ਮਿੱਟੀ ਨਾਲ ਲੱਦੇ ਤੇਜ਼ ਰਫ਼ਤਾਰ ਟਿੱਪਰ ਨੇ ਸਕੂਟਰੀ ਨੂੰ ਮਾਰੀ ਟੱਕਰ, ਇਕ ਦੀ ਮੌਤ

Wednesday, Feb 21, 2024 - 12:28 PM (IST)

ਮਿੱਟੀ ਨਾਲ ਲੱਦੇ ਤੇਜ਼ ਰਫ਼ਤਾਰ ਟਿੱਪਰ ਨੇ ਸਕੂਟਰੀ ਨੂੰ ਮਾਰੀ ਟੱਕਰ, ਇਕ ਦੀ ਮੌਤ

ਨਡਾਲਾ (ਸ਼ਰਮਾ)-ਨਡਾਲਾ-ਸੁਭਾਨਪੁਰ ਸੜਕ ’ਤੇ ਪਿੰਡ ਜੱਗਾਂ ਅੱਡੇ ’ਤੇ ਇਕ ਮਿੱਟੀ ਨਾਲ ਲੱਦੇ ਤੇਜ਼ ਰਫ਼ਤਾਰ ਟਿੱਪਰ ਨੇ ਸਕੂਟਰੀ ਸਵਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸਕੂਟਰੀ ਸਵਾਰ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਦੇ ਚਾਚਾ ਰਤਨ ਸਿੰਘ ਵਾਸੀ ਇਬਰਾਹੀਮਵਾਲ ਨੇ ਦੱਸਿਆ ਕਿ ਉਸ ਦਾ ਭਤੀਜਾ ਗੁਰਮੀਤ ਸਿੰਘ (61) ਪੁੱਤਰ ਕਰਨੈਲ ਸਿੰਘ ਸੰਧੂ ਵਾਸੀ ਇਬਰਾਹੀਮਵਾਲ ਸਵੇਰੇ 5 ਵਜੇ ਆਪਣੀ ਸਕੂਟਰੀ ’ਤੇ ਜਾ ਰਿਹਾ ਸੀ, ਜਦੋਂ ਉਹ ਪਿੰਡ ਜੱਗਾਂ ਵਿਖੇ ਪੁੱਜਾ ਤਾਂ ਸੁਭਾਨਪੁਰ ਤਰਫੋਂ ਆ ਰਹੇ ਤੇਜ਼ ਰਫ਼ਤਾਰ ਟਿੱਪਰ, ਜਿਸ ’ਚ ਮਿੱਟੀ ਲੱਦੀ ਹੋਈ ਸੀ, ਨੇ ਗਲਤ ਸਾਈਡ ਤੋਂ ਲਿਆ ਕੇ ਉਸ ਨੂੰ ਦਰੜ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੌਰਾਨ ਟਿੱਪਰ ਵੀ ਪਲਟ ਗਿਆ ਅਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

ਗੱਲਬਾਤ ਕਰਦੇ ਹੋਏ ਚੌਕੀ ਇੰਚਾਰਜ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਉਹ ਪੁਲਸ ਪਾਰਟੀ ਨਾਲ ਮੌਕੇ ’ਤੇ ਪੁੱਜੇ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਕਬਜ਼ੇ ’ਚ ਲੈ ਕੇ ਕਪੂਰਥਲਾ ਮੋਰਚਰੀ ਰਖਵਾਇਆ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਹਾਦਸੇ ਦੀ ਤਫ਼ਤੀਸ਼ ਆਰੰਭ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਜੈਕਾਰਿਆਂ ਦੀ ਗੂੰਜ 'ਚ ਵਾਰਾਣਸੀ ਲਈ ਵਿਸ਼ੇਸ਼ ਟਰੇਨ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਅੱਜ ਹੋਵੇਗੀ ਰਵਾਨਾ

