ਕੌਂਸਲਰ ਹਾਊਸ ਦੀ ਬੈਠਕ ਦੌਰਾਨ ਹਾਵੀ ਰਹੇ ਕਈ ਮੁੱਦੇ, ਜਾਣੋ ਕਿਹੜਾ ਕੌਂਸਲਰ ਕੀ ਬੋਲਿਆ

Thursday, Jun 09, 2022 - 05:48 PM (IST)

ਜਲੰਧਰ (ਖੁਰਾਣਾ)- ਨਗਰ ਨਿਗਮ ਜਲੰਧਰ ਦੇ ਕੌਂਸਲਰ ਹਾਊਸ ਦੀ ਬੈਠਕ ਬੁੱਧਵਾਰ 7 ਮਹੀਨਿਆਂ ਤੋਂ ਜ਼ਿਆਦਾ ਸਮੇਂ ਦੇ ਵਕਫੇ ਤੋਂ ਬਾਅਦ ਮੇਅਰ ਜਗਦੀਸ਼ ਰਾਜਾ ਦੀ ਪ੍ਰਧਾਨਗੀ ਵਿਚ ਹੋਈ। ਖ਼ਾਸ ਗੱਲ ਇਹ ਰਹੀ ਕਿ ਇਸ ਬੈਠਕ ਵਿਚ ਨਿਗਮ ਨਾਲ ਸਬੰਧਤ ਪ੍ਰਾਜੈਕਟਾਂ ’ਤੇ ਕੋਈ ਖ