਉਨ੍ਹਾਂ ਦੱਸਿਆ ਕਿ ਉਕਤ ਕਾਰਣਾਂ ਕਰ ਕੇ ਜਦੋਂ ਦੇਰੀ ਹੋ ਜਾਂਦੀ ਹੈ ਤਾਂ ਡਾਕਟਰਾਂ ਵੱਲੋਂ ਲਿਖੇ ਗਏ ਲੈਬ ਟੈਸਟ ਦਾ ਸਮਾਂ ਵੀ ਨਿਕਲ ਜਾਂਦਾ ਹੈ ਅਤੇ ਉਨ੍ਹਾਂ ਨੂੰ ਫਿਰ ਅਗਲੇ ਦਿਨ ਆ ਕੇ ਲੈਬ ਟੈਸਟ ਕਰਵਾਉਣੇ ਪੈਂਦੇ ਹਨ। ਜਿਸ ਨਾਲ ਉਨ੍ਹਾਂ ਦਾ ਪੈਸਾ ਅਤੇ ਸਮਾਂ ਬਰਬਾਦ ਹੁੰਦਾ ਹੈ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਓ.ਪੀ.ਡੀ. ਵਿਭਾਗ ’ਚ ਰਜਿਸਟ੍ਰੇਸ਼ਨ ਕਰਨ ਲਈ ਹੋਰ ਸਟਾਫ ਨਿਯੁਕਤ ਕੀਤਾ ਜਾਵੇ ਤਾਂ ਕਿ ਉਨ੍ਹਾਂ ਦਾ ਸਮਾਂ ਬਰਬਾਦ ਨਾ ਹੋਵੇ।

ਸੀਨੀਅਰ ਸਿਟੀਜ਼ਨਜ਼ ਲਈ ਨਹੀਂ ਹੈ ਕੋਈ ਅਲੱਗ ਕਾਊਂਟਰ

ਇਥੋਂ ਤਕ ਕਿ ਸੀਨੀਅਰ ਸਿਟੀਜ਼ਨਜ਼ ਨੂੰ ਓ.ਪੀ.ਡੀ. ਵਿਭਾਗ ’ਚ ਰਜਿਸਟ੍ਰੇਸ਼ਨ ਕਰਵਾਉਣ ਲਈ ਕੋਈ ਅਲੱਗ ਸੁਵਿਧਾ ਨਹੀਂ ਮਿਲ ਰਹੀ। ਇਸ ਮੌਕੇ ਮੌਜੂਦ ਸੀਨੀਅਰ ਸਿਟੀਜ਼ਨ ਨੇ ਨਵ-ਨਿਯੁਕਤ ਜ਼ਿਲਾ ਸਿਵਲ ਸਰਜਨ ਅਤੇ ਸਿਵਲ ਹਸਪਤਾਲ ਦੇ ਐੱਸ.ਐੱਮ.ਓ ਤੋਂ ਸੀਨੀਅਰ ਸਿਟੀਜ਼ਨ ਲਈ ਅਲੱਗ ਓ.ਪੀ.ਡੀ. ਰਜਿਸਟ੍ਰੇਸ਼ਨ ਕਾਊਂਟਰ ਖੋਲ੍ਹਣ ਦੀ ਮੰਗ ਕੀਤੀ।

ਕੀ ਕਹਿੰਦੇ ਨੇ ਐੱਸ.ਐੱਮ.ਓ.

ਜਦੋਂ ਇਸ ਸਬੰਧੀ ਸਿਵਲ ਹਸਪਤਾਲ ਰੂਪਨਗਰ ਦੇ ਐੱਸ.ਐੱਮ.ਓ. ਡਾ. ਤਰਸੇਮ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਓ.ਪੀ.ਡੀ. ਰਜਿਸਟ੍ਰੇਸ਼ਨ ਵਿਭਾਗ ’ਚ ਦੋ ਕਰਮਚਾਰੀ ਤਾਇਨਾਤ ਹਨ ਜਿਨ੍ਹਾਂ ’ਚੋਂ ਇਕ ਰੋਗੀਆਂ ਦੀ ਰਜਿਸਟ੍ਰੇਸ਼ਨ ਕਰਦਾ ਹੈ ਅਤੇ ਦੂਸਰੇ ਕਰਮਚਾਰੀ ਵੱਲੋਂ ਫੀਸ ਵਸੂਲ ਕੀਤੀ ਜਾਂਦੀ ਹੈ। ਕਾਫੀ ਸਮੇਂ ਤੋਂ ਕੰਪਿਊਟਰ ਸਿਸਟਮ ਬੰਦ ਹੈ ਅਤੇ ਕਰਮਚਾਰੀਆਂ ਵੱਲੋਂ ਮੈਨੂਅਲ ਢੰਗ ਨਾਲ ਹੀ ਕੰਮ ਕੀਤਾ ਜਾ ਰਿਹਾ ਹੈ। ਵਿਭਾਗ ’ਚ ਕੁਝ ਟ੍ਰੇਨਿੰਗ ਲਈ ਨਰਸਿੰਗ ਕਾਲਜ ਦੇ ਸਟੂਡੈਂਟ ਵੀ ਤਾਇਨਾਤ ਕੀਤੇ ਜਾਂਦੇ ਹਨ। ਪਰ ਇਕ ਹੀ ਓ.ਪੀ.ਡੀ. ਰਜਿਸਟਰ ਹੋਣ ਕਾਰਣ ਇਕ ਹੀ ਵਿਅਕਤੀ ਉਸ ’ਚ ਐਂਟਰੀ ਪਾ ਸਕਦਾ ਹੈ। ਜਿਸ ਕਾਰਣ ਸਮਾਂ ਲੱਗ ਜਾਂਦਾ ਹੈ। ਸੀਨੀਅਰ ਸਿਟੀਜ਼ਨ ਸਬੰਧੀ ਉਨ੍ਹਾਂ ਦੱਸਿਆ ਕਿ ਸੀਨੀਅਰ ਸਿਟੀਜ਼ਨ ਲਈ ਅਲੱਗ ਕਾਊਂਟਰ ਲਾਇਆ ਗਿਆ ਸੀ। ਪਰ ਔਰਤਾਂ, ਸੀਨੀਅਰ ਸਿਟੀਜ਼ਨ ਅਤੇ ਹੋਰ ਰੋਗੀਆਂ ਲਈ ਇਕ ਹੀ ਕਰਮਚਾਰੀ ਤਾਇਨਾਤ ਹੋਣ ਕਾਰਣ ਇਹ ਸਿਸਟਮ ਵੱਧ ਦੇਰ ਤੱਕ ਨਹੀਂ ਚੱਲ ਸਕਿਆ। ਉਨ੍ਹਾਂ ਕਿਹਾ ਕਿ ਸਮੱਸਿਆ ਦਾ ਹੱਲ ਸਿਵਲ ਸਰਜਨ ਨੂੰ ਮਿਲ ਕੇ ਕੀਤਾ ਜਾਵੇਗਾ।


author

Bharat Thapa

Content Editor

Related News