ਮਿਉਂਸਿਪਲ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਰਥੀ ਫੂਕ ਮੁਜਾਹਰੇ 14 ਤੋਂ
Friday, Jun 08, 2018 - 04:42 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)—ਮਿਉਂਸਿਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਵੱਲੋਂ ਮਿਉਂਸਿਪਲ ਕਾਮਿਆਂ ਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ 14 ਜੂਨ ਤੋਂ ਸੰਘਰਸ਼ ਦਾ ਪ੍ਰੋਗਰਾਮ ਵਿੱਢਿਆ ਗਿਆ ਹੈ। ਨਗਰ ਕੌਂਸਲ ਉੜਮੁੜ ਟਾਂਡਾ 'ਚ ਸਫਾਈ ਕਰਮਚਾਰੀ ਯੂਨੀਅਨ ਦੀ ਮੀਟਿੰਗ ਦੌਰਾਨ ਇਹ ਜਾਣਕਾਰੀ ਦਿੰਦੇ ਐਕਸ਼ਨ ਕਮੇਟੀ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੈਣੀ ਨੇ ਦੱਸਿਆ ਕਿ ਅੱਜ ਉਨ੍ਹਾਂ ਜੱਥੇਬੰਦੀ ਵੱਲੋਂ ਜ਼ਿਲੇ ਦੀਆਂ ਵੱਖ-ਵੱਖ ਨਗਰ ਕੌਂਸਲਾਂ 'ਚ ਜਾ ਕੇ ਕਰਮਚਾਰੀਆਂ ਨੂੰ ਲਾਮਬੰਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਐਕਸ਼ਨ ਕਮੇਟੀ ਦੇ ਫੈਸਲੇ ਅਨੁਸਾਰ ਨਗਰ ਕੌਂਸਲਾ ਦੇ ਕਾਮੇ ਆਪੋ ਆਪਣੇ ਨਗਰਾਂ 'ਚ 14 ਤੋਂ 16 ਜੂਨ ਤੱਕ ਲੋਕਲ ਪੱਧਰ 'ਤੇ ਘੜੇ ਭੰਨ ਕੇ ਅਰਥੀ ਫੂਕ ਮੁਜਾਹਰੇ ਕਰਕੇ ਆਪਣੀਆਂ ਮੰਗਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨਗੇ ਅਤੇ ਬਾਅਦ 'ਚ 17 ਅਤੇ 18 ਜੁਲਾਈ ਨੂੰ ਸਮੂਹ ਜਥੇਬੰਦੀਆਂ ਵੱਲੋਂ ਸੂਬਾ ਪੱਧਰੀ ਹੜਤਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਦੌਰਾਨ ਮਿਉਂਸਿਪਲ ਕਾਮਿਆਂ ਦੀਆਂ ਤਨਖਾਹਾਂ ਸਮੇਂ ਸਿਰ ਦੇਣ, ਠੇਕੇਦਾਰੀ ਪ੍ਰਥਾ ਬੰਦ ਕਰਨ ਬਰਾਬਰ ਕੰਮ, ਬਰਾਬਰ ਤਨਖਾਹ, ਪੁਰਾਣੀ ਪੈਨਸ਼ਨ ਸਕੀਮ, ਠੇਕੇ 'ਤੇ ਕੰਮ ਕਰਦੇ ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਆਦਿ ਮੰਗਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਮੌਕੇ ਪ੍ਰਧਾਨ ਰਾਜਾ ਹੰਸ, ਜਸਵਿੰਦਰ ਕਾਕਾ, ਪ੍ਰਧਾਨ ਟਾਂਡਾ ਮਾਇਆ ਦੇਵੀ, ਜਸਪਾਲ, ਜਤਿੰਦਰ ਹੰਸ, ਸ਼ੀਤਲ, ਵਿਪਨ, ਤਰਸੇਮ ਲਾਲ, ਮਦਨ ਲਾਲ, ਨੀਰਜ ਕੁਮਾਰ ਆਦਿ ਮੌਜੂਦ ਸਨ।
