ਧੋਗੜੀ ’ਚ ਫਾਇਰਿੰਗ ਦੇ ਮਾਮਲੇ ’ਚ ਇਕ ਗ੍ਰਿਫ਼ਤਾਰ, ਪਹਿਲਾਂ ਵੀ ਦਰਜ 2 ਮਾਮਲਿਆਂ ਵਿਚ ਸੀ ਲੋੜੀਂਦਾ
Sunday, Jan 25, 2026 - 12:00 PM (IST)
ਜਲੰਧਰ (ਮਹੇਸ਼)-14 ਜਨਵਰੀ ਨੂੰ ਪਿੰਡ ਧੋਗੜੀ ਵਿਚ ਦੁੱਧ ਦੀ ਡੇਅਰੀ ’ਤੇ ਜੰਡੂਸਿੰਘਾ ਵਿਚ ਕੰਮ ਕਰਦੇ ਵਿਨਤ ਕੁਮਾਰ ਪੁੱਤਰ ਰਮੇਸ਼ ਕੁਮਾਰ ’ਤੇ ਗੋਲ਼ੀਆਂ ਚਲਾਉਣ ਦੇ ਮਾਮਲੇ ਵਿਚ ਨਾਮਜ਼ਦ ਕੀਤੇ ਹਮਲਾਵਰਾਂ ਵਿਚੋਂ ਇਕ ਹੋਰ ਮੁਲਜ਼ਮ ਅਨੀਸ਼ ਪੁੱਤਰ ਪਾਲ ਮਸੀਹ ਨਿਵਾਸੀ ਪਿੰਡ ਧੋਗੜੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਭਲਕੇ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਉਸ ਤੋਂ ਵਿਨਤ ਕੁਮਾਰ ’ਤੇ ਫਾਇਰਿੰਗ ਅਤੇ ਉਸ ਦੇ ਘਰ ਵਿਚ ਦਾਖਲ ਹੋ ਕੇ ਕੀਤੇ ਗਏ ਹਮਲੇ ਸਬੰਧੀ ਪੁੱਛਗਿੱਛ ਕੀਤੀ ਜਾ ਸਕੇ।
ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਵਿਗੜੇਗਾ ਮੌਸਮ! ਆਵੇਗਾ ਭਾਰੀ ਮੀਂਹ ਤੇ ਤੂਫ਼ਾਨ, ਵਿਭਾਗ ਨੇ ਕੀਤੀ 28 ਤਾਰੀਖ਼ ਤੱਕ ਵੱਡੀ ਭਵਿੱਖਬਾਣੀ
ਜ਼ਿਲ੍ਹਾ ਦਿਹਾਤੀ ਪੁਲਸ ਦੇ ਥਾਣਾ ਆਦਮਪੁਰ ਦੀ ਜੰਡੂਸਿੰਘਾ ਪੁਲਸ ਚੌਕੀ ਦੇ ਇੰਚਾਰਜ ਕੁਲਦੀਪ ਕੁਮਾਰ ਮਹਿਤਾ ਨੇ ਦੱਸਿਆ ਕਿ ਉਕਤ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ 2 ਮਾਮਲੇ 180/25 ਅਤੇ 164/25 ਥਾਣਾ ਆਦਮਪੁਰ ਵਿਚ ਦਰਜ ਹਨ। ਇਨ੍ਹਾਂ ਦੋਵਾਂ ਮਾਮਲਿਆਂ ਵਿਚ ਵੀ ਅਨੀਸ਼ ਪੁਲਸ ਨੂੰ ਲੋੜੀਂਦਾ ਸੀ। ਅਨੀਸ਼ ਨੇ 14 ਜਨਵਰੀ ਨੂੰ ਪਿੰਡ ਧੋਗੜੀ ਨਿਵਾਸੀ ਗੌਰਵ ਅਤੇ ਸੌਰਵ ਦੋਵਾਂ ਸਕੇ ਭਰਾਵਾਂ ਨਾਲ ਮਿਲ ਕੇ ਵਿਨਤ ਕੁਮਾਰ ਨੂੰ ਰਸਤੇ ਵਿਚ ਘੇਰ ਕੇ ਪਹਿਲਾਂ ਉਸ ਨਾਲ ਕੁੱਟਮਾਰ ਕੀਤੀ ਅਤੇ ਜਦੋਂ ਉਹ ਆਪਣੇ ਬਚਾਅ ਵਿਚ ਭੱਜਣ ਲੱਗਾ ਤਾਂ ਉਸ ’ਤੇ ਫਾਇਰਿੰਗ ਕਰ ਦਿੱਤੀ। ਫਿਰ ਉਹ ਉਸ ਨੂੰ ਲੱਭਦੇ ਹੋਏ ਉਸ ਦੇ ਘਰ ਵਿਚ ਦਾਖ਼ਲ ਹੋ ਗਏ, ਜਿੱਥੇ ਉਨ੍ਹਾਂ ਨੇ ਵਿਨਤ ਕੁਮਾਰ ਦੀ ਭੈਣ ਰਿੰਪੀ ’ਤੇ ਵੀ ਹਮਲਾ ਕਰ ਦਿੱਤਾ ਅਤੇ ਲਲਕਾਰੇ ਮਾਰਦੇ ਹੋਏ ਫ਼ਰਾਰ ਹੁੰਦੇ ਸਮੇਂ ਘਰ ਵਿਚ ਪਏ ਸਾਮਾਨ ਦੀ ਭੰਨ-ਤੋੜ ਵੀ ਕੀਤੀ।
