ਨਗਰ ਨਿਗਮ ਦਾ ਵੱਡਾ ਐਕਸ਼ਨ, ਜਲੰਧਰ ਦੀਆਂ ਇਕ ਦਰਜਨ ਕਮਰਸ਼ੀਅਲ ਬਿਲਡਿੰਗਾਂ ਨੂੰ ਜਾਰੀ ਕੀਤੇ ਨੋਟਿਸ

Thursday, Oct 27, 2022 - 02:04 PM (IST)

ਜਲੰਧਰ (ਖੁਰਾਣਾ)– ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਦੀਵਾਲੀ ਦੇ ਬਾਅਦ ਸ਼ਹਿਰ ਵਿਚ ਵੱਡਾ ਐਕਸ਼ਨ ਕੀਤਾ ਹੈ, ਜਿਸ ਤਹਿਤ ਇਕ ਦਰਜਨ ਕਮਰਸ਼ੀਅਲ ਬਿਲਡਿੰਗਾਂ ਨੂੰ ਨਿਗਮ ਵੱਲੋਂ ਨੋਟਿਸ ਵੀ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ਨੋਟਿਸਾਂ ਵਿਚ ਬਿਲਡਿੰਗ ਮਾਲਕਾਂ ਨੂੰ ਕਿਹਾ ਗਿਆ ਹੈ ਕਿ ਉਹ ਸੀ. ਐੱਲ. ਯੂ. (ਚੈਂਜ ਆਫ਼ ਲੈਂਡ ਯੂਜ਼) ਅਤੇ ਪਾਸ ਹੋਏ ਨਕਸ਼ੇ ਦੀਆਂ ਕਾਪੀਆਂ ਦੇ ਨਾਲ-ਨਾਲ ਕੰਪ੍ਰੋਮਾਈਜ਼ ਪਲਾਨ ਵੀ ਉਪਲੱਬਧ ਕਰਵਾਉਣ ਤਾਂ ਜੋ ਪਤਾ ਚੱਲ ਸਕੇ ਕਿ ਬਿਲਡਿੰਗ ਨਕਸ਼ੇ ਮੁਤਾਬਕ ਬਣੀ ਹੈ ਜਾਂ ਉਸ ਵਿਚ ਕੁਝ ਨਾਜਾਇਜ਼ ਹੈ।

ਜਿਨ੍ਹਾਂ ਬਿਲਡਿੰਗਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ, ਉਨ੍ਹਾਂ ਵਿਚ ਨਕੋਦਰ ਰੋਡ ’ਤੇ ਬਣੇ ਸੇਠੀ ਕੰਪਲੈਕਸ ਤੋਂ ਇਲਾਵਾ ਜੋਤੀ ਸਿਨੇਮਾ ਦੇ ਨੇੜੇ ਏਸ਼ੀਅਨ ਕਾਰਪੇਟ, ਬ੍ਰਾਂਡਰਥ ਰੋਡ ’ਤੇ ਪ੍ਰੇਮ ਟੈਕਸਟਾਈਲ, ਨਾਗਪਾਲ, ਮਹਿੰਦਰ ਟੈਕਸਟਾਈਲ ਅਤੇ ਈਸ਼ਾ ਫੈਸ਼ਨ, ਸਪੋਰਟਸ ਮਾਰਕੀਟ ਵਿਚ ਫੈਂਟਾ ਸਪੋਰਟਸ ਅਤੇ ਨਾਰੰਗ ਸਪੋਰਟਸ ਅਤੇ ਗੁਜਰਾਲ ਨਗਰ ਰੋਡ ’ਤੇ ਮੋਬਾਇਲ ਜੰਕਸ਼ਨ ਅਤੇ ਇੰਪਾਇਰ ਹਵੇਲੀ ਦੀਆਂ ਬਿਲਡਿੰਗਾਂ ਸ਼ਾਮਲ ਹਨ। ਸਾਰੀਆਂ ਬਿਲਡਿੰਗਾਂ ਦੇ ਮਾਲਕਾਂ ਨੂੰ ਇਕ ਹਫ਼ਤੇ ਦੇ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ: ਦੀਵਾਲੀ ਮਗਰੋਂ ਜਲੰਧਰ ਜ਼ਿਲ੍ਹੇ ਦੀ ਆਬੋ ਹਵਾ ਹੋਈ ਖ਼ਰਾਬ, ਸੂਬੇ ਦੇ ਪ੍ਰਦੂਸ਼ਿਤ ਸ਼ਹਿਰਾਂ 'ਚੋਂ ਦੂਜੇ ਸਥਾਨ 'ਤੇ ਪੁੱਜਾ

