ਮਿਲੇਗਾ ਆਰਾਮਦਾਇਕ ਸਫ਼ਰ: ਨਵੀਆਂ ਮਿਲੀਆਂ ਬੱਸਾਂ ਦੀ ਉੱਤਰਾਖੰਡ ਤੇ ਹਿਮਾਚਲ ਦੇ ਲਾਭ ਵਾਲੇ ਰੂਟਾਂ ਤੋਂ ਸ਼ੁਰੂ ਹੋਵੇਗੀ ਆਵਾਜਾਈ

01/23/2022 3:50:55 PM

ਜਲੰਧਰ (ਪੁਨੀਤ)– ਪੰਜਾਬ ਰੋਡਵੇਜ਼-ਪਨਬੱਸ ਅਤੇ ਪੀ. ਆਰ. ਟੀ. ਸੀ. ਦੇ ਬੇੜੇ ਵਿਚ ਪਾਈਆਂ ਜਾ ਰਹੀਆਂ 842 ਨਵੀਆਂ ਬੱਸਾਂ ਨੂੰ ਡਿਮਾਂਡ ਦੇ ਮੁਤਾਬਕ ਡਿਪੂਆਂ ਨੂੰ ਅਲਾਟ ਕੀਤਾ ਜਾ ਰਿਹਾ ਹੈ, ਜਿਸ ਦੇ ਪਹਿਲੇ ਸਲਾਟ ਵਜੋਂ ਜਲੰਧਰ ਦੇ ਦੋਵਾਂ ਡਿਪੂਆਂ ਨੂੰ 10-10 ਨਵੀਆਂ ਬੱਸਾਂ ਮਿਲੀਆਂ ਹਨ। ਇਹ ਬੱਸਾਂ ਨਵੀਂ ਤਕਨੀਕ ਨਾਲ ਤਿਆਰ ਹੋਈਆਂ ਹਨ, ਜਿਹੜੀਆਂ ਯਾਤਰੀਆਂ ਨੂੰ ਬਹੁਤ ਆਰਾਮਦਾਇਕ ਸਫ਼ਰ ਮਹਿਸੂਸ ਕਰਵਾਉਣਗੀਆਂ। ਲਗਭਗ 3 ਦਿਨ ਜੈਪੁਰ ਵਿਚ ਚੱਲੀ ਇੰਸਪੈਕਸ਼ਨ ਤੋਂ ਬਾਅਦ ਅਧਿਕਾਰੀਆਂ ਦੀ ਨਿਗਰਾਨੀ ਵਿਚ ਉਕਤ ਬੱਸਾਂ ਜਲੰਧਰ ਲਿਆਂਦੀਆਂ ਗਈਆਂ ਹਨ, ਜਿਹੜੀਆਂ ਡਿਪੂਆਂ ਵਿਚ ਖੜ੍ਹੀਆਂ ਕਰ ਦਿੱਤੀਆਂ ਹਨ। ਆਉਣ ਵਾਲੇ ਕੁਝ ਦਿਨਾਂ ਵਿਚ ਇਨ੍ਹਾਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਜਾਵੇਗੀ। ਅਧਿਕਾਰੀ ਚਾਹੁੰਦੇ ਹਨ ਕਿ ਲਾਭ ਵਾਲੇ ਰੂਟਾਂ ’ਤੇ ਨਵੀਆਂ ਬੱਸਾਂ ਨੂੰ ਭੇਜ ਕੇ ਵਧੀਆ ਸ਼ੁਰੂਆਤ ਕੀਤੀ ਜਾਵੇ। ਪਹਿਲੇ ਦਿਨ ਦੇ ਸੰਚਾਲਨ ਤੋਂ ਵੱਧ ਤੋਂ ਵੱਧ ਕੁਲੈਕਸ਼ਨ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ਦੇ ਲਈ ਬੱਸਾਂ ਨੂੰ ਉੱਤਰਾਖੰਡ ਅਤੇ ਹਿਮਾਚਲ ਦੇ ਰੂਟਾਂ ’ਤੇ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ ਤੋਂ ਇਲਾਵਾ ਯੂ.ਪੀ. 'ਚ ਵੀ ਚਰਚਾ ਦਾ ਵਿਸ਼ਾ ਬਣੀ ਵਿਧਾਨ ਸਭਾ ਸੀਟ ਨਵਾਂਸ਼ਹਿਰ

ਹਿਮਾਚਲ ’ਚ ਹੋ ਰਹੀ ਬਰਫ਼ਬਾਰੀ ਕਾਰਨ ਉਥੇ ਸੈਲਾਨੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਉੱਤਰਾਖੰਡ ਲਈ ਪੰਜਾਬ ਦੇ ਮੁੱਖ ਡਿਪੂਆਂ ਕੋਲ ਪਰਮਿਟ ਹੈ, ਜਿਨ੍ਹਾਂ ਵਿਚ ਜਲੰਧਰ ਦਾ ਡਿਪੂ ਵੀ ਸ਼ਾਮਲ ਹੈ, ਜਿਸ ਕਾਰਨ ਉੱਤਰਾਖੰਡ ਜਾਣ ਵਾਲੀਆਂ ਬੱਸਾਂ ਰੁਟੀਨ ਵਿਚ ਲਾਭ ਹਾਸਲ ਕਰਦੀਆਂ ਹਨ। ਇਸ ਲਈ ਅਧਿਕਾਰੀਆਂ ਵੱਲੋਂ ਨਵੀਆਂ ਬੱਸਾਂ ਦੀ ਸ਼ੁਰੂਆਤ ਹਿਮਾਚਲ ਤੇ ਉੱਤਰਾਖੰਡ ਨੂੰ ਬੱਸਾਂ ਚਲਾ ਕੇ ਕੀਤੀ ਜਾ ਰਹੀ ਹੈ। ਬੱਸਾਂ ਦੇ ਨੰਬਰ ਆਦਿ ਦਾ ਕੰਮ ਤੁਰੰਤ ਪ੍ਰਭਾਵ ਨਾਲ ਪੂਰਾ ਕਰਵਾ ਲਿਆ ਗਿਆ ਹੈ ਕਿਉਂਕਿ ਰੋਡਵੇਜ਼ ਅਤੇ ਆਰ. ਟੀ. ਏ. ਦਫ਼ਤਰ ਦੋਵੇਂ ਟਰਾਂਸਪੋਰਟ ਮਹਿਕਮਾ ਅਧੀਨ ਆਉਂਦੇ ਹਨ, ਜਿਸ ਕਾਰਨ ਨੰਬਰ ਆਦਿ ਜਾਰੀ ਕਰਵਾਉਣ ਵਿਚ ਵਧੇਰੇ ਸਮਾਂ ਨਹੀਂ ਲੱਗਾ। ਹੁਣ ਬੱਸਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਲੱਗਣੀਆਂ ਅਤੇ ਟੋਲ ਪਲਾਜ਼ਾ ਨੂੰ ਵਰਤੋਂ ਵਿਚ ਆਉਣ ਵਾਲਾ ਫਾਸਟੈਗ ਲੱਗਣ ਦਾ ਕੰਮ ਬਾਕੀ ਹੈ। ਇਹ ਕੰਮ ਸੋਮਵਾਰ ਦੁਪਹਿਰ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ, ਜਿਸ ਤਹਿਤ ਸ਼ਾਮ ਨੂੰ ਉੱਤਰਾਖੰਡ ਨੂੰ ਨਵੀਂ ਬੱਸ ਰਵਾਨਾ ਕੀਤੀ ਜਾ ਸਕਦੀ ਹੈ।

ਬੱਸਾਂ ਦੀ ਬਾਡੀ ਜੈਪੁਰ ਦੀ ਇਕ ਕੰਪਨੀ ਵੱਲੋਂ ਲਾਈ ਜਾ ਰਹੀ ਹੈ। 50 ਬੱਸਾਂ ਤਿਆਰ ਹੋਣ ’ਤੇ ਕੰਪਨੀ ਵੱਲੋਂ ਚੰਡੀਗੜ੍ਹ ਸੂਚਿਤ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਜਿਸ ਡਿਪੂ ਨੂੰ ਬੱਸਾਂ ਦਿੱਤੀਆਂ ਜਾਣੀਆਂ ਹਨ, ਉਸ ਡਿਪੂ ਦੇ ਅਧਿਕਾਰੀ ਜੈਪੁਰ ਜਾ ਕੇ ਬੱਸਾਂ ਦੀ ਇੰਸਪੈਕਸ਼ਨ ਕਰਦੇ ਹਨ। ਜਲੰਧਰ ਨੂੰ ਮਿਲਣ ਵਾਲੀਆਂ 20 ਬੱਸਾਂ ਦਾ ਕੰਮ ਪੂਰਾ ਹੋਣ ਤੋਂ ਬਾਅਦ ਚੰਡੀਗੜ੍ਹ ਤੋਂ ਬੱਸਾਂ ਰਿਸੀਵ ਕਰਨ ਦਾ ਹੁਕਮ ਪ੍ਰਾਪਤ ਹੋਇਆ। ਇਸ ਤਹਿਤ ਹਫ਼ਤੇ ਦੀ ਸ਼ੁਰੂਆਤ ਜਲੰਧਰ ਡਿਪੂ-1 ਦੇ ਜੀ. ਐੱਮ. ਜਗਰਾਜ ਸਿੰਘ ਅਤੇ ਡਿਪੂ-2 ਦੇ ਜੀ. ਐੱਮ. ਰਿਸ਼ੀ ਸ਼ਰਮਾ ਸੀਨੀਅਰ ਡਰਾਈਵਰਾਂ ਨਾਲ ਜੈਪੁਰ ਪੁੱਜੇ। ਇਸ ਉਪਰੰਤ ਬੱਸਾਂ ਦੀ 3 ਦਿਨ ਚੱਲੀ ਇੰਸਪੈਕਸ਼ਨ ਵਿਚ ਬੱਸਾਂ ਵਿਚ ਜਿਹੜੀਆਂ ਕਮੀਆਂ ਪਾਈਆਂ ਗਈਆਂ, ਉਨ੍ਹਾਂ ਨੂੰ ਦੂਰ ਕਰਵਾਇਆ ਗਿਆ। ਹੁਣ ਬੱਸਾਂ ਬਿਲਕੁਲ ਤਿਆਰ ਹੋ ਕੇ ਜਲੰਧਰ ਦੇ ਡਿਪੂ-1 ਅਤੇ 2 ਵਿਚ ਖੜ੍ਹੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਨਵੀਆਂ ਬੱਸਾਂ ਦੀ ਕਮਾਨ ਪੁਰਾਣੇ ਡਰਾਈਵਰਾਂ ਨੂੰ ਸੌਂਪੀ ਜਾਵੇਗੀ।

ਇਹ ਵੀ ਪੜ੍ਹੋ: ਮੁਕੇਰੀਆਂ: ਵਿਆਹ ਤੋਂ ਪਰਤਦਿਆਂ ਰੇਲਿੰਗ ਨਾਲ ਟਕਰਾਈ ਕਾਰ, ਦਰਦਨਾਕ ਹਾਦਸੇ 'ਚ 2 ਨੌਜਵਾਨਾਂ ਸਣੇ 3 ਦੀ ਮੌਤ

ਬੀ-6 ਸਿਸਟਮ ਅਤੇ ਪੈਨਿਕ ਬਟਨ ਨਾਲ ਲੈਸ ਹਨ ਨਵੀਆਂ ਬੱਸਾਂ
ਨਵੀਆਂ ਬੱਸਾਂ ਬੀ-6 ਸਿਸਟਮ ਨਾਲ ਲੈਸ ਹਨ, ਜਿਸ ਕਾਰਨ ਬੱਸਾਂ ਨਾਲ ਹੋਣ ਵਾਲਾ ਪ੍ਰਦੂਸ਼ਣ ਨਾਮਾਤਰ ਰਹਿ ਜਾਂਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੱਸਾਂ ਦੀ ਬਾਡੀ ਦਾ ਨਿਰਮਾਣ ਭਾਰਤ ਸਰਕਾਰ ਵੱਲੋਂ ਨੋਟੀਫਾਈਡ ਏ. ਆਈ. ਐੱਸ. 052 ਬੱਸ ਕੋਡ ਆਫ਼ ਨਿਯਮਾਂ ਮੁਤਾਬਕ ਕਰਵਾਇਆ ਗਿਆ ਹੈ। ਇਸ ਕੋਡ ਨੂੰ ਟਰਾਂਸਪੋਰਟ ਮੰਤਰਾਲਾ ਤੋਂ ਮਾਨਤਾ ਪ੍ਰਾਪਤ ਹੈ। 52 ਸੀਟਾਂ ਵਾਲੀ ਹਰੇਕ ਬੱਸ ਵਿਚ ਸੀਟ ਦੇ ਨਾਲ ਪੈਨਿਕ ਬਟਨ ਲੱਗਾ ਹੋਇਆ ਹੈ। ਉਕਤ ਬੱਸਾਂ ਦੀ ਲੋਕੇਸ਼ਨ ਦਾ ਟਰੈਕਿੰਗ ਸਿਸਟਮ ਨਾਲ ਪਤਾ ਲਾਉਣਾ ਬਹੁਤ ਆਸਾਨ ਹੈ। ਬੱਸਾਂ ਮਹਿਕਮੇ ਦੇ ਚੰਡੀਗੜ੍ਹ ਸਥਿਤ ਸਿਸਟਮ ਨਾਲ ਆਨਲਾਈਨ ਜੁੜੀਆਂ ਹੋਈਆਂ ਹਨ। ਬੱਸਾਂ ਦੇ ਅੱਡੇ ਵਿਚ ਦਾਖ਼ਲ ਹੋਣ ਤੋਂ ਲੈ ਕੇ ਰਸਤੇ ਵਿਚ ਰੁਕਣ ਤੇ ਚੱਲਣ ਦੇ ਹਰੇਕ ਮਿੰਟ ਦੀ ਰਿਪੋਰਟ ਦਰਜ ਹੁੰਦੀ ਹੈ। ਜਿਹੜੇ ਡਿਪੂਆਂ ਨੂੰ ਨਵੀਆਂ ਬੱਸਾਂ ਮਿਲ ਰਹੀਆਂ ਹਨ, ਉਹ ਲੰਮੇ ਰੂਟਾਂ ’ਤੇ ਨਵੀਆਂ ਬੱਸਾਂ ਚਲਾਉਣ ਨੂੰ ਮਹੱਤਵ ਦੇਣਗੇ।

ਮਹਿਕਮੇ ਦੇ ਨਿਯਮ ਮੁਤਾਬਕ ਨਵੀਆਂ ਬੱਸਾਂ ਨੂੰ ਉਨ੍ਹਾਂ ਰੂਟਾਂ ’ਤੇ ਚਲਾਉਣ ਨੂੰ ਪਹਿਲ ਦਿੱਤੀ ਜਾਂਦੀ ਹੈ, ਜਿਹੜੀਆਂ ਇਕ ਦਿਨ ਵਿਚ ਘੱਟ ਤੋਂ ਘੱਟ 400 ਕਿਲੋਮੀਟਰ ਦਾ ਸਫਰ ਤਹਿ ਕਰਨ। ਅਜਿਹੇ ਹਾਲਾਤ ਵਿਚ ਪੰਜਾਬ ਦੇ ਅੰਦਰ ਬੱਸਾਂ ਚਲਾਉਣ ਦੀ ਥਾਂ ਉੱਤਰਾਖੰਡ ਦੇ ਟਨਕਪੁਰ, ਹਿਮਾਚਲ ਦੇ ਸ਼ਿਮਲਾ ਆਦਿ ਰੂਟਾਂ ’ਤੇ ਇਨ੍ਹਾਂ ਨੂੰ ਸ਼ੁਰੂਆਤ ਵਿਚ ਭੇਜਿਆ ਜਾ ਰਿਹਾ ਹੈ। ਪੁਰਾਣੀਆਂ ਬੱਸਾਂ ਨੂੰ ਪੰਜਾਬ ਦੇ ਅੰਦਰ ਚੱਲਣ ਵਾਲੇ ਰੂਟਾਂ ’ਤੇ ਸ਼ਿਫਟ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਰੰਧਾਵਾ ਦਾ ED 'ਤੇ ਦੋਸ਼, ਕਿਹਾ-ਚੰਨੀ ਦੇ ਰਿਸ਼ਤੇਦਾਰਾਂ ’ਤੇ ਤਾਂ ਛਾਪੇ ਮਾਰੇ ਪਰ ਮਜੀਠੀਆ ਦੇ ਕੇਸ ਵੱਲ ਨਹੀਂ ਦਿੱਤਾ ਧਿਆਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News