ਇਹ ਵੀ ਪੜ੍ਹੋ: ਜਲੰਧਰ 'ਚ ਦੋ ਦਿਨ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ, DC ਨੇ ਜਾਰੀ ਕੀਤੇ ਹੁਕਮ
ਏ. ਐੱਸ. ਆਈ. ਕੁਲਦੀਪ ਕੁਮਾਰ ਮਹਿਤਾ ਨੇ ਦੱਸਿਆ ਕਿ ਇਸ ਵਾਰਦਾਤ ਤੋਂ ਬਾਅਦ ਪੁਲਸ ਨੇ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਏ ਗਏ ਵਿਨਤ ਕੁਮਾਰ ਦੇ ਬਿਆਨਾਂ ’ਤੇ ਥਾਣਾ ਆਦਮਪੁਰ ਵਿਚ ਦੋਵਾਂ ਸਕੇ ਭਰਾਵਾਂ ਗੌਰਵ ਤੇ ਸੌਰਵ ਅਤੇ ਉਨ੍ਹਾਂ ਦੇ ਮਾਤਾ-ਪਿਤਾ ਜਸਵਿੰਦਰ ਅਤੇ ਪੂਜਾ ਤੋਂ ਇਲਾਵਾ ਅਨੀਸ਼ ਅਤੇ ਹੋਰ 2 ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਧਾਰਾ 109, 126 (2), 333, 74, 118 (1), 324 (4), 191, 190 ਅਤੇ 351(2) ਬੀ. ਐੱਨ. ਐੱਸ. ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਪੁਲਸ ਗੌਰਵ ਅਤੇ ਸੌਰਵ ਦੇ ਪਿਤਾ ਜਸਵਿੰਦਰ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਇਸ ਮਾਮਲੇ ਵਿਚ ਸੌਰਵ, ਗੌਰਵ ਅਤੇ ਉਨ੍ਹਾਂ ਦੀ ਮਾਂ ਪੂਜਾ ਤੋਂ ਇਲਾਵਾ 2 ਹੋਰ ਹਮਲਾਵਰਾਂ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ। ਉਨ੍ਹਾਂ ਨੂੰ ਕਾਬੂ ਕਰਨ ਲਈ ਰੇਡ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Punjab: ਸ਼ਹੀਦ ਦੇ ਪਿਤਾ ਦੇ ਹੌਂਸਲੇ ਨੂੰ ਸਲਾਮ! ਫ਼ੌਜ ਦੀ ਵਰਦੀ ਪਾ ਕੇ ਪੁੱਤ ਜੋਬਨਪ੍ਰੀਤ ਨੂੰ ਦਿੱਤੀ ਅੰਤਿਮ ਵਿਦਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
