ਨਵੀਂ ਐਕਸਾਈਜ਼ ਪਾਲਿਸੀ ਤਹਿਤ 2 ਲੱਖ ‘ਮਹਿੰਗਾ’ ਮਿਲੇਗਾ ਸ਼ਰਾਬ ਪਿਲਾਉਣ ਦਾ ‘ਲਾਇਸੈਂਸ’, ਇੰਝ ਲੱਗੇਗਾ ਜੁਗਾੜ

06/15/2022 3:48:04 PM

ਜਲੰਧਰ (ਪੁਨੀਤ)–ਨਵੀਂ ਐਕਸਾਈਜ਼ ਪਾਲਿਸੀ ਵਿਚ ਟੂਰਿਜ਼ਮ ਨੂੰ ਬੜ੍ਹਾਵਾ ਦੇਣ ਲਈ ਮਹਾਨਗਰ ਵਿਚ ਏ. ਸੀ. ਸੁਵਿਧਾ ਵਾਲੀਆਂ 26 ਮਾਡਰਨ ਲਿਕਰ ਸ਼ਾਪਸ ਖੋਲ੍ਹਣ ਦਾ ਜੋ ਫ਼ੈਸਲਾ ਲਿਆ ਗਿਆ ਹੈ, ਉਸ ਨਾਲ ਐੱਨ. ਆਰ. ਆਈ. ਕਸਟਮਰ ਵਿਦੇਸ਼ਾਂ ਦੀ ਤਰਜ਼ ’ਤੇ ਖ਼ਰੀਦਦਾਰੀ ਕਰ ਸਕਣਗੇ। ਉਥੇ ਹੀ, ਹੋਟਲ ਅਤੇ ਮੈਰਿਜ ਪੈਲੇਸ ਵਿਚ ਹੋਣ ਵਾਲੇ ਵਿਆਹ ਅਤੇ ਹੋਰ ਪ੍ਰੋਗਰਾਮਾਂ ਲਈ ਲਏ ਜਾਣ ਵਾਲੇ ਲਾਇਸੈਂਸ ਦੀ ਫ਼ੀਸ ਨੂੰ ਘੱਟ ਕਰਕੇ 1000 ਰੁਪਏ ਕਰ ਦਿੱਤਾ ਗਿਆ, ਜਿਸ ਨਾਲ ਆਮ ਆਦਮੀ ਦੀ ਜੇਬ ’ਤੇ ਜ਼ਿਆਦਾ ਅਸਰ ਨਹੀਂ ਪਵੇਗਾ। ਆਉਣ ਵਾਲੀ 1 ਜੁਲਾਈ ਤੋਂ ਸਰਕਾਰ ਸ਼ਰਾਬ ਸਸਤੀ ਕਰਨ ਸਮੇਤ ਕਈ ਫ਼ੈਸਲੇ ਲਾਗੂ ਕਰਨ ਵਾਲੀ ਹੈ, ਜਿਸ ਨਾਲ ਆਮ ਜਨਤਾ ਨੂੰ ਘੱਟ ਖ਼ਰਚ ਕਰਕੇ ਵਧੀਆ ਬਰਾਂਡ ਦੀ ਸ਼ਰਾਬ ਮਿਲੇਗੀ। ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਵੀ ਉਪਲੱਬਧ ਕਰਵਾਈਆਂ ਗਈਆਂ ਹਨ ਪਰ ਸ਼ਰਾਬ ਪਿਲਾਉਣ ਲਈ ਲਾਇਸੈਂਸ ਫ਼ੀਸ ਵਿਚ 2 ਲੱਖ ਰੁਪਏ ਦਾ ਵਾਧਾ ਕਰਕੇ ਡ੍ਰਿੰਕਿੰਗ ਪਲੇਸ ਵਧਾਉਣ ’ਤੇ ਫ਼ੋਕਸ ਨਹੀਂ ਕੀਤਾ ਗਿਆ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਜਲੰਧਰ ਵਿਚ ਸ਼ਰਾਬ ਪੀਣ ਵਾਲੇ ਚੰਗੇ ਸਥਾਨਾਂ ਦੀ ਕਮੀ ਵੇਖਣ ਨੂੰ ਮਿਲ ਸਕਦੀ ਹੈ। ਟੂਰਿਜ਼ਮ ਪੁਆਇੰਟ ਆਫ਼ ਵਿਊ ਤੋਂ ਇਸ ’ਤੇ ਧਿਆਨ ਦੇ ਕੇ ਸਰਕਾਰ ਰੈਵੇਨਿਊ ਵਿਚ ਵਾਧਾ ਕਰ ਸਕਦੀ ਹੈ।

ਇਹ ਵੀ ਪੜ੍ਹੋ: ਨਵੀਂ ਐਕਸਾਈਜ਼ ਪਾਲਿਸੀ ਨਾਲ ਵੱਡੇ ਗਰੁੱਪਾਂ ਦਾ ਟੁੱਟੇਗਾ ‘ਨੈਕਸਸ’, ਪਿਆਕੜਾਂ ਨੂੰ ਮਿਲਣਗੀਆਂ ਇਹ ਸਹੂਲਤਾਂ

