ਨਰਾਤਿਆਂ 'ਚ ਕਿਉਂ ਕੀਤੀ ਜਾਂਦੀ ਹੈ 'ਕੰਜਕਾਂ' ਦੀ ਪੂਜਾ? ਜਾਣੋ ਕੀ ਹੈ ਇਸ ਦਾ ਮਹੱਤਵ

Thursday, Mar 30, 2023 - 10:01 AM (IST)

ਨਰਾਤਿਆਂ 'ਚ ਕਿਉਂ ਕੀਤੀ ਜਾਂਦੀ ਹੈ 'ਕੰਜਕਾਂ' ਦੀ ਪੂਜਾ? ਜਾਣੋ ਕੀ ਹੈ ਇਸ ਦਾ ਮਹੱਤਵ

ਜਲੰਧਰ (ਬਿਊਰੋ) : ਹਿੰਦੂ ਧਰਮ 'ਚ ਨਰਾਤਿਆਂ ਦੇ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਹਿੰਦੂ ਧਰਮ ਦੇ ਲੋਕ ਮਾਂ ਦੁਰਗਾ ਦੇ ਨਰਾਤਿਆਂ ਨੂੰ ਬੜੀ ਸ਼ਰਧਾ ਨਾਲ ਮਨਾਉਂਦੇ ਹਨ। ਨਰਾਤਿਆਂ ਦੇ 9 ਦਿਨਾਂ ਦੌਰਾਨ ਮਾਂ ਦੇ ਨੌਂ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਮਾਂ ਨੂੰ ਖੁਸ਼ ਕਰਨ ਲਈ ਬਹੁਤ ਸਾਰੇ ਲੋਕ ਵਰਤ ਵੀ ਰੱਖਦੇ ਹਨ। ਧਾਰਮਿਕ ਮਾਨਤਾਵਾਂ ਅਨੁਸਾਰ, ਨਰਾਤਿਆਂ ਦੌਰਾਨ ਮਾਂ ਦੁਰਗਾ ਜੀ ਦੀ ਪੂਜਾ ਕਰਨ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਨਰਾਤਿਆਂ ’ਚ ਮਹਾਨੌਮੀ ਤਾਰੀਖ਼ ਦਾ ਵੀ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਇਸ ਦਿਨ ਨਰਾਤੇ ਖ਼ਤਮ ਹੋ ਜਾਂਦੇ ਹਨ।

PunjabKesari

ਦੱਸ ਦਈਏ ਕਿ ਕੰਜਕ ਪੂਜਨ ਵਾਲੇ ਦਿਨ ਮਾਂ ਮਹਾਗੌਰੀ ਦੀ ਪੂਜਾ ਕੀਤੀ ਜਾਂਦੀ ਹੈ। ਕੰਜਕ ਪੂਜਾ ਅਤੇ ਲੈਂਕੜਾ ਪੂਜਨ ਤੋਂ ਬਾਅਦ ਨਰਾਤਿਆਂ ਦੀ ਪੂਜਾ ਸਮਾਪਤ ਹੋ ਜਾਂਦੀ ਹੈ। ਨੌਂ ਦਿਨ ਵਰਤ ਰੱਖ ਕੇ ਦੇਵੀ ਦੁਰਗਾ ਦੀ ਪੂਜਾ ਕਰਨ ਵਾਲੇ ਸ਼ਰਧਾਲੂ ਅਸ਼ਟਮੀ ਜਾਂ ਨੌਮੀ ਨੂੰ ਆਪਣਾ ਵਰਤ ਸੰਪੂਰਨ ਕਰਦੇ ਹਨ। ਕੰਜਕ ਪੂਜਨ 'ਚ ਸਿਰਫ਼ 10 ਸਾਲ ਤੱਕ ਦੀਆਂ ਕੰਨਿਆਵਾਂ ਨੂੰ ਹੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਤੋਂ ਜ਼ਿਆਦਾ ਉਮਰ ਦੀਆਂ ਕੁੜੀਆਂ ਨੂੰ ਕੰਜਕ ਪੂਜਨ ਲਈ ਮਨਾਹੀ ਕੀਤੀ ਗਈ ਹੈ ਅਤੇ ਵੱਖ-ਵੱਖ ਉਮਰ ਦੀਆਂ ਕੰਨਿਆਵਾਂ ਦਾ ਵੱਖ-ਵੱਖ ਸਰੂਪ ਮੰਨਿਆ ਜਾਂਦਾ ਹੈ। ਇਸ 'ਚ 2 ਸਾਲ ਦੀ ਕੰਨਿਆ ਨੂੰ ਕੰਨਿਆ ਕੁਮਾਰੀ, 3 ਸਾਲ ਦੀ ਨੂੰ ਤ੍ਰਿਮੂਰਤੀ, 4 ਸਾਲ ਦੀ ਨੂੰ ਕਲਿਆਣੀ, 5 ਸਾਲ ਦੀ ਨੂੰ ਰੋਹਿਣੀ, 6 ਸਾਲ ਦੀ ਨੂੰ ਕਲਿਆਣੀ, 7 ਸਾਲ ਵਾਲੀ ਚੰਡਿਕਾ, 8 ਸਾਲ ਵਾਲੀ ਨੂੰ ਸ਼ਾਂਭਵੀ, 9 ਸਾਲ ਵਾਲੀ ਨੂੰ ਦੁਰਗਾ ਅਤੇ 10 ਸਾਲ ਵਾਲੀ ਕੰਜਕ ਨੂੰ ਸੁਭਦਰਾ ਦਾ ਰੂਪ ਮੰਨਿਆ ਜਾਂਦਾ ਹੈ।

