ਨਵੀਂ ਐਕਸਾਈਜ਼ ਪਾਲਿਸੀ : 3 ਸਾਲ ਬਾਅਦ ਪੁਰਾਣੇ ਠੇਕੇਦਾਰਾਂ ਨੂੰ ਮਿਲਿਆ ਮੌਕਾ, ਟੈਂਡਰ ਦਾ ਅੱਜ ਆਖਰੀ ਦਿਨ

06/25/2022 5:06:07 PM

ਜਲੰਧਰ (ਪੁਨੀਤ)–ਕਾਂਗਰਸ ਸਰਕਾਰ ਵੱਲੋਂ ਪਿਛਲੇ 3 ਸਾਲਾਂ ਤੋਂ ਸ਼ਰਾਬ ਦੇ ਠੇਕਿਆਂ ਦਾ ਕੰਮ ਪੁਰਾਣੇ ਚੱਲੇ ਆ ਰਹੇ ਠੇਕੇਦਾਰਾਂ ਨੂੰ ਰੀਨਿਊ ਕਰ ਕੇ ਦਿੱਤਾ ਜਾ ਰਿਹਾ ਸੀ ਪਰ ਹੁਣ ਨਵੀਂ ਸਰਕਾਰ ਨੇ ਇਸ ਕੰਮ ’ਚੋਂ ਬਾਹਰ ਹੋ ਚੁੱਕੇ ਪੁਰਾਣੇ ਠੇਕੇਦਾਰਾਂ ਨੂੰ ਫਿਰ ਤੋਂ ਕੰਮ ਕਰਨ ਦਾ ਮੌਕਾ ਮੁਹੱਈਆ ਕੀਤਾ ਹੈ। ਨਵੀਂ ਐਕਸਾਈਜ਼ ਪਾਲਿਸੀ ਮੁਤਾਬਕ ਵਿਭਾਗ ਵੱਲੋਂ ਜਲੰਧਰ ਜ਼ੋਨ ਦੇ ਟੈਂਡਰ ਆਨਲਾਈਨ ਮੰਗੇ ਹਨ, ਜਿਨ੍ਹਾਂ ਨੂੰ ਭਰਨ ਦਾ ਸ਼ਨੀਵਾਰ ਆਖਰੀ ਦਿਨ ਹੈ। ਬਿਨੈਕਾਰ 25 ਜੂਨ ਸ਼ਾਮੀਂ 6.55 ਤੱਕ ਆਪਣੇ ਟੈਂਡਰ ਭਰ ਸਕਣਗੇ। ਇਸ ਤੋਂ ਬਾਅਦ ਵਿਭਾਗ ਦੀ ਸਾਈਟ ਬੰਦ ਕਰ ਦਿੱਤੀ ਜਾਵੇਗੀ। ਆਖਰੀ ਦਿਨ ਹੋਣ ਕਾਰਨ ਐਕਸਾਈਜ਼ ਵਿਭਾਗ ਦੇ ਡਿਪਟੀ ਕਮਿਸ਼ਨਰ ਰਾਜਪਾਲ ਸਿੰਘ ਖਹਿਰਾ ਵੱਲੋਂ ਛੁੱਟੀ ਵਾਲੇ ਦਿਨ ਵੀ ਦਫਤਰ ਖੋਲ੍ਹਣ ਦੇ ਹੁਕਮ ਦਿੱਤੇ ਗਏ ਹਨ, ਜਿਸ ਕਾਰਨ ਫੈਸਿਲੀਟੇਸ਼ਨ ਸੈਂਟਰ ਿਵਚ ਬਿਨੈਕਾਰਾਂ ਨੂੰ ਜਾਗਰੂਕ ਕਰਨ ਲਈ ਅਧਿਕਾਰੀ ਸਵੇਰੇ 9 ਵਜੇ ਤੋਂ ਮੌਜੂਦ ਰਹਿਣਗੇ। ਅਧਿਕਾਰੀਆਂ ਨੇ ਦੱਸਿਆ ਕਿ 2018-19 ਨੂੰ ਜਿਹੜੇ ਠੇਕੇਦਾਰਾਂ ਨੂੰ ਡਰਾਅ ਸਿਸਟਮ ਜ਼ਰੀਏ ਠੇਕੇ ਮਿਲੇ ਸਨ, ਪਿਛਲੇ 3 ਸਾਲਾਂ ਤੋਂ ਉਨ੍ਹਾਂ ਲੋਕਾਂ ਦੇ ਹੀ ਟੈਂਡਰ ਅੱਗੇ ਵਧਾਏ ਜਾ ਰਹੇ ਸਨ, ਜਿਸ ਕਾਰਨ ਪੁਰਾਣੇ ਠੇਕੇਦਾਰਾਂ ਨੂੰ ਕੰਮ ਕਰਨ ਦਾ ਮੌਕਾ ਨਹੀਂ ਮਿਲ ਪਾ ਰਿਹਾ ਸੀ। ਕਾਂਗਰਸ ਸਰਕਾਰ ਵੱਲੋਂ 12 ਤੋਂ 15 ਫੀਸਦੀ ਫੀਸ ਵਧਾ ਕੇ ਪੁਰਾਣੇ ਠੇਕੇਦਾਰਾਂ ਦੇ ਲਾਇਸੈਂਸ ਰੀਨਿਊ ਕੀਤੇ ਜਾ ਰਹੇ ਸਨ, ਜਿਸ ਕਾਰਨ ਸ਼ਰਾਬ ਦੇ ਠੇਕਿਆਂ ਦਾ ਕੰਮ ਕਰਨ ਵਾਲੇ ਠੇਕੇਦਾਰਾਂ ਵਿਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਸੀ। ਹੁਣ ਨਵੀਂ ਸਰਕਾਰ ਵੱਲੋਂ ਫਿਰ ਤੋਂ ਨਵੇਂ ਰੂਪ ਵਿਚ ਟੈਂਡਰ ਕਰਵਾਏ ਗਏ ਹਨ। ਇਸ ਨੂੰ ਲੈ ਕੇ ਨਵੇਂ ਬਿਨੈਕਾਰਾਂ ਵਿਚ ਵੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜਲੰਧਰ ਜ਼ਿਲੇ ਵਿਚ ਸ਼ਰਾਬ ਦੇ ਠੇਕਿਆਂ ਦੇ 20 ਗਰੁੱਪ ਬਣਾਏ ਗਏ ਹਨ। ਇਨ੍ਹਾਂ ਵਿਚ ਨਗਰ ਨਿਗਮ ਦੀ ਹੱਦ ਦੇ ਅੰਦਰ 13 ਗਰੁੱਪ, ਜਦੋਂ ਕਿ ਜ਼ਿਲੇ ਦੇ ਦਿਹਾਤੀ ਇਲਾਕਿਆਂ ਵਿਚ 7 ਗਰੁੱਪ ਰੱਖੇ ਗਏ ਹਨ। ਉਕਤ ਗਰੁੱਪਾਂ ਨਾਲ 640 ਠੇਕੇ ਖੋਲ੍ਹਣ ਦੀ ਵਿਵਸਥਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ 20 ਗਰੁੱਪਾਂ ਦੀ ਰਿਜ਼ਰਵ ਪ੍ਰਾਈਸ 565 ਕਰੋੜ ਰੁਪਏ ਰੱਖੀ ਗਈ ਹੈ। ਸਰਕਾਰ ਬਣਨ ਤੋਂ ਬਾਅਦ ਪਿਛਲੇ ਠੇਕੇਦਾਰਾਂ ਨੂੰ 3 ਮਹੀਨਿਆਂ ਦੀ ਐਕਸਟੈਨਸ਼ਨ ਦਿੱਤੀ ਗਈ ਸੀ, ਜਿਸ ਤਹਿਤ ਇਸ ਵਾਰ ਦੀ ਪਾਲਿਸੀ ਸਿਰਫ 9 ਮਹੀਨਿਆਂ ਲਈ ਬਣਾਈ ਗਈ ਹੈ।

