ਮਕਸੂਦਾਂ ਸਥਿਤ ਨਵੀਂ ਸਬਜ਼ੀ ਮੰਡੀ ''ਚ ਭੀੜ ਵਧਾ ਰਹੇ ਰਿਟੇਲਰਾਂ ਦੇ ਮਾਲ ਕੀਤੇ ਜ਼ਬਤ

04/01/2020 1:30:37 AM

ਜਲੰਧਰ,(ਸ਼ੈਲੀ)– ਨਵੀਂ ਸਬਜ਼ੀ ਮੰਡੀ ਮਕਸੂਦਾਂ ਵਿਚ ਹਰ ਰੋਜ਼ ਵੱਧ ਰਹੀ ਕਾਰੋਬਾਰੀਆਂ ਦੀ ਭੀੜ ਨੂੰ ਘੱਟ ਕਰਨ ਵਿਚ ਜ਼ਿਲਾ ਪ੍ਰਸ਼ਾਸਨ ਅਸਫਲ ਹੋ ਰਿਹਾ ਹੈ, ਜਿਸ ਕਾਰਣ ਪ੍ਰਸ਼ਾਸਨ ਨੇ ਹੁਣ ਸਖ਼ਤੀ ਵਰਤਣ ਦਾ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਕਾਰਣ ਲੋਕਾਂ ਨੂੰ ਬਚਾਉਣ ਲਈ ਜ਼ਿਲਾ ਪ੍ਰਸ਼ਾਸਨ ਨੇ ਸਾਰਿਆਂ ਨੂੰ ਇਕ-ਦੂਜੇ ਤੋਂ ਦੂਰੀ ਬਣਾਉਣ ਦੀ ਅਪੀਲ ਕੀਤੀ ਹੋਈ ਹੈ ਪਰ ਸਬਜ਼ੀ ਮੰਡੀ ਵਿਚ ਰੋਜ਼ਾਨਾ ਕਾਰੋਬਾਰੀਆਂ ਦੀ ਵੱਧ ਰਹੀ ਭੀੜ ਖਤਰਨਾਕ ਹੋ ਸਕਦੀ ਹੈ। ਇਸ ਕਾਰਣ ਜ਼ਿਲਾ ਪ੍ਰਸ਼ਾਸਨ ਵਲੋਂ ਵਿਸ਼ੇਸ਼ ਤੌਰ 'ਤੇ ਨਿਯੁਕਤ ਡਿਊਟੀ ਮੈਜਿਸਟਰੇਟ ਕਰਨਦੀਪ ਸਿੰਘ ਬਹੁਤ ਕੋਸ਼ਿਸ਼ ਕਰ ਰਹੇ ਹਨ ਪਰ ਲੁਧਿਆਣਾ, ਮੋਗਾ, ਅੰਮ੍ਰਿਤਸਰ ਦੀਆਂ ਮੰਡੀਆਂ ਬੰਦ ਹੋਣ ਕਾਰਣ ਸਾਰੇ ਵਪਾਰੀ ਅਤੇ ਕਾਰੋਬਾਰੀ ਜਲੰਧਰ ਮੰਡੀ ਵਲ ਰੁਖ਼ ਕਰ ਰਹੇ ਹਨ। ਇਸ ਕਾਰਣ ਪ੍ਰਸ਼ਾਸਨ ਵਲੋਂ ਵੀ ਪੁਖਤਾ ਪ੍ਰਬੰਧ ਨਾ ਹੋਣ 'ਤੇ ਮੰਡੀ ਵਿਚ ਭੀੜ ਵੱਧਦੀ ਜਾ ਰਹੀ ਹੈ।
ਪੰਜਾਬ ਮੰਡੀ ਬੋਰਡ ਦੇ ਡੀ. ਐੱਮ. ਓ. ਦਵਿੰਦਰ ਸਿੰਘ ਦੇ ਹੁਕਮਾਂ 'ਤੇ ਮਾਰਕੀਟ ਕਮੇਟੀ ਸਕੱਤਰ ਸੁਖਦੀਪ ਸਿੰਘ ਤੇ ਸੁਪਰਵਾਈਜ਼ਰਾਂ ਦੀ ਟੀਮ ਨੇ ਵੀ ਮੰਡੀ ਵਿਚ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ।ਮੰਡੀ ਵਿਚ ਕੰਧਾਂ ਟੱਪ ਕੇ ਦਾਖਲ ਹੋਏ ਲਗਭਗ 70 ਰਿਟੇਲਰਾਂ ਦੇ ਮਾਲ ਨੂੰ ਜ਼ਬਤ ਕਰ ਕੇ ਸ਼ਹਿਰ ਵਿਚ ਲੋੜਵੰਦਾਂ ਦੀਆਂ ਸੇਵਾ ਵਿਚ ਲੱਗੀਆਂ ਸੋਸਾਇਟੀਆਂ ਨੂੰ ਸਬਜ਼ੀਆਂ ਭੇਜੀਆਂ ਗਈਆਂ। ਮੰਡੀ ਵਿਚ ਕੰਧਾਂ ਛੋਟੀਆਂ ਹੋਣ ਕਾਰਣ ਰਿਟੇਲਰ ਕੰਧ ਟੱਪ ਕੇ ਅੰਦਰ ਆ ਜਾਂਦੇ ਹਨ ਅਤੇ ਸਰਕਾਰੀ ਫੜ੍ਹੀਆਂ ਵਿਚ ਲੁਕ ਕੇ ਮਾਲ ਵੇਚ ਰਹੇ ਹਨ, ਜਿਨ੍ਹਾਂਦੀ ਪਛਾਣ ਕਰਨੀ ਬੜੀ ਮੁਸ਼ਕਲ ਹੋ ਜਾਂਦੀ ਹੈ।