ਸਰਕਾਰ ਵੱਲੋਂ ਪਿਛਲੀ ਐਕਸਾਈਜ਼ ਪਾਲਿਸੀ ਵਿਚ ਸ਼ਰਾਬ ਪਿਲਾਉਣ ਵਾਲੇ ਲਾਇਸੈਂਸ ਦੀ ਫ਼ੀਸ 3 ਲੱਖ ਰੁਪਏ ਰੱਖੀ ਗਈ ਸੀ, ਜਿਸ ਨੂੰ ਇਸ ਵਾਰ 2 ਲੱਖ ਰੁਪਏ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਹੈ। ਛੋਟੇ ਡ੍ਰਿੰਕਿੰਗ ਪਲੇਸ ਚਲਾਉਣ ਵਾਲੇ ਰੈਸਟੋਰੈਂਟ ਵਾਲਿਆਂ ਦਾ ਕਹਿਣਾ ਹੈ ਕਿ ਇਹ ਫ਼ੀਸ ਕਾਫੀ ਜ਼ਿਆਦਾ ਹੈ, 3 ਲੱਖ ਰੁਪਏ ਅਦਾ ਕਰਨ ’ਚ ਹੀ ਉਨ੍ਹਾਂ ਦੇ ਪਸੀਨੇ ਛੁੱਟ ਜਾਂਦੇ ਸਨ। ਹੁਣ 5 ਲੱਖ ਰੁਪਏ ਅਦਾ ਕਰਨਾ ਉਨ੍ਹਾਂ ਦੇ ਬਜਟ ਤੋਂ ਬਾਹਰ ਹੋ ਜਾਵੇਗਾ। ਸਰਕਾਰ ਵੱਲੋਂ ਇਕ ਨਾਰਮਲ ਹੋਟਲ ਦੇ ਲਿਕਰ ਪਿਲਾਉਣ ਦੀ ਲਾਇਸੈਂਸ ਫ਼ੀਸ ਛੋਟੇ ਰੈਸਟੋਰੈਂਟ ਵਾਂਗ 5 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ, ਜਦਕਿ 4 ਸਿਤਾਰਾ ਹੋਟਲ ਲਈ ਇਹ ਫ਼ੀਸ 8 ਲੱਖ ਤੇ ਪੰਜ ਸਿਤਾਰਾ ਹੋਟਲਾਂ ਲਈ ਇਹ ਫ਼ੀਸ 12 ਲੱਖ ਰੁਪਏ ਰੱਖੀ ਗਈ ਹੈ। ਵੱਡੇ ਹੋਟਲਾਂ ਨੂੰ ਹਰ ਕੀਮਤ ’ਤੇ ਸ਼ਰਾਬ ਪਿਲਾਉਣ ਦਾ ਲਾਇਸੈਂਸ ਲੈਣਾ ਹੀ ਪੈਂਦਾ ਹੈ। ਹੋਟਲਾਂ ਦੀ ਫ਼ੀਸ ਵਧਣ ਨਾਲ ਸਰਕਾਰ ਦਾ ਰੈਵੇਨਿਊ ਵਧੇਗਾ। ਉਥੇ ਹੀ ਸ਼ਰਾਬ ਪਿਲਾਉਣ ਵਾਲੇ ਛੋਟੇ ਰੈਸਟੋਰੈਂਟ ਜਾਂ ਤਾਂ ਬੰਦ ਹੋ ਜਾਣਗੇ ਜਾਂ ਕਿਸੇ ਤਰ੍ਹਾਂ ਦਾ ਜੁਗਾੜ ਕਰਨਗੇ।

