ਨਵਜੋਤ ਸਿੱਧੂ ਦੀ ਪੰਜਾਬ ਦੇ ਨਾਂ ਚਿੱਠੀ, ਕਿਹਾ-ਸੂਬੇ ਨੂੰ ਸਿਖ਼ਰਾਂ 'ਤੇ ਪਹੁੰਚਾਉਣ ਲਈ ਆਖ਼ਰੀ ਸਾਹ ਤੱਕ ਲੜਾਂਗਾ
Wednesday, Sep 27, 2023 - 02:46 PM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਨਾਂ ਇਕ ਚਿੱਠੀ ਲਿਖੀ ਹੈ। ਲਿਖੀ ਗਈ ਚਿੱਠੀ ਦੌਰਾਨ ਸਿੱਧੂ ਦਾ ਕਹਿਣਾ ਹੈ ਕਿ ਪੰਜਾਬ ਮੇਰੀ ਜ਼ਿੰਦਗੀ ਅਤੇ ਆਤਮਾ ਹੈ, ਅਸੀਂ ਆਪਣੇ ਆਖ਼ਰੀ ਸਾਹਾਂ ਤੱਕ ਪੰਜਾਬ ਨੂੰ ਗੌਰਵ ਦੇ ਸਿਖ਼ਰਾਂ 'ਤੇ ਪਹੁੰਚਾਉਣ ਲਈ ਲੜਾਂਗੇ।
ਜਾਣੋ ਕੀ-ਕੀ ਸਿੱਧੂ ਨੇ ਲਿਖਿਆ ਚਿੱਠੀ ਵਿਚ
ਅੱਜ ਮੈਂ ਤੁਹਾਨੂੰ ਆਪਣੀ ਆਉਣ ਵਾਲੀ ਪੀੜ੍ਹੀ ਪ੍ਰਤੀ ਵਧਦੀ ਚਿੰਤਾ ਸਬੰਧੀ ਲਿਖ ਰਿਹਾ ਹਾਂ। ਪੰਜਾਬੀਆਂ ਦੇ ਰੂਪ 'ਚ, ਅਸੀਂ ਹਮੇਸ਼ਾ ਬਾਬਾ ਨਾਨਕ ਦੀ 'ਸਰਬੱਤ ਦੇ ਭਲੇ' ਦੀ ਸਿੱਖਿਆ 'ਚ ਵਿਸ਼ਵਾਸ ਕਰਦੇ ਆਏ ਹਾਂ। ਇਸ ਰਸਤੇ 'ਤੇ ਚਲਦਿਆਂ ਹਰ ਪੰਜਾਬੀ ਨੇ ਆਤਮ-ਸਨਮਾਨ ਦੇ ਨਾਲ ਪੰਜਾਬ ਦੀ ਵਿਰਾਸਤ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਪਿਛਲੇ 20 ਸਾਲਾਂ ਤੋਂ ਪੰਜਾਬ ਦੀਆਂ ਸਰਕਾਰਾਂ ਅਤੇ ਮੁੱਖ ਮੰਤਰੀਆਂ, ਜਿਨ੍ਹਾਂ ਨੇ ਸਿਰਫ਼ 'ਆਪਣਾ ਭਲਾ' (ਆਪਣੇ ਆਪ ਦੀ ਭਲਾਈ) 'ਤੇ ਧਿਆਨ ਕੇਂਦਰਿਤ ਕੀਤਾ ਹੋਇਆ ਹੈ, ਨੇ ਇਕ ਅਜਿਹੀ ਪ੍ਰਣਾਲੀ ਬਣਾਈ, ਜਿਸ ਨਾਲ ਸੂਬੇ ਦੇ ਸੰਭਾਵੀ ਮਾਲੀਆ ਨੂੰ ਸੱਤਾ 'ਚ ਬੈਠੇ ਲੋਕਾਂ ਦੀਆਂ ਜੇਬਾਂ 'ਚ ਰੱਖਿਆ ਜਾਂਦਾ ਹੈ ਅਤੇ ਸੂਬਾ ਉਧਾਰ (ਕਰਜ਼ਾ) ਚੁੱਕ ਕੇ ਅਤੇ ਟੈਕਸਾਂ 'ਤੇ ਚਲਾਇਆ ਜਾਂਦਾ ਹੈ। ਪੰਜਾਬ ਦੇ ਖ਼ਜ਼ਾਨੇ ਨੂੰ ਲੁੱਟਣ ਲਈ ਏਕਾਧਿਕਾਰ ਬਣਾਉਣ ਵਾਲੇ ਮਾਫ਼ੀਆ ਨਾਲ ਭਾਈਵਾਲੀ ਕਰਕੇ ਯੋਜਨਾਬੱਧ ਭ੍ਰਿਸ਼ਟਾਚਾਰ ਨੂੰ ਉਤਸ਼ਾਹਤ ਕਰਨ ਦੀ ਇਹ ਨਿਰੰਤਰ ਪ੍ਰਣਾਲੀ ਸਾਡੇ ਭਵਿੱਖ ਲਈ ਗੰਭੀਰ ਖ਼ਤਰਾ ਹੈ।
ਇਹ ਵੀ ਪੜ੍ਹੋ- ਬਾਬਾ ਸੋਢਲ ਜੀ ਦੇ ਮੇਲੇ ਨੂੰ ਲੈ ਕੇ ਜਲੰਧਰ ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ, ਬੰਦ ਰਹਿਣਗੇ ਇਹ ਰਸਤੇ
ਅੱਗੇ ਲਿਖਦੇ ਹੋਏ ਸਿੱਧੂ ਨੇ ਕਿਹਾ ਕਿ ਸਾਡੇ ਲਈ ਇਹ ਸਮਝਣਾ ਸਭ ਤੋਂ ਮਹੱਤਵਪੂਰਨ ਹੈ ਕਿ ਪੰਜਾਬ ਦਾ ਕਰਜ਼ਾ, ਜੋਕਿ ਆਰ. ਬੀ. ਆਈ. ਦੇ ਅੰਕੜਿਆਂ ਅਨੁਸਾਰ 3.24 ਲੱਖ ਤੱਕ ਪਹੁੰਚ ਚੁੱਕਾ ਹੈ, ਸਾਨੂੰ ਪੰਜਾਬ ਦੇ ਲੋਕਾਂ ਨੂੰ ਅਸਿੱਧੇ ਟੈਕਸਾਂ ਰਾਹੀਂ ਸੂਬੇ ਨੂੰ ਵਾਪਸ ਅਦਾ ਕਰਨਾ ਪਵੇਗਾ, ਜਿਵੇਂ ਕਿ ਪੈਟਰੋਲ ਅਤੇ ਡੀਜ਼ਲ 'ਤੇ 2 ਰੁਪਏ ਦਾ ਵਾਧਾ, ਸ਼ਰਾਬ 'ਤੇ 10 ਫ਼ੀਸਦੀ ਸਰਚਾਰਜ, ਸਟੈਂਪ ਡਿਊਟੀ ਅਤੇ ਸਰਕਾਰੀ ਸੇਵਾਵਾਂ ਲਈ ਹੋਰ ਵੱਖ-ਵੱਖ ਖ਼ਰਚੇ, ਖਾਣਾ ਪਕਾਉਣ ਵਾਲੇ ਤੇਲਾਂ, ਦਾਲਾਂ, ਗੈਸ ਸਿਲੰਡਰ 'ਤੇ ਰਾਜ ਦਾ ਟੈਕਸਾਂ ਦਾ ਹਿੱਸਾ 'ਹਰ ਚੀਜ਼ 'ਤੇ ਟੈਕਸ ਲਗਾਇਆ ਜਾਂਦਾ ਹੈ।ਅਕਾਲੀ ਦਲ ਸਰਕਾਰ ਨੇ ਸਾਲਾਨਾ ਔਸਤਨ 15 ਹਜ਼ਾਰ ਕਰੋੜ ਦਾ ਕਰਜ਼ਾ ਲਿਆ। ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸਾਲਾਨਾ 20 ਹਜ਼ਾਰ ਕਰੋੜ ਰੁਪਏ ਦਾ ਕਰਜ਼ ਲਿਆ ਅਤੇ ਅੱਜ ਭਗਵੰਤ ਮਾਨ ਸਰਕਾਰ ਸਮੇਂ ਇਹ ਅੰਕੜਾ 34 ਹਜ਼ਾਰ ਕਰੋੜ ਸਾਲਾਨਾ ਤੱਕ ਪਹੁੰਚ ਗਿਆ ਹੈ। ਸਮੂਹ ਕਰਜ਼ਿਆਂ ਦਾ ਵਿਆਜ ਪੰਜਾਬ ਦੇ ਵਿਕਾਸ ਅਤੇ ਤਰੱਕੀ ਨੂੰ ਰੋਕ ਰਿਹਾ ਹੈ। ਮੌਜੂਦਾ ਸਰਕਾਰ ਵੀ ਆਪਣੇ ਦਾਅਵਿਆਂ 'ਤੇ ਉਤਰਦੀ ਖਰੀ ਨਹੀਂ ਨਜ਼ਰ ਨਹੀਂ ਆ ਰਹੀ, 20 ਸਾਲ ਪੁਰਾਣੇ ਮਾਫ਼ੀਆ ਦੀ ਲਗਾਤਾਰ ਹੋਂਦ ਇਸ ਗੱਲ ਦੀ ਗਵਾਈ ਭਰਦੀ ਹੈ।
ਇਹ ਵੀ ਪੜ੍ਹੋ- ਸੋਢਲ ਮੇਲੇ ਨੂੰ ਲੈ ਕੇ ਰੇਲਵੇ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ, ਇਹ ਫਾਟਕ ਰਹਿਣਗੇ ਬੰਦ
ਇਸ ਦੇ ਇਲਾਵਾ ਉਨ੍ਹਾਂ ਲਿਖਿਆ ਕਿ ਮੈਂ ਭਾਜਪਾ-ਅਕਾਲੀ ਸਰਕਾਰ ਦੇ ਇਸ ਸ਼ਾਸਨ ਮਾਡਲ ਦੇ ਵਿਰੋਧ 'ਚ ਰਾਜ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਸੀ। ਕੈਬਨਿਟ ਦੇ ਪਹਿਲੇ ਦਿਨ ਤੋਂ ਹੀ ਮਾਈਨਿੰਗ ਨੀਤੀ, ਆਬਕਾਰੀ ਨੀਤੀ ਅਤੇ ਕੇਬਲ ਨੀਤੀ ਦੀ ਤਜਵੀਜ਼ ਪੇਸ਼ ਕਰਨ ਪਰ ਕੈਪਟਨ ਸਰਕਾਰ ਵੱਲੋਂ ਇਸ 'ਤੇ ਅਮਲ ਨਾ ਕਰਨ ਕਾਰਨ ਮੈਂ ਕੈਪਟਨ ਅਮਰਿੰਦਰ ਸਿੰਘ ਸਰਕਾਰ 'ਚੋਂ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਪਿਛਲੇ 20 ਸਾਲਾਂ 'ਚ ਮੈਂ ਰਾਜਨੇਤਾ-ਮਾਫ਼ੀਆ ਗਠਜੋੜ ਖ਼ਿਲਾਫ ਦ੍ਰਿੜ੍ਹਤਾ ਨਾਲ ਆਵਾਜ਼ ਚੁੱਕੀ ਹੈ, ਜੋ ਪੰਜਾਬ ਦੇ ਸੰਭਾਵੀ ਖ਼ਜ਼ਾਨੇ ਨੂੰ ਅੰਦਰੋਂ ਨੁਕਸਾਨ ਪਹੁੰਚਾ ਰਿਹਾ ਹੈ। ਇਹ ਕਿਸੇ ਇਕ ਵਿਅਕਤੀ ਦੀ ਲੜਾਈ ਨਹੀਂ ਹੈ ਸਗੋਂ ਇਹ ਹਰ ਪੰਜਾਬੀ ਦੇ ਭਵਿੱਖ ਦੀ ਲੜਾਈ ਹੈ। ਇਹ ਸਾਡੀ ਅਗਲੀ ਪੀੜ੍ਹੀ ਲਈ ਲੜਾਈ ਹੈ।
ਗੰਭੀਰ ਚਿੰਤਾ ਦੇ ਇਸ ਮੁੱਦੇ ਦਾ ਹੱਲ ਮਾਈਨਿੰਗ ਨੂੰ ਯੋਜਨਾਬੱਧ ਬਣਾਉਣਾ, ਉਤਪਾਦ ਸਰਚਾਰਜ ਨਿਗਮ ਦੀ ਸਥਾਪਨਾ ਕਰਨਾ, ਕੇਬਲ ਅਤੇ ਟਰਾਂਸਪੋਰਟ ਖੇਤਰ 'ਚ ਏਕਾਧਿਕਾਰ ਨੂੰ ਖ਼ਤਮ ਕਰਨਾ, ਪੰਜਾਬ ਦੀ ਨਾਜਾਇਜ਼ ਤੌਰ 'ਤੇ ਕਬਜ਼ਾਈ ਗਈ ਹਜ਼ਾਰਾਂ ਏਕੜ ਜ਼ਮੀਨ ਨੂੰ ਵਾਪਸ ਹਾਸਲ ਕਰਨਾ ਅਤੇ ਵਿਚੋਲਿਆ ਵੱਲੋਂ ਕਿਸਾਨਾਂ ਦੇ ਕੀਤੇ ਜਾ ਰਹੇ ਸ਼ੋਸ਼ਣ ਨੂੰ ਖ਼ਤਮ ਕਰਨ ਲਈ ਸਹਿਕਾਰੀ ਕਮੇਟੀਆਂ ਬਣਾਉਣਾ ਹੈ। ਜੇਕਰ ਤਾਮਿਲਨਾਡੂ ਪੰਜਾਬ ਤੋਂ ਘੱਟ ਖ਼ਪਤ ਦੇ ਨਾਲ ਉਤਪਾਦ ਸਰਚਾਰਜ ਮਾਲੀਆ ਤੋਂ 40 ਹਜ਼ਾਰ ਕਰੋੜ ਤੋਂ ਵੱਧ ਕਮਾ ਸਕਦਾ ਹੈ ਤਾਂ ਪੰਜਾਬ ਅਜਿਹਾ ਕਿਉਂ ਨਹੀਂ ਕਰ ਸਕਦਾ? ਜੇਕਰ ਤੇਲੰਗਾਨਾ ਇਕ ਨਦੀ ਦੇ ਨਾਲ ਮਾਈਨਿੰਗ ਮਾਲੀਆ ਤੋਂ 2500 ਤੋਂ 3000 ਕਰੋੜ ਰੁਪਏ ਕਮਾ ਸਕਦਾ ਹੈ, ਤਾਂ ਤਿੰਨ ਦਰਿਆਵਾਂ ਨਾਲ ਪੰਜਾਬ ਕਿਉਂ ਪੈਸਾ ਨਹੀਂ ਕਮਾ ਸਕਦਾ?
ਪੰਜਾਬ ਦਾ ਮਾਲੀਆ ਦੁੱਗਣਾ ਕਰਨ ਲਈ ਕੇਂਦਰੀ ਯੋਜਨਾਵਾਂ ਦੀ ਵਰਤੋਂ ਕਰਨ 'ਚ ਅਸਫ਼ਲ ਕਿਉਂ ਰਿਹਾ ਹੈ, ਜਿਵੇਂ ਕਿ ਭਾਰਤ ਦੇ ਆਤਮ-ਨਿਰਭਰ ਰਾਜਾਂ ਨੇ ਕੀਤਾ ਹੈ? ਇਹ ਅਜਿਹੇ ਸਵਾਲ ਹਨ, ਜੋ ਹਰ ਪੰਜਾਬੀ ਨੂੰ ਜ਼ਰੂਰ ਪੁੱਛਣੇ ਚਾਹੀਦੇ ਹਨ। ਸਾਨੂੰ ਸਾਰਿਆਂ ਨੂੰ ਆਪਣੇ ਸਿਆਸੀ ਨੈਰੇਟਿਵ ਨੂੰ ਵੋਟ ਬੈਂਕ ਦੀ ਰਾਜਨੀਤੀ ਤੋਂ ਲੋਕ ਭਲਾਈ ਦੀ ਰਾਜਨੀਤੀ ਵੱਲ ਬਦਲਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਇਹ ਵਿਅਕਤੀਆਂ ਖ਼ਿਲਾਫ਼ ਨਹੀਂ, ਸਗੋਂ ਇਕ ਅਜਿਹੀ ਪ੍ਰਣਾਲੀ ਬਣਾਉਣ ਦੀ ਲੜਾਈ ਹੈ, ਜੋ ਯੋਗਤਾ, ਨਿਰਪੱਖਤਾ, ਮੌਕਿਆਂ ਅਤੇ ਸਥਿਰਤਾ 'ਤੇ ਆਧਾਰਿਤ ਹੋਵੇ। ਅੱਗੇ ਵਧਣ ਦਾ ਇਕਲੌਤਾ ਰਸਤਾ 'ਸਰਕਾਰ ਨੂੰ ਸੂਬੇ ਦੀ ਆਮਦਨ ਅਨੁਸਾਰ ਚੱਲਣਾ ਚਾਹੀਦਾ ਹੈ ਨਾ ਕਿ ਉਧਾਰ ਚੁੱਕ ਕੇ ਅਤੇ ਅਸਿੱਧੇ ਕਰਾਂ 'ਤੇ। ਅੱਗੇ ਉਨ੍ਹਾਂ ਕਿਹਾ ਕਿ ਪੰਜਾਬ ਮੇਰੀ ਜ਼ਿੰਦਗੀ ਅਤੇ ਆਤਮਾ ਹੈ। ਅਸੀਂ ਆਪਣੇ ਆਖ਼ਰੀ ਸਾਹਾਂ ਤੱਕ ਪੰਜਾਬ ਨੂੰ ਗੌਰਵ ਦੇ ਸਿਖ਼ਰਾਂ 'ਤੇ ਪਹੁੰਚਾਉਣ ਲਈ ਲੜਾਂਗੇ।
ਇਹ ਵੀ ਪੜ੍ਹੋ- ਸੋਢਲ ਮੇਲੇ ’ਚ 24 ਘੰਟੇ ਹੋਣਗੇ ਸੁਰੱਖਿਆ ਦੇ ਸਖ਼ਤ ਪ੍ਰਬੰਧ, 1000 ਪੁਲਸ ਮੁਲਾਜ਼ਮ ਰਹਿਣਗੇ ਤਾਇਨਾਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