ਰਾਤ ਦੇ ਸਮੇਂ ਬਿਲਡਿੰਗਾਂ ਨੂੰ ਸੀਲ ਕਰੇਗਾ ਨਿਗਮ

ਬਿਲਡਿੰਗ ਵਿਭਾਗ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਵਿਚ ਵੱਡੇ ਪੱਧਰ ’ਤੇ ਸੀਲਿੰਗ ਮੁਹਿੰਮ ਚਲਾਈ ਜਾ ਸਕਦੀ ਹੈ, ਜਿਸ ਤਹਿਤ ਕਈ ਨਾਜਾਇਜ਼ ਬਿਲਡਿੰਗਾਂ ਨੂੰ ਸੀਲ ਕਰ ਦਿੱਤਾ ਜਾਵੇਗਾ। ਪਤਾ ਲੱਗਾ ਹੈ ਕਿ ਇਹ ਮੁਹਿੰਮ ਦੇਰ ਰਾਤ ਚੱਲੇਗੀ ਤਾਂ ਜੋ ਕਿਸੇ ਤਰ੍ਹਾਂ ਦੇ ਵਿਰੋਧ ਜਾਂ ਦਬਾਅ ਦਾ ਸਾਹਮਣਾ ਨਾ ਕਰਨਾ ਪਵੇ। ਜਿਨ੍ਹਾਂ ਬਿਲਡਿੰਗਾਂ ਨੂੰ ਹਾਲ ਹੀ ਵਿਚ ਨੋਟਿਸ ਜਾਰੀ ਹੋਏ ਹਨ, ਉਨ੍ਹਾਂ ਵਿਚੋਂ ਵੀ ਕਈ ਬਿਲਡਿੰਗਾਂ ਨੂੰ ਸੀਲ ਕਰਨ ਦੀ ਤਿਆਰੀ ਹੈ। ਕਈ ਬਿਲਡਿੰਗਾਂ ਨਾਲ ਸਬੰਧਤ ਫਾਈਲਾਂ ’ਤੇ ਵੱਡੇ ਅਧਿਕਾਰੀਆਂ ਦੇ ਦਸਤਖ਼ਤ ਲੈ ਲਏ ਹਨ।

ਗੰਗਾ ਹਸਪਤਾਲ ਨੂੰ ਵੀ ਨੋਟਿਸ ਜਾਰੀ

ਬਿਲਡਿੰਗ ਵਿਭਾਗ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ 2 ਦਿਨ ਪਹਿਲਾਂ ਫੁੱਟਬਾਲ ਚੌਂਕ ਦੇ ਨੇੜੇ ਗੰਗਾ ਹਸਪਤਾਲ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਉਨ੍ਹਾਂ ਤੋਂ ਸੀ. ਐੱਲ. ਯੂ. ਅਤੇ ਪਾਸ ਹੋਏ ਪਲਾਨ ਦੀ ਕਾਪੀ ਮੰਗੀ ਗਈ ਹੈ। ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਨਿਗਮ ਦੇ ਬਿਲਡਿੰਗ ਵਿਭਾਗ ਨੇ ਗੰਗਾ ਹਸਪਤਾਲ ਦੀ ਉੱਪਰਲੀ ਮੰਜ਼ਿਲ ਨੂੰ ਸੀਲ ਕਰ ਦਿੱਤਾ ਸੀ ਪਰ ਉਸ ਸਮੇਂ ਇਕ ਕਾਂਗਰਸੀ ਵਿਧਾਇਕ ਦੇ ਦਬਾਅ ਕਾਰਨ ਉਥੇ ਹੋਰ ਨਿਰਮਾਣ ਕਰ ਲਿਆ ਗਿਆ। ਹੁਣ ਸ਼ਿਕਾਇਤਾਂ ਦੇ ਆਧਾਰ ’ਤੇ ਉਥੇ ਫਿਰ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਉਕਤ ਹਸਪਤਾਲ ਮੇਅਰ ਜਗਦੀਸ਼ ਰਾਜਾ ਦੇ ਵਾਰਡ ਵਿਚ ਆਉਂਦਾ ਹੈ। ਹਸਪਤਾਲ ਦੇ ਨਾਲ ਹੋ ਰਹੇ ਇਕ ਨਿਰਮਾਣ ਸਬੰਧੀ ਵੀ ਨਿਗਮ ਨੂੰ ਲਗਾਤਾਰ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ।

ਇਹ ਵੀ ਪੜ੍ਹੋ: ਪਹਿਲਾਂ ਔਰਤ ਨਾਲ ਬਣਾਏ ਨਾਜ਼ਾਇਜ਼ ਸੰਬੰਧ, ਫਿਰ ਕਰ ਦਿੱਤੀ ਵੱਡੀ ਵਾਰਦਾਤ, ਦੋਸ਼ੀ ਬਿਹਾਰ ਤੋਂ ਗ੍ਰਿਫ਼ਤਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News