PunjabKesari

ਨਾਂ ਨਾ ਛਾਪਣ ਦੀ ਸ਼ਰਤ ’ਤੇ ਬੀਅਰ ਬਾਰ ਚਲਾਉਣ ਵਾਲੇ ਚਾਲਕ ਨੇ ਦੱਸਿਆ ਕਿ ਡ੍ਰਿੰਕ ਕਰਵਾਉਣ ਵਾਲੇ ਮੁੱਖ ਰੈਸਟੋਰੈਂਟ ਨੂੰ ਛੱਡ ਕੇ ਛੋਟੇ ਰੈਸਟੋਰੈਂਟ ਸਿਰਫ਼ ਬੀਅਰ ਬਾਰ ਦਾ ਲਾਇਸੈਂਸ ਲੈਂਦੇ ਹਨ। ਇਹ ਲਾਇਸੈਂਸ ਕਾਫ਼ੀ ਸਸਤਾ ਹੁੰਦਾ ਹੈ। ਇਸ ਵਾਰ ਵੀ ਡ੍ਰੋਡ ਬੀਅਰ ਬਾਰ ਦੇ ਲਾਇਸੈਂਸ ਨੂੰ 50 ਹਜ਼ਾਰ ਤੋਂ ਵਧਾ ਕੇ 55 ਹਜ਼ਾਰ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਕਈ ਸਥਾਨਾਂ ’ਤੇ ਗਲਤ ਢੰਗ ਨਾਲ ਸ਼ਰਾਬ ਪਿਲਾਈ ਜਾਂਦੀ ਹੈ। ਨਿਯਮਾਂ ਦੇ ਉਲਟ ਜਾ ਕੇ ਕਈ ਛੋਟੇ ਰੈਸਟੋਰੈਂਟ ਸ਼ਰਾਬ ਪਿਲਾਉਣ ਦਾ ਲਾਇਸੈਂਸ ਨਹੀਂ ਲੈਂਦੇ ਅਤੇ ਬੀਅਰ ਬਾਰ ਦੇ ਲਾਇਸੈਂਸ ਵਿਚ ਹੀ ਲੋਕਾਂ ਨੂੰ ਸ਼ਰਾਬ ਪਿਲਾਉਂਦੇ ਹਨ। ਇਸ ਦੇ ਲਈ ਜੁਗਾੜ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਵਾਰ ਚਾਲਕ ਬੀਅਰ ਦੀ ਬੋਤਲ ’ਚ ਸ਼ਰਾਬ ਪਾ ਕੇ ਟੇਬਲ ’ਤੇ ਰਖਵਾ ਦਿੰਦੇ ਹਨ ਤਾਂ ਜੋ ਦੇਖਣ ਵਿਚ ਅਜਿਹਾ ਲੱਗ ਸਕੇ ਕਿ ਵਿਅਕਤੀ ਬੀਅਰ ਪੀ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਅਜੇ ਵੀ ਕਈ ਅਜਿਹੇ ਛੋਟੇ ਰੈਸਟੋਰੈਂਟ ਚੱਲ ਰਹੇ ਹਨ, ਜੋ ਬੀਅਰ ਦੀ ਬੋਤਲ ਵਿਚ ਸ਼ਰਾਬ ਪਾ ਕੇ ਆਪਣੇ ਗਾਹਕਾਂ ਨੂੰ ਆਕਰਸ਼ਿਤ ਕਰਦੇ ਹਨ।

ਇਹ ਵੀ ਪੜ੍ਹੋ: ਭੁਲੱਥ 'ਚ ਸ਼ਰਮਨਾਕ ਘਟਨਾ, ਨੌਜਵਾਨ ਨੂੰ ਪੁੱਠਾ ਟੰਗ ਕੇ ਦਰੱਖ਼ਤ ਨਾਲ ਲਟਕਾਇਆ, ਜਾਣੋ ਕਿਉਂ

ਸ਼ਰਾਬ ਪਿਲਾਉਣ ਦੇ ਲਾਇਸੈਂਸ ਦੇ ਰੇਟ ਘੱਟ ਕਰਨ ਨਾਲ ਵਧੇਗਾ ਰੈਵੇਨਿਊ
ਜਾਣਕਾਰਾਂ ਦਾ ਕਹਿਣਾ ਹੈ ਕਿ ਸ਼ਰਾਬ ਪਿਲਾਉਣ ਦੇ ਲਾਇਸੈਂਸ ਦੇ ਰੇਟ ਨਿਰਧਾਰਿਤ ਕਰਨ ਸਮੇਂ ਉਸ ਵਿਚ ਕਈ ਤਰ੍ਹਾਂ ਦੇ ਸਲੈਬ ਬਣਾਏ ਜਾਂਦੇ ਸਨ। ਹੋਟਲਾਂ ਨੂੰ ਛੱਡ ਕੇ 10-15 ਟੇਬਲਾਂ ਵਾਲੇ ਛੋਟੇ ਰੈਸਟੋਰੈਂਟਾਂ ਲਈ ਲਿਕਰ ਸਰਵ ਕਰਨ ਦਾ ਲਾਇਸੈਂਸ 1 ਲੱਖ ਰੁਪਏ ਤੱਕ ਉਪਲੱਬਧ ਕਰਵਾਇਆ ਜਾਂਦਾ ਤਾਂ ਸਰਕਾਰ ਦਾ ਰੈਵੇਨਿਊ ਕਾਫ਼ੀ ਵਧ ਸਕਦਾ ਸੀ।

ਇਹ ਵੀ ਪੜ੍ਹੋ: ਮੂਸੇਵਾਲਾ ਦੇ ਨਾਂ ’ਤੇ ਸੰਗਰੂਰ ਜ਼ਿਮਨੀ ਚੋਣ ਲੜੇਗੀ ਕਾਂਗਰਸ, ਰਾਜਾ ਵੜਿੰਗ ਨੇ ਜਾਰੀ ਕੀਤਾ 'ਚੋਣ ਗਾਣਾ'

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News