PunjabKesari


ਕੰਜਕ ਪੂਜਨ ਨਾਲ ਮਿਲਦੀ ਹੈ ਸੁੱਖ-ਸ਼ਾਂਤੀ
ਨਰਾਤਿਆਂ 'ਚ ਕੰਜਕ ਪੂਜਨ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਕੰਜਕ ਪੂਜਨ ਨਾਲ ਹਰ ਤਰ੍ਹਾਂ ਦੀ ਸੁੱਖ-ਸ਼ਾਂਤੀ ਪ੍ਰਾਪਤ ਹੁੰਦੀ ਹੈ ਅਤੇ ਮਨ ਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਨਰਾਤਿਆਂ 'ਚ ਵਰਤ ਪੂਜਨ 'ਤੇ ਕੰਜਕਾਂ ਨੂੰ ਭੋਜਨ ਕਰਵਾਉਣਾ, ਉਨ੍ਹਾਂ ਦੀ ਪੂਜਾ ਕਰਨ ਦਾ ਇਕ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਉਂਝ ਤਾਂ ਹਰ ਰੋਜ਼ ਕੰਜਕ ਪੂਜਨ ਕਰਨਾ ਚਾਹੀਦਾ ਹੈ ਪਰ ਵਰਤ ਪੂਜਨ 'ਤੇ ਕੰਜਕਾਂ ਦੇ ਪੈਰ ਪਾਣੀ ਨਾਲ ਸਾਫ਼ ਕਰਕੇ ਉਨ੍ਹਾਂ ਨੂੰ ਦੇਵੀ ਦਾ ਰੂਪ ਮੰਨ ਕੇ ਭੋਜਨ ਕਰਵਾਉਣਾ ਚਾਹੀਦਾ ਹੈ।