PunjabKesari

ਹੈਵੀ ਓਵਰਲੋਡ ਟਿੱਪਰਾਂ/ਭਾਰੀ ਵਾਹਨਾਂ ਕਾਰਨ ਕਈ ਲੋਕਾਂ ਦੀ ਹੋ ਚੁੱਕੀ ਹੈ ਮੌਤ
ਸਥਾਨਕ ਲੋਕਾਂ ਮਨਜਿੰਦਰ ਸਿੰਘ ਲਾਡੀ ਜ਼ਿਲਾ ਪ੍ਰਧਾਨ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਕਪੂਰਥਲਾ, ਬਲਵਿੰਦਰ ਸਿੰਘ ਬਿੱਟੂ ਖੱਖ ਨਡਾਲਾ, ਸਰਪੰਚ ਸੰਤੋਸ਼ ਕੁਮਾਰੀ ਸ਼ਰਮਾ, ਸਰਪੰਚ ਸੁਖਜਿੰਦਰ ਸਿੰਘ ਸੰਧੂ, ਸਤਪਾਲ ਸਿੱਧੂ, ਸੁਰਜੀਤ ਕੁਮਾਰ, ਸਰਪੰਚ ਸਤਨਾਮ ਅਤੇ ਹੋਰਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਪਿੰਡਾਂ ’ਚ ਹੈਵੀ ਓਵਰਲੋਡ ਟਿੱਪਰਾਂ/ਭਾਰੀ ਵਾਹਨਾਂ ਦੇ ਚੱਲਣ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਹੁਕਮਾਂ ਦਾ ਸਿਰਫ਼ 2-3 ਦਿਨ ਹੀ ਅਸਰ ਰਹਿੰਦਾ ਹੈ ਫਿਰ ਦੋਬਾਰਾ ਉਹ ਹੀ ਹਾਲਾਤ ਬਣ ਜਾਂਦੇ ਹਨ, ਜਿਸ ਦਾ ਖਮਿਆਜ਼ਾ ਬੇਕਸੂਰ ਲੋਕਾਂ ਨੂੰ ਭੁਗਤਣਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਹੈਵੀ ਓਵਰਲੋਡ ਟਿੱਪਰਾਂ/ਭਾਰੀ ਵਾਹਨਾਂ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਟਰੱਕਾਂ ਤੇ ਟਿੱਪਰਾਂ ਕਾਰਨ ਕਈ-ਕਈ ਘੰਟੇ ਤਕ ਟਰੈਫਿਕ ਜਾਮ ਵੀ ਲੱਗ ਜਾਂਦਾ ਹੈ, ਜਿਸ ਕਾਰਨ ਰਾਹਗੀਰਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਪ੍ਰਸ਼ਾਸਨ ਵੱਲੋਂ ਦਿਨ ਵੇਲੇ ਪਾਬੰਦੀ ਲਗਾਉਣ ਦੇ ਬਾਵਜੂਦ ਟਰੱਕ-ਟਿੱਪਰਾਂ ਵਾਲੇ ਨਹੀਂ ਕਰ ਰਹੇ ਕੋਈ ਪ੍ਰਵਾਹ!
ਜ਼ਿਕਰਯੋਗ ਹੈ ਕਿ ਚੌਲਾਂਗ ਟੋਲ ਪਲਾਜ਼ੇ ਤੋਂ ਬਚਣ ਲਈ ਓਵਰਲੋਡ ਟਰੱਕ ਤੇ ਟਿੱਪਰਾਂ ਦੇ ਡਰਾਈਵਰ ਸੁਭਾਨਪੁਰ, ਤਾਜਪੁਰ, ਮੁਸਤਫਾਬਾਦ, ਮੁੱਦੋਵਵਾਲ, ਲਖਣ ਕੇ ਪੱਡਾ, ਜੱਗਾਂ, ਨਡਾਲਾ, ਇਬਰਾਹੀਮਬਾਲ, ਤਲਵੰਡੀ, ਮਕਸੂਦਪੁਰ, ਨੰਗਰ ਲੁਬਾਣਾ, ਫਤਿਹਪੁਰ ਸਿਕਰੀ, ਬੇਗੋਵਾਲ ਤੋਂ ਹੁੰਦੇ ਹੋਏ ਟਾਂਡਾ ਜਾ ਪਠਾਣਕੋਟ ਆ-ਜਾ ਰਹੇ ਹਨ। ਇਸ ਕਰ ਕੇ ਪਿੰਡਾਂ ’ਚ ਹਾਦਸੇ ਵਾਪਰ ਰਹੇ ਹਨ। ਇਨ੍ਹਾਂ ਓਵਰਲੋਡ ਟਰੱਕ ਤੇ ਟਿੱਪਰਾਂ ਕਰਕੇ ਕਈ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਇਹ ਵੀ ਦੱਸਣਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਦਿਨ ਵੇਲੇ ਕਈ ਪਿੰਡਾਂ ’ਚ ਟਰੱਕ-ਟਿੱਪਰਾਂ ਨੂੰ ਲਿਜਾਣ ਦੀ ਮਨਾਹੀ ਦੇ ਹੁਕਮ ਜਾਰੀ ਕੀਤੇ ਹੋਏ ਹਨ ਪਰ ਇਸ ਦੇ ਬਾਵਜੂਦ ਟਰੱਕ-ਟਿੱਪਰਾਂ ਵਾਲੇ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ।

ਇਹ ਵੀ ਪੜ੍ਹੋ: ਵਿਦੇਸ਼ਾਂ 'ਚ ਵਸੇ ਪੰਜਾਬੀਆਂ ਦੇ ਦਿਲਾਂ 'ਚ ਧੜਕਦੈ ਪੰਜਾਬ, ਕੈਨੇਡਾ-ਅਮਰੀਕਾ ਭੇਜੀਆਂ ਜਾ ਰਹੀਆਂ ਇਹ ਰਵਾਇਤੀ ਚੀਜ਼ਾਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News