ਕੱਲ ਖੋਲ੍ਹੀ ਜਾਵੇਗੀ ਫਾਈਨਾਂਸ਼ੀਅਲ ਟੈਂਡਰਿੰਗ
ਐਤਵਾਰ ਨੂੰ ਛੁੱਟੀ ਵਾਲੇ ਿਦਨ ਵਿਭਾਗ ਵੱਲੋਂ ਭਰੇ ਗਏ ਟੈਂਡਰਾਂ ਦੀ ਫਾਈਨਾਂਸ਼ੀਅਲ ਟੈਂਡਰਿੰਗ ਖੋਲ੍ਹੀ ਜਾਵੇਗੀ। ਇਸ ਤਹਿਤ ਅਧਿਕਾਰੀ ਟੈਂਡਰ ਭਰਨ ਲਈ ਆਨਲਾਈਨ ਦਾਖਲ ਕੀਤੇ ਗਏ ਕਾਗਜ਼ਾਤ ਦੇਖਣਗੇ। ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਵੱਲੋਂ ਟੈਂਡਰ ਭਰਨ ਲਈ ਬੈਂਕ ਦਾ ਸਿੱਬਲ ਸਕੋਰ 600 ਤੋਂ ਵੱਧ ਅਤੇ ਨੈੱਟਵਰਥ ਇਨਕਮ 60 ਲੱਖ ਪ੍ਰਤੀ ਸਾਲ ਹੋਣ ਦਾ ਨਿਯਮ ਰੱਖਿਆ ਗਿਆ ਹੈ। ਟੈਂਡਰ ਭਰਨ ਵਾਲਿਆਂ ਨੂੰ ਇਸ ਸਬੰਧੀ ਕਾਗਜ਼ਾਤ ਅਤੇ ਹੋਰ ਨਿਯਮਾਂ ਨੂੰ ਪੂਰਾ ਕਰਨਾ ਜ਼ਰੂਰੀ ਹੈ। ਜਿਹੜੇ ਟੈਂਡਰ ਭਰਨ ਵਾਲਿਆਂ ਵੱਲੋਂ ਵਿਭਾਗ ਦੇ ਨਿਯਮ ਤੇ ਸ਼ਰਤਾਂ ੰਪੂਰੀਆਂ ਨਹੀਂ ਕੀਤੀਆਂ ਜਾਣਗੀਆਂ, ਉਨ੍ਹਾਂ ਦੇ ਟੈਂਡਰ ਰੱਦ ਕਰ ਦਿੱਤੇ ਜਾਣਗੇ। ਵਿਭਾਗ ਵੱਲੋਂ ਲੋਕਾਂ ਦੀ ਸਹੂਲਤ ਲਈ ਬੱਸ ਅੱਡੇ ਨੇੜੇ ਸਥਿਤ ਐਕਸਾਈਜ਼ ਦਫਤਰ ਵਿਚ ਅਧਿਕਾਰੀਆਂ ਦੀ ਡਿਊਟੀ ਲਾਈ ਗਈ ਹੈ। ਟੈਂਡਰ ਭਰਨ ਦੇ ਚਾਹਵਾਨ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ ਤਾਂ ਕਿ ਉਨ੍ਹਾਂ ਦੇ ਟੈਂਡਰ ਵਿਚ ਕੋਈ ਕਮੀ ਨਾ ਰਹੇ।

