ਹਿੰਦੂ ਨੇਤਾਵਾਂ 'ਤੇ ਹਮਲਾ ਕਰਨ ਵਾਲੇ ਨਹੀਂ ਬਖਸ਼ੇ ਜਾਣਗੇ : ਨਿਮਿਸ਼ਾ ਮਹਿਤਾ

02/12/2020 6:40:40 PM

ਗੜ੍ਹਸ਼ੰਕਰ— 10 ਫਰਵਰੀ ਨੂੰ ਧਾਰੀਵਾਲ 'ਚ ਅਣਪਛਾਤੇ ਨੌਜਾਵਨਾਂ ਵੱਲੋਂ ਕੀਤੇ ਗਏ ਹਮਲੇ ਦੌਰਾਨ ਜ਼ਖਮੀ ਸ਼ਿਵ ਸੈਨਾ ਹਿੰਦੁਸਤਾਨ ਉੱਤਰੀ ਦੇ ਆਗੂ ਹਨੀ ਮਹਾਜਨ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਅੰਮ੍ਰਿਤਸਰ ਐਸਕੋਰਟ ਹਸਪਤਾਲ 'ਚ ਜਾ ਕੇ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਹਨੀ ਮਹਾਜਨ ਇਸ ਵੇਲੇ ਅੰਮ੍ਰਿਤਸਰ 'ਚ ਜ਼ੇਰੇ ਇਲਾਜ ਹਨ ਅਤੇ ਇਸ ਹਮਲੇ 'ਚ ਉਨ੍ਹਾਂ ਦੇ 3 ਗੋਲੀਆਂ ਲੱਗੀਆਂ ਹਨ। ਨਿਮਿਸ਼ਾ ਨੇ ਪਹੁੰਚੇ ਕੇ ਪਹਿਲਾਂ ਹਨੀ ਦਾ ਹਾਲ-ਚਾਲ ਪੁੱਛਿਆ ਅਤੇ ਇਸ ਹਮਲੇ 'ਚ ਮਾਰੇ ਗਏ ਅਸ਼ੋਕ ਕੁਮਾਰ ਦੀ ਹੱਤਿਆ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

ਇਸ ਮੁਲਾਕਾਤ ਦੌਰਾਨ ਜ਼ਖਮੀ ਆਗੂ ਹਨੀ ਮਹਾਜਨ ਨੇ ਨਿਮਿਸ਼ਾ ਮਹਿਤਾ ਨੂੰ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ 'ਤੇ ਸ਼ੱਕ ਹੈ। ਉਨ੍ਹਾਂ ਦੱਸਿਆ ਕਿ ਹਮਲਾਕਾਰ ਗੋਲੀਆਂ ਚਲਾਉਣ ਵਾਲੇ ਬੰਦੇ ਉਨ੍ਹਾਂ ਦੀ ਪਛਾਣ ਦੇ ਨਹੀਂ ਸਨ।
ਮੁਲਾਕਾਤ ਦੌਰਾਨ ਨਿਮਿਸ਼ਾ ਮਹਿਤਾ ਨੇ ਇਸ ਮੌਕੇ ਹਨੀ ਮਹਾਜਨ ਨੂੰ ਭਰੋਸਾ ਦਿਵਾਇਆ ਕਿ ਕਾਂਗਰਸੀ ਪਾਰਟੀ ਉਨ੍ਹਾਂ ਨਾਲ ਇਨਸਾਫ ਕਰਵਾਏਗੀ ਅਤੇ ਪੰਜਾਬ ਪੁਲਸ ਵੱਲੋਂ ਮੁਸਤੈਦੀ ਨਾਲ ਇਸ ਕੇਸ 'ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਅਕਾਲੀ-ਭਾਜਪਾ ਦਾ ਰਾਜ ਨਹੀਂ ਹੈ, ਜਿੱਥੇ ਆਏ ਦਿਨ ਹਮਲੇ ਹੁੰਦੇ ਸਨ ਅਤੇ ਦੋਸ਼ੀ ਵੀ ਨਹੀਂ ਫੜ੍ਹੇ ਜਾਂਦੇ ਸਨ। ਫਿਰ ਭਾਵੇਂ ਉਹ ਹਿੰਦੂ ਆਰ. ਐੱਸ. ਐੱਸ. ਨੇਤਾ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਦੀ ਹੱਤਿਆ ਦਾ ਮਾਮਲਾ ਹੋਵੇ, ਕਿਸੇ ਸ਼ਿਵ ਸੈਨਿਕ 'ਤੇ ਹਮਲੇ ਦਾ ਮਾਮਲਾ ਹੋਵੇ ਜਾਂ ਇਸਾਈ ਧਰਮ ਗੁਰੂ ਪਾਦਰੀ ਦੀ ਲੁਧਿਆਣਾ ਵਿਖੇ ਹੋਈ ਹੱਤਿਆ ਦਾ ਮਾਮਲਾ ਹੋਵੇ।

ਉਨ੍ਹਾਂ ਕਿਹਾ ਕਿ ਕਿ ਸੂਬੇ 'ਚ ਕਾਂਗਰਸ ਦੀ ਸਰਕਾਰ ਹੈ ਅਤੇ ਪੰਜਾਬ ਪੁਲਸ ਵੱਲੋਂ 2017 ਤੋਂ ਬਾਅਦ ਲਗਭਗ ਸਾਰੇ ਟਾਰਗੇਟ ਕੀਲਿੰਗ ਦੇ ਮਾਮਲੇ ਚਾਹੇ ਉਹ ਅੰਮ੍ਰਿਤਸਰ 'ਚ ਨਾਮਧਾਰੀ ਬੰਬ ਧਮਾਕੇ ਦਾ ਕੇਸ ਹੋਵੇ, ਲੁਧਿਆਣਾ ਵਿਖੇ ਆਰ. ਐੱਸ. ਐੱਸ. ਨੇਤਾ ਰਵਿੰਦਰ ਗੋਸਾਈ ਦੀ ਹੱਤਿਆ ਦਾ ਮਸਲਾ ਹੋਵੇ ਜਾਂ ਫਿਰ ਅਕਾਲੀ ਰਾਜ ਵੇਲੇ ਜਲੰਧਰ ਸ਼ਹਿਰ 'ਚ ਮਾਰੇ ਗਏ ਆਰ. ਐੱਸ. ਐੱਸ. ਹਿੰਦੂ ਨੇਤਾ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਹੱਤਿਆ ਕਾਂਡ ਹੋਵੇ, ਸਾਰੇ ਮਾਮਲਿਆਂ 'ਚ ਦੋਸ਼ੀ ਫੜ੍ਹ ਕੇ ਸਲਾਖਾਂ ਪਿੱਛੇ ਧਕ ਦਿੱਤੇ ਗਏ ਹਨ ਅਤੇ ਇਸ ਮਾਮਲੇ 'ਚ ਵੀ ਸਰਕਾਰ ਹਿੰਦੂ ਨੇਤਾਵਾਂ ਨਾਲ ਕੋਈ ਧੱਕਾ ਨਹੀਂ ਹੋਣ ਦੇਵੇਗੀ ਅਤੇ ਦੋਸ਼ੀਆਂ ਨੂੰ ਫੜ੍ਹ ਕੇ ਸਜ਼ਾ ਦਿਵਾਏਗੀ।

ਅੱਗੇ ਬੋਲਦੇ ਹੋਏ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਅਕਾਲੀ-ਭਾਜਪਾ ਰਾਜ ਵੇਲੇ ਤਾਂ ਰੌਕੀ ਵਰਗੇ ਖਤਰਨਾਕ ਗੈਂਗਸਟਰਾਂ ਨੂੰ ਸਰਕਾਰ ਨੇ ਆਪ ਗਨਮੈਨ ਦਿੱਤੇ ਹੋਏ ਸਨ। ਇਸ ਤੋਂ ਇਲਾਵਾ ਅੰਮ੍ਰਿਤਸਰ 'ਚ ਥਾਣੇਦਾਰ ਦੀ ਲੜਕੀ ਨਾਲ ਛੇੜਛਾੜ ਕਰਕੇ ਥਾਣੇਦਾਰ ਦੀ ਹੱਤਿਆ ਕਰਨ ਵਾਲੇ ਰਣਜੀਤ ਵਰਗੇ ਗੁੰਡੇ ਨੂੰ ਅਕਾਲੀਆਂ ਵੱਲੋਂ ਆਪ ਅਹੁਦੇ ਦਿੱਤੇ ਗਏ ਸਨ ਪਰ ਕਾਂਗਰਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਗੁੰਡਾਗਰਦੀ ਅਤੇ ਗੈਂਗਸਟਰਾਂ ਦੇ ਸਖਤ ਖਿਲਾਫ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਸਖਤੀ ਕਰਕੇ ਹੀ ਸੂਬੇ 'ਚ ਅਨੇਕਾਂ ਗੈਂਗਸਟਰ ਫੜ੍ਹੇ ਜਾ ਚੁੱਕੇ ਹਨ ਅਤੇ ਗੈਂਗਸਟਰ ਕਲਚਰ ਉੱਤੇ ਬਣਾਈਆਂ ਜਾ ਰਹੀਆਂ ਫਿਲਮਾਂ ਅਤੇ ਗਾਣਿਆਂ 'ਤੇ ਵੀ ਰੋਕ ਲਗਾਈ ਜਾ ਰਹੀ ਹੈ।


shivani attri

Content Editor

Related News