ਰਿਟੇਲਰਾਂ ਨੂੰ ਮਾਲ ਦੇਣ ਵਾਲੇ ਆੜ੍ਹਤੀਆਂ 'ਤੇ ਵੀ ਹੋਵੇਗੀ ਕਾਰਵਾਈ
ਮੰਡੀ ਵਿਚ ਵੱਧ ਰਹੀ ਭੀੜ 'ਤੇ ਕਾਬੂ ਪਾਉਣ ਲਈ ਬਾਅਦ ਦੁਪਹਿਰ ਜ਼ਿਲਾ ਪ੍ਰਸ਼ਾਸਨ ਵਲੋਂ ਅਚਾਨਕ ਮੰਡੀ ਵਿਚ ਆੜ੍ਹਤੀਆਂ ਨਾਲ ਬੈਠਕ ਕੀਤੀ ਗਈ, ਜਿਸ ਵਿਚ ਜ਼ਿਲਾ ਪ੍ਰਸ਼ਾਸਨਦੇ ਅਧਿਕਾਰੀਆਂ ਐੱਸ.ਡੀ. ਐੱਮ. ਰਾਹੁਲ ਸਿੰਧੂ, ਡੀ. ਸੀ. ਪੀ. ਗੁਰਮੀਤ ਸਿੰਘ, ਏ.ਡੀ. ਸੀ. ਪੀ. ਸੂਡਰਵਿਜੀ,ਏ. ਸੀ. ਪੀ. ਜਸਵਿੰਦਰ ਸਿੰਘ ਖਹਿਰਾ, ਐੱਸ. ਐੱਚ. ਓ. ਰਾਜੇਸ਼, ਓਮ ਪ੍ਰਕਾਸ਼, ਡਿਊਟੀ ਮੈਜਿਸਟਰੇਟ ਕਰਨਵੀਰ ਸਿੰਘ, ਡਿਪਟੀ ਮੇਅਰ ਹਰਸਿਮਰਨਜੀਤਸਿੰਘ ਬੰਟੀ ਅਤੇਹੋਰਾਂ ਨੇ ਆੜ੍ਹਤੀਆਂ ਨੂੰ ਸਖ਼ਤ ਹੁਕਮ ਦਿੱਤੇ ਕਿ ਉਹ ਬੁੱਧਵਾਰ ਤੋਂ ਮੰਡੀ ਦੇ ਪਿੱਛੇ ਖਾਲੀ ਪਈਆਂ ਫੜਾਂ 'ਤੇ ਸਬਜ਼ੀਆਂ ਵੇਚਣ। ਅੱਗੇ ਵਾਲੀਆਂ ਫੜਾਂ 'ਤੇ ਸਿਰਫ ਆਲੂ-ਪਿਆਜ਼ ਹੀ ਵਿਕੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਹੋਲਸੇਲਰ ਮੰਡੀ ਵਿਚ ਕੰਮ ਕਰਨ ਵਾਲੇ ਰਿਟੇਲਰ ਨੂੰ ਮਾਲ ਨਹੀਂ ਦੇਵੇਗਾ। ਜੇਕਰ ਕੋਈ ਫੜਿਆਗਿਆ ਤਾਂ ਉਸਨੂੰ ਮਾਲ ਦੇਣ ਵਾਲੇ ਆੜ੍ਹਤੀ ਦਾ ਨਾਂ ਪੁੱਛ ਉਸ 'ਤੇ ਵੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਾਰੇ ਆੜ੍ਹਤੀਆਂ ਨੇ ਜ਼ਿਲਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ।


Deepak Kumar

Content Editor

Related News