ਚਾਹਵਾਨ ਬਿਨੈਕਾਰਾਂ ਨੇ ਐਕਸਾਈਜ਼ ਦਫਤਰ ਤੋਂ ਲਈ ਇਲਾਕੇ ਸਬੰਧੀ ਜਾਣਕਾਰੀ
ਵਿਭਾਗ ਵੱਲੋਂ ਜਲੰਧਰ ਨੂੰ 20 ਗਰੁੱਪਾਂ ਵਿਚ ਵੰਡਿਆ ਗਿਆ ਹੈ, ਜਿਸ ਵਿਚ ਸ਼ਹਿਰ ਦੇ 13 ਗਰੁੱਪ ਬਣਾਏ ਗਏ ਹਨ। ਅਧਿਕਾਰੀ ਕਹਿੰਦੇ ਹਨ ਕਿ ਹਰੇਕ ਗਰੁੱਪ ਇਸ ਹਿਸਾਬ ਨਾਲ ਬਣਾਇਆ ਗਿਆ ਹੈ ਕਿ ਕਿਸੇ ਗਰੁੱਪ ਦੀ ਸੇਲ ਘੱਟ ਨਾ ਹੋਵੇ। ਇਸਦੇ ਬਾਵਜੂਦ ਟੈਂਡਰ ਭਰਨ ਦੇ ਚਾਹਵਾਨ ਬਿਨੈਕਾਰਾਂ ਵੱਲੋਂ ਐਕਸਾਈਜ਼ ਦਫਤਰ ਤੋਂ ਗਰੁੱਪ ਦੇ ਇਲਾਕੇ ਸਬੰਧੀ ਜਾਣਕਾਰੀ ਇਕੱਤਰ ਕੀਤੀ ਗਈ ਹੈ। ਨਗਰ ਨਿਗਮ ਦੀ ਹੱਦ ਵਿਚ ਆਉਣ ਵਾਲੇ ਕਈ ਗਰੁੱਪ ਆਕਰਸ਼ਣ ਦਾ ਕੇਂਦਰ ਹਨ, ਜਿਨ੍ਹਾਂ ਵਿਚ ਮਾਡਲ ਟਾਊਨ ਬੱਸ ਅੱਡਾ, ਰੇਲਵੇ ਸਟੇਸ਼ਨ, ਰਾਮਾ ਮੰਡੀ, ਜੋਤੀ ਚੌਕ ਆਦਿ ਗਰੁੱਪਾਂ ਵਿਚ ਠੇਕੇ ਘੱਟ ਹਨ ਅਤੇ ਇਨ੍ਹਾਂ ਦੀ ਰਿਜ਼ਰਵ ਪ੍ਰਾਈਸ ਜ਼ਿਆਦਾ ਹੈ। ਉਥੇ ਹੀ, ਮਾਡਲ ਹਾਊਸ, ਅਵਤਾਰ ਨਗਰ, ਲੈਦਰ ਕੰਪਲੈਕਸ, ਮਕੂਸਦਾਂ, ਪਰਾਗਪੁਰ, ਲੰਮਾ ਪਿੰਡ ਗਰੁੱਪ ਵਿਚ ਠੇਕਿਆਂ ਦੀ ਗਿਣਤੀ ਜ਼ਿਆਦਾ ਰੱਖੀ ਗਈ ਹੈ। ਨਿਗਮ ਦੀ ਹੱਦ ਦੇ ਅੰਦਰ ਸਭ ਤੋਂ ਮਹਿੰਗਾ ਮਾਡਲ ਟਾਊਨ ਦਾ ਗਰੁੱਪ ਹੈ, ਜਿਸਦੀ ਰਿਜ਼ਰਵ ਪ੍ਰਾਈਸ 30.18 ਕਰੋੜ ਨਿਰਧਾਰਤ ਕੀਤੀ ਗਈ ਹੈ। ਇਸੇ ਤਰ੍ਹਾਂ ਮਕਸੂਦਾਂ ਦੇ 20 ਠੇਕਿਆਂ ਵਾਲਾ ਗਰੁੱਪ 28.14 ਕਰੋੜ ਦੀ ਰਿਜ਼ਰਵ ਪ੍ਰਾਈਸ ਤੋਂ ਸ਼ੁਰੂ ਹੋਵੇਗਾ।


Manoj

Content Editor

Related News