ਬਿਜਲੀ ਦੇ ਅਣਐਲਾਨੇ ਕੱਟਾਂ ਕਾਰਨ ਵਪਾਰ ਬੰਦ ਹੋਣ ਦੀ ਕਗਾਰ ’ਤੇ
Thursday, Dec 27, 2018 - 06:34 AM (IST)

ਨੂਰਮਹਿਲ, (ਸ਼ਰਮਾ)- ਬਿਜਲੀ ਵਿਭਾਗ ਵਲੋਂ ਪੁਰਾਣੇ ਟਰਾਂਸਫਾਰਮਰ, ਖੰਭੇ ਆਦਿ ਦੀ ਅਦਲਾ-ਬਦਲੀ ਕਰਨਾ, ਕਰੀਬ ਪਿਛਲੇ 2 ਮਹੀਨਿਆਂ ਤੋਂ ਸ਼ਹਿਰ ਵਾਸੀਆਂ ਲਈ ਅੱਤ ਦੀ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਹਰ ਉਹ ਵਿਅਕਤੀ ਜਿਸ ਦਾ ਕਾਰੋਬਾਰ ਬਿਜਲੀ ’ਤੇ ਨਿਰਭਰ ਹੈ, ਉਸ ਦਾ ਕਾਰੋਬਾਰ ਬੰਦ ਹੋਣ ਦੀ ਕਗਾਰ ’ਤੇ ਪਹੁੰਚ ਚੁੱਕਾ ਹੈ। ਸਰਕਾਰੀ ਸੂਤਰਾਂ ਅਨੁਸਾਰ ਅਜੇ ਹੋਰ 4-5 ਮਹੀਨੇ ਇਹ ਸਮੱਸਿਆ ਇਸੇ ਤਰ੍ਹਾਂ ਬਣੀ ਰਹੇਗੀ। ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਸ਼ਹਿਰ ਦੇ ਪੁਰਾਣੇ ਖੰਭੇ, ਟਰਾਂਸਫਾਰਮਰ ਆਦਿ ਨੂੰ ਬਦਲਣ ਦਾ ਠੇਕਾ ਇਕ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਗਿਆ ਹੈ, ਜਿਸ ਵਲੋਂ ਨਾ ਤਾਂ ਬਿਜਲੀ ਬੰਦ ਕਰਨ ਕਰਨ ਦਾ ਸਮਾਂ ਤੈਅ ਹੈ ਅਤੇ ਨਾ ਹੀ ਚਾਲੂ ਕਰਨ ਦਾ। ਇਸ ਤੋਂ ਇਲਾਵਾ ਪ੍ਰੈੱਸ ਨੂੰ ਸੂਚਨਾ ਦੇਣਾ ਵੀ ਕੰਪਨੀ ਦੇ ਕਰਮਚਾਰੀ ਜ਼ਰੂਰੀ ਨਹੀਂ ਸਮਝਦੇ। ਸ਼ਹਿਰ ਵਾਸੀਆਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਠੀਕ ਹੈ ਕਿ ਪੁਰਾਣੇ ਸਾਮਾਨ ਦੀ ਬਦਲੀ ਤਾਂ ਹੋਣੀ ਚਾਹੀਦੀ ਹੈ ਪਰ ਬਿਜਲੀ ਬੰਦ ਅਤੇ ਚਾਲੂ ਕਰਨ ਦਾ ਸਮਾਂ ਜ਼ਰੂਰ ਨਿਸ਼ਚਿਤ ਹੋਣਾ ਚਾਹੀਦਾ ਹੈ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਨੂੰ ਸਮੇਂ ਸਿਰ ਹਫਤੇ ’ਚ ਇਕ ਦਿਨ ਬੰਦ ਕਰਨ ਅਤੇ ਉਸ ਦੀ ਵੀ ਅਖਬਾਰਾਂ ਰਾਹੀਂ ਸੂਚਨਾ ਦਿੱਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪੱਤਰਕਾਰਾਂ ਵਲੋਂ ਕੰਮ ਵਾਲੀ ਜਗ੍ਹਾ ਦਾ ਦੌਰਾ ਕਰਨ ਉਪਰੰਤ ਦੇਖਿਆ ਗਿਆ ਕਿ ਠੇਕੇਦਾਰਾਂ ਵਲੋਂ ਗਰੀਬ ਪ੍ਰਵਾਸੀ ਮਜ਼ਦੂਰਾਂ ਵਾਸਤੇ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ।
ਪ੍ਰਵਾਸੀ ਮਜ਼ਦੂਰ ਬਿਨਾਂ ਕਿਸੇ ਸੇਫਟੀ ਬੈਲਟ ਜਾਂ ਕਿਸੇ ਹੋਰ ਸਾਧਨ ਦੇ ਖੰਭੇ ਉੁਪਰ ਚੜ੍ਹ ਕੇ ਲਟਕ-ਲਟਕ ਕੇ ਕੰਮ ਕਰ ਰਹੇ ਹਨ। ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਉਹ ਜ਼ਿੰਮੇਵਾਰੀ ਕਿਸ ਦੀ ਹੋਵੇਗੀ।