ਫੇਸਬੁੱਕ ''ਤੇ ਅਸਲੇ ਨਾਲ ਫੋਟੋ ਪਾਉਣ ਦੇ ਚੱਕਰ ''ਚ ਰੱਖਿਆ ਸੀ ਪਿਸਤੌਲ, ਕਾਬੂ
Sunday, Apr 28, 2019 - 10:59 AM (IST)
ਜਲੰਧਰ (ਮਾਹੀ)— ਥਾਣਾ ਮਕਸੂਦਾਂ ਦੀ ਪੁਲਸ ਵੱਲੋਂ ਦੇਸੀ ਪਿਸਤੌਲ ਸਮੇਤ ਇਕ ਨੌਜਵਾਨ ਨੂੰ ਕਾਬੂ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਪ੍ਰੈੱਸ ਕਾਨਫਰੰਸ 'ਚ ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਜਰਨੈਲ ਸਿੰਘ ਨੇ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਥਾਣਾ ਮਕਸੂਦਾਂ ਦੇ ਏ. ਐੱਸ. ਆਈ. ਰਜਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੇਤ ਪੁਲਸ ਪਾਰਟੀ ਪਿੰਡ ਲਿੱਧੜਾਂ ਨਜ਼ਦੀਕ ਗਸ਼ਤ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਪਿੰਡ ਨੁੱਸੀ ਦੀ ਨਹਿਰ ਵਾਲੀ ਪੁਲੀ ਦੇ ਕੱਚੇ ਰਸਤੇ 'ਤੇ ਇਕ ਨੌਜਵਾਨ ਪੈਦਲ ਤੁਰਿਆ ਆ ਰਿਹਾ ਸੀ, ਜੋ ਪੁਲਸ ਪਾਰਟੀ ਨੂੰ ਵੇਖ ਕੇ ਫਰਾਰ ਹੋਣ ਲੱਗਾ ਤਾਂ ਪੁਲਸ ਪਾਰਟੀ ਨੇ ਉਸ ਦਾ ਪਿੱਛਾ ਕਰ ਕੇ ਕਾਬੂ ਕਰ ਲਿਆ। ਉਸ ਦੀ ਤਲਾਸ਼ੀ ਲਏ ਜਾਣ 'ਤੇ ਡੱਬ 'ਚੋਂ ਇਕ ਦੇਸੀ ਪਿਸਤੌਲ ਬਰਾਮਦ ਹੋਇਆ ਅਤੇ ਪਿਸਤੌਲ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਦੇ ਮੈਗਜ਼ੀਨ 'ਚ 5 ਜ਼ਿੰਦਾ 7.65 ਐੱਮ. ਐੱਮ. ਦੇ ਕਾਰਤੂਸ ਵੀ ਬਰਾਮਦ ਹੋਏ।
ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਨੌਜਵਾਨ ਦੀ ਪਛਾਣ ਇਰਸ਼ਾਨ ਸ਼ਰਮਾ ਪੁੱਤਰ ਸੁਸ਼ੀਲ ਸ਼ਰਮਾ ਵਾਸੀ ਮਕਾਨ ਨੰਬਰ-50, ਕੇਸ਼ਵ ਨਗਰ, ਥਾਣਾ ਡਿਵੀਜ਼ਨ ਨੰ. 7 ਜਲੰਧਰ ਵਜੋਂ ਹੋਈ ਹੈ। ਥਾਣਾ ਮਕਸੂਦਾਂ ਦੀ ਪੁਲਸ ਵੱਲੋਂ ਕਾਬੂ ਕੀਤੇ ਗਏ ਇਰਸ਼ਾਨ ਸ਼ਰਮਾ ਪੁੱਤਰ ਸੁਸ਼ੀਲ ਸ਼ਰਮਾ ਖਿਲਾਫ ਨਾਜਾਇਜ਼ ਅਸਲਾ ਰੱਖਣ ਦੇ ਸਬੰਧ 'ਚ ਥਾਣਾ ਮਕਸੂਦਾਂ ਦੀ ਪੁਲਸ ਵੱਲੋਂ ਕੇਸ ਦਰਜ ਕਰ ਦਿੱਤਾ ਗਿਆ। ਪੁਲਸ ਦਾ ਕਹਿਣਾ ਹੈ ਕਿ ਕਾਬੂ ਕੀਤੇ ਗਏ ਨੌਜਵਾਨ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਜੇਲ ਭੇਜ ਦਿੱਤਾ ਗਿਆ ਹੈ।
ਏ. ਐੱਸ. ਆਈ. ਰਜਿੰਦਰ ਕੁਮਾਰ ਨੇ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨ ਨੇ ਇਹ ਨਾਜਾਇਜ਼ ਪਿਸਤੌਲ ਸ਼ੌਕੀਆ ਤੌਰ 'ਤੇ ਰੱਖਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਸ ਨੂੰ ਪਿਸਤੌਲ ਨਾਲ ਫੋਟੋ ਕਰਵਾ ਕੇ ਆਪਣੀ ਫੇਸਬੁੱਕ ਆਈ. ਡੀ. 'ਤੇ ਅਪਲੋਡ ਕਰਨ ਦਾ ਸ਼ੌਕ ਸੀ। ਇਸ ਨੌਜਵਾਨ ਉੱਪਰ ਪਹਿਲਾਂ ਕਿਸੇ ਵੀ ਥਾਣੇ 'ਚ ਕੋਈ ਮਾਮਲਾ ਦਰਜ ਨਹੀਂ ਹੈ।