PunjabKesari

ਗ੍ਰੰਥਾਂ 'ਚ ਦੱਸਿਆ ਗਿਆ ਹੈ ਕਿ ਜ਼ਮੀਨ 'ਤੇ ਆਸਣ ਵਿਛਾ ਕੇ ਇਕ ਲਾਈਨ 'ਚ ਇਕ ਲੜਕੇ (ਜਿਸ ਨੂੰ ਲੈਂਕੜਾ ਕਿਹਾ ਜਾਂਦਾ ਹੈ) ਅਤੇ ਕੰਨਿਆ ਨੂੰ ਬਿਠਾ ਕੇ ਕ੍ਰਮਵਾਰ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਲੈਂਕੜੇ ਦੀ ਗੈਰ-ਮੌਜੂਦਗੀ 'ਚ ਕੰਨਿਆ ਪੂਜਨ ਪੂਰਨ ਨਹੀਂ ਹੁੰਦਾ। ਇਸ ਤੋਂ ਬਾਅਦ ਹੱਥ 'ਚ ਫੁੱਲ ਰੱਖ ਕੇ ਕੰਜਕਾਂ ਦੀ ਪੂਜਾ ਕਰਨੀ ਚਾਹੀਦੀ ਹੈ। ਕੰਨਿਆ ਦੀ ਕ੍ਰਮਵਾਰ ਪੂਜਾ ਕਰਨ ਨਾਲ ਵੱਖ-ਵੱਖ ਫਲਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਇਸ ਦੌਰਾਨ ਇਕ ਕੰਨਿਆ ਦਾ ਪੂਜਨ ਕਰਨ ਨਾਲ ਅਰਪਨਾ, ਦੋ ਦੀ ਪੂਜਾ ਕਰਨ ਨਾਲ ਭੋਗ ਅਤੇ ਮੁਕਤੀ, ਤਿੰਨ ਦੀ ਪੂਜਾ ਕਰਨ ਨਾਲ ਧਰਮ, ਅਰਥ, ਚਾਰ ਦੀ ਪੂਜਾ ਕਰਨ ਨਾਲ ਉੱਚਾ ਅਹੁਦਾ, ਪੰਜਵੀਂ ਦੀ ਪੂਜਾ ਕਰਨ ਨਾਲ ਵਿਦਿਆ, ਛੇਵੀਂ ਦੀ ਪੂਜਾ ਕਰਨ ਨਾਲ ਸਫ਼ਲਤਾ, ਸੱਤਵੀਂ ਦੀ ਪੂਜਾ ਕਰਨ ਨਾਲ ਰਾਜ ਦੀ ਪ੍ਰਾਪਤੀ, ਅੱਠਵੀਂ ਦੀ ਪੂਜਾ ਕਰਨ ਨਾਲ ਧਨ ਅਤੇ ਨੌਵੀਂ ਕੰਜਕ ਦੀ ਪੂਜਾ-ਅਰਾਧਨਾ ਕਰਨ ਨਾਲ ਧਰਤੀ 'ਤੇ ਪ੍ਰਭਾਵ ਵਧਦਾ ਹੈ। ਇਸ ਲਈ ਨਰਾਤਿਆਂ 'ਚ ਕੰਜਕ ਪੂਜਨ ਜ਼ਰੂਰ ਕਰਨਾ ਚਾਹੀਦਾ ਹੈ। ਸਾਰੇ ਸ਼ੁੱਭ ਕਾਰਜਾਂ ਦਾ ਫਲ਼ ਪ੍ਰਾਪਤ ਕਰਨ ਲਈ ਕੰਜਕ ਪੂਜਨ ਕੀਤਾ ਜਾਂਦਾ ਹੈ। ਕੁਆਰੀਆਂ ਕੁੜੀਆਂ ਦੇ ਪੂਜਨ ਨਾਲ ਸਨਮਾਨ, ਲਕਸ਼ਮੀ, ਵਿੱਦਿਆ ਤੇ ਤੇਜ ਪ੍ਰਾਪਤ ਹੁੰਦਾ ਹੈ। ਇਸ ਨਾਲ ਵਿਘਨ, ਡਰ ਤੇ ਦੁਸ਼ਮਣਾਂ ਦਾ ਨਾਸ਼ ਵੀ ਹੁੰਦਾ ਹੈ। ਜਪ ਤੇ ਦਾਨ ਨਾਲ ਦੇਵੀ ਇੰਨੀ ਖ਼ੁਸ਼ਹਾਲ ਨਹੀਂ ਹੁੰਦੀ, ਜਿੰਨੀ ਕੰਜਕ ਪੂਜਨ ਨਾਲ ਹੁੰਦੀ ਹੈ।

PunjabKesari

ਕੰਨਿਆ ਪੂਜਨ ਦਾ ਸ਼ੁਭ ਮਹੂਰਤ
ਤੜਕੇ ਦਾ ਮਹੂਰਤ - 4:42 AM ਤੋਂ 5:29 AM
ਦੁਪਹਿਰ ਦਾ ਮਹੂਰਤ - 12.02 PM ਤੋਂ 12: 51 PM
ਸ਼ਾਮ ਦਾ ਮਹੂਰਤ - 6.14 PM (30 ਮਾਰਚ, 2023) ਤੋਂ 6:13 AM (31 ਮਾਰਚ, 2023)

 


author

sunita

Content Editor

Related News