ਸਾਲ 2020 ਦਾ ਸਵਾਗਤ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ 'ਚ ਕੀਤਾ

Wednesday, Jan 01, 2020 - 11:37 AM (IST)

ਸਾਲ 2020 ਦਾ ਸਵਾਗਤ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ 'ਚ ਕੀਤਾ

ਜਲੰਧਰ (ਚਾਵਲਾ)— ਨਵੇਂ ਸਾਲ ਦੇ ਸਵਾਗਤ ਲਈ ਦੇਰ ਰਾਤ ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆਂ 'ਚ ਵਿਸ਼ੇਸ਼ ਦੀਵਾਨ ਸਜਾਏ ਗਏ। ਇਸ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਜਥਿਆਂ ਤੋਂ ਇਲਾਵਾ ਨਾਮਵਰ ਰਾਗੀਆਂ ਨੇ ਅੰਮ੍ਰਿਤ ਕੀਰਤਨ ਦੀ ਵਰਖਾ ਕੀਤੀ। ਦੇਰ ਰਾਤ ਤੱਕ ਹੋਏ ਇਨ੍ਹਾਂ ਸਮਾਗਮਾਂ 'ਚ ਵੱਡੀ ਗਿਣਤੀ 'ਚ ਸੰਗਤਾਂ ਉਤਸ਼ਾਹ ਨਾਲ ਪੁੱਜੀਆਂ ਹੋਈਆਂ ਸਨ, ਜਿਨ੍ਹਾਂ ਨੇ ਸਾਲ 2020 ਦਾ ਸਵਾਗਤ ਜੈਕਾਰਿਆਂ ਦੀ ਗੂੰਜ ਵਿਚ ਕੀਤਾ।

ਗੁਰਦੁਆਰਾ ਨੌਵੀਂ ਪਾਤਸ਼ਾਹੀ : ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਵਿਖੇ ਹੋਏ ਸਮਾਗਮ ਦੌਰਾਨ ਭਾਈ ਹਰਵਿੰਦਰ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਗਗਨਦੀਪ ਸਿੰਘ ਲਾਇਲਪੁਰੀ, ਜਥੇ. ਜਗਜੀਤ ਸਿੰਘ ਗਾਬਾ, ਬੀਬੀ ਜਸਜੀਤ ਕੌਰ ਐਡਵੋਕੇਟ, ਭਾਈ ਕਮਲਦੀਪ ਸਿੰਘ ਅਤੇ ਭਾਈ ਹਰਪਾਲ ਸਿੰਘ ਦੋਵੇਂ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਆਦਿ ਨੇ ਭਾਰੀ ਗਿਣਤੀ 'ਚ ਗੁਰੂ ਘਰ 'ਚ ਜੁੜ ਬੈਠੀਆਂ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਦੌਰਾਨ ਇਕੱਤਰ ਹੋਈਆਂ ਸੰਗਤਾਂ ਨੇ ਨਵੇਂ ਸਾਲ ਦਾ ਜੈਕਾਰਿਆਂ ਦੀ ਗੂੰਜ 'ਚ ਸਵਾਗਤ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਫੁੱਲਾਂ ਦੀ ਵਰਖਾ ਕੀਤੀ।

PunjabKesari

ਅਰਦਾਸ ਸਮਾਗਮ 'ਚ ਸੰਗਤਾਂ ਉਤਸ਼ਾਹ ਨਾਲ ਪੁੱਜੀਆਂ : ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੈਂਟਰਲ ਟਾਊਨ ਵਿਖੇ ਨਵੇਂ ਸਾਲ ਦੀ ਆਮਦ ਮੌਕੇ ਅਰਦਾਸ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਭਾਈ ਕਿਰਪਾਲ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਭਾਈ ਸ਼ਨਬੀਰ ਸਿੰਘ, ਭਾਈ ਮਨਜੀਤ ਸਿੰਘ ਸੇਵਕ ਆਦਿ ਨੇ ਹਾਜ਼ਰੀ ਭਰੀ। ਇਸ ਮੌਕੇ ਗੁਰਚਰਨ ਸਿੰਘ ਬਾਗਾਂ ਵਾਲੇ, ਪਰਮਿੰਦਰ ਸਿੰਘ ਡਿੰਪੀ, ਜਤਿੰਦਰ ਸਿੰਘ ਖਾਲਸਾ, ਚਰਨਜੀਤ ਸਿੰਘ ਡੀ. ਸੀ. ਟਾਇਰ, ਰਾਜਿੰਦਰ ਸਿੰਘ ਬੇਦੀ, ਬਲਜੀਤ ਸਿੰਘ ਸੇਠੀ ਆਦਿ ਹਾਜ਼ਰ ਸਨ।
ਗੁਰਦੁਆਰਾ ਛੇਵੀਂ ਪਾਤਸ਼ਾਹੀ : ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਗੁਰੂ ਹਰਿਗੋਬਿੰਦ ਸੇਵਾ ਸੋਸਾਇਟੀ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਨਵੇਂ ਸਾਲ ਦੀ ਆਮਦ ਮੌਕੇ ਜਪ ਤਪ ਚੁਪਹਿਰਾ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸੰਗਤਾਂ ਵਲੋਂ ਸਮੂਹਿਕ ਰੂਪ 'ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ, ਸ੍ਰੀ ਜਪੁਜੀ ਸਾਹਿਬ ਦੇ ਪਾਠ ਕੀਤੇ ਗਏ। ਇਸ ਮੌਕੇ ਭਾਰੀ ਗਿਣਤੀ 'ਚ ਗੁਰੂ ਦਰਬਾਰ 'ਚ ਜੁੜ ਬੈਠੀਆਂ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਫੁੱਲਾਂ ਦੀ ਵਰਖਾ ਵੀ ਕੀਤੀ।

PunjabKesari

ਆਦਰਸ਼ ਨਗਰ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਦਰਸ਼ ਨਗਰ ਵਿਖੇ ਨਵੇਂ ਸਾਲ ਮੌਕੇ ਹੋਏ ਸਮਾਗਮ ਦੌਰਾਨ ਇਸਤਰੀ ਸਤਿਸੰਗ ਸਭਾ ਨੇ ਸਮੂਹਿਕ ਰੂਪ 'ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ। ਉਪੰਰਤ ਦੇਰ ਰਾਤ ਤੱਕ ਸਜੇ ਦੀਵਾਨ 'ਚ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਹੋਈਆਂ। ਇਸ ਮੌਕੇ ਪ੍ਰਧਾਨ ਸਰਬਜੀਤ ਸਿੰਘ ਰਾਜਪਾਲ, ਕੁਲਵਿੰਦਰ ਸਿੰਘ ਥਿਆੜਾ, ਸਰਦੂਲ ਸਿੰਘ ਕਾਹਲੋਂ, ਹਰਜਿੰਦਰ ਸਿੰਘ ਲਾਡਾ, ਬਰਿੰਦਰ ਸਿੰਘ ਸਾਹਨੀ, ਗੁਰਮੀਤ ਸਿੰਘ ਬਸਰਾ, ਅਮਰਜੀਤ ਸਿੰਘ ਬਸਰਾ, ਮਨਜੀਤ ਸਿੰਘ ਮੱਕੜ ਆਦਿ ਹਾਜ਼ਰ ਸਨ।

ਯੂਨੀਕ ਹੋਮ ਵਿਖੇ ਸਾਰੀ ਰਾਤ ਪਈਆਂ ਗੁਰਮੰਤਰ ਦੀਆਂ ਗੂੰਜਾਂ : ਭਾਈ ਘਨੱਈਆ ਜੀ ਚੈਰੀਟੇਬਲ ਟਰੱਸਟ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅੰਖਡ ਕੀਰਤਨੀ ਜਥਾ ਜਲੰਧਰ ਦੇ ਸਹਿਯੋਗ ਨਾਲ ਸਾਲਾਨਾ ਰੈਣ ਅਖੰਡ ਕੀਰਤਨ ਸਮਾਗਮ ਯੂਨੀਕ ਹੋਮ ਨਕੋਦਰ ਰੋਡ ਵਿਖੇ ਕਰਵਾਇਆ ਗਿਆ। ਇਸ ਦੌਰਾਨ ਭਾਈ ਜਸਵੀਰ ਸਿੰਘ ਮੁੱਖ ਸੇਵਾਦਾਰ ਅੰਖਡ ਕੀਰਤਨੀ ਜਥਾ ਜਲੰਧਰ, ਮਾ. ਗੁਰਬਚਨ ਸਿੰਘ ਦਿਆਲਪੁਰ, ਭਾਈ ਕੁਲਵੰਤ ਸਿੰਘ ਕਾਕੀ ਪਿੰਡ, ਭਾਈ ਇੰਦਰਜੀਤ ਸਿੰਘ ਦਿਆਲਪੁਰ, ਭਾਈ ਜਸਪਾਲ ਸਿੰਘ ਰਾਜ ਨਗਰ ਤੋਂ ਇਲਾਵਾ ਅੰਖਡ ਕੀਰਤਨੀ ਜੱਥਿਆਂ ਨੇ ਨਿਰੰਤਰ ਸਵੇਰੇ 4 ਵਜੇ ਤੱਕ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਅਤੇ ਸਿਮਰਨ ਦੀਆਂ ਗੂੰਜਾਂ ਪਈਆਂ।


author

shivani attri

Content Editor

Related News