ਨੰਬਰਦਾਰਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਖੇਤੀ ਵਿਰੋਧੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ

01/05/2021 12:49:54 PM

ਟਾਂਡਾ ਉੜਮੁੜ(ਪਰਮਜੀਤ ਸਿੰਘ ਮੋਮੀ,ਜਸਵਿੰਦਰ,ਪੰਡਿਤ): ਨੰਬਰਦਾਰ ਯੂਨੀਅਨ ਬਲਾਕ ਟਾਂਡਾ ਦੀ ਸਬ ਤਹਿਸੀਲ ਟਾਂਡਾ ਵਿਖੇ ਹੋਈ ਮੀਟਿੰਗ ਦੌਰਾਨ ਇਕੱਠੇ ਹੋਏ ਸਮੂਹ ਨੰਬਰਦਾਰਾਂ ਨੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਮੋਦੀ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਹੋਇਆ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਪ੍ਰਧਾਨ ਡਾ. ਜਸਪਾਲ ਸਿੰਘ ਲੋਧੀ ਚੱਕ ਦੀ ਅਗਵਾਈ ’ਚ ਹੋਈ ਇਸ ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਕਿਸਾਨ ਅੰਦੋਲਨ ’ਚ ਆਪਣੀਆਂ ਜਾਨਾਂ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਜਸਪਾਲ ਸਿੰਘ ਅਤੇ ਕੈਸ਼ੀਅਰ ਦਰਬਾਰਾ ਸਿੰਘ ਮੂਨਕਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਖੇਤੀ ਵਿਰੁੱਧ ਜਾਰੀ ਕੀਤੇ ਕਾਨੂੰਨ ਜਲਦ ਤੋਂ ਜਲਦ ਵਾਪਸ ਲੈਣੇ ਚਾਹੀਦੇ ਹਨ ਕਿਉਂਕਿ  ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਅੰਦੋਲਨ ਹੁਣ ਇਕ ਜਨ ਅੰਦੋਲਨ ਬਣ ਚੁੱਕਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਾਨੂੰਨ ਵਾਪਸ ਨਾ ਕੀਤੇ ਜਾਣ ਦੀ ਸੂਰਤ ’ਚ ਨੰਬਰਦਾਰ ਯੂਨੀਅਨ ਵੱਲੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਵਿੱਢਿਆ ਗਿਆ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਯੂਨੀਅਨ ਦੇ ਜਨਰਲ ਸੈਕਟਰੀ ਲਖਵੀਰ ਸਿੰਘ ਦਵਾਖਰੀ ਨੇ ਕਿਹਾ ਕਿ ਯੂਨੀਅਨ ਵੱਲੋਂ ਜਿੱਥੇ ਕਿਸਾਨ ਅੰਦੋਲਨ ਨੂੰ ਪੂਰੀ ਤਰ੍ਹਾਂ ਸਮਰਥਨ ਦਿੱਤਾ ਜਾ ਰਿਹਾ ਹੈ।

ਉਥੇ ਹੀ ਆਉਣ ਵਾਲੇ ਦਿਨਾਂ ’ਚ ਯੂਨੀਅਨ ਵੱਲੋਂ ਵੱਡੀ ਪੱਧਰ ਤੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸਹਿਯੋਗ ਨਾਲ ਦਿੱਲੀ ਕਿਸਾਨ ਅੰਦੋਲਨ ਵਾਸਤੇ ਕੂਚ ਕੀਤਾ ਜਾਵੇਗਾ ਅਤੇ ਟੋਲ ਪਲਾਜ਼ਾ ਚੌਲਾਂਗ ’ਚ ਕਿਸਾਨਾਂ ਵੱਲੋਂ ਜਾਰੀ ਰੋਸ ਧਰਨੇ ’ਚ ਹਰ ਤਰ੍ਹਾਂ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਯੂਨੀਅਨ ਦੇ ਮੈਂਬਰਾਂ ਨੇ ਕਿਸਾਨ ਅੰਦੋਲਨ ’ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਲਈ ਸੂਬਾ ਸਰਕਾਰ ਤੋਂ ਆਰਥਿਕ ਤੌਰ ਤੇ ਮਦਦ ਕਰਨ ਦੀ ਮੰਗ ਕੀਤੀ। ਇਸ ਮੀਟਿੰਗ ਦੌਰਾਨ ਨੰਬਰਦਾਰ ਹਰਦਿਆਲ ਸਿੰਘ ਮੂਨਕਾਂ, ਸੁਖਵਿੰਦਰ ਸਿੰਘ ਮੂਨਕਾਂ, ਨੰਬਰਦਾਰ ਬਲਵੰਤ ਸਿੰਘ ਰਸੂਲਪੁਰ, ਸਰਪੰਚ ਸਰਬਜੀਤ ਸਿੰਘ ਝਿੰਗੜ ਖੁਰਦ, ਨੰਬਰਦਾਰ ਜੋਗਿੰਦਰ ਸਿੰਘ, ਨੰਬਰਦਾਰ ਕਮਲਜੀਤ ਸਿੰਘ, ਨੰਬਰਦਾਰ ਪਰਗਣ ਸਿੰਘ, ਨੰਬਰਦਾਰ ਜਸਵੀਰ ਸਿੰਘ, ਨੰਬਰਦਾਰ ਤੀਰਥ ਸਿੰਘ, ਨੰਬਰਦਾਰ ਮੋਹਣ ਸਿੰਘ, ਬਿਸ਼ਨ ਸਿੰਘ, ਗੁਰਮੰਤਰ ਸਿੰਘ, ਸਾਧੂ ਸਿੰਘ, ਹਰਪਾਲ ਸਿੰਘ, ਕਿਰਪਾਲ ਸਿੰਘ, ਗੁਰਕਮਲ ਸਿੰਘ ਆਦਿ ਵੀ ਮੌਜ਼ੂਦ ਸਨ।


Aarti dhillon

Content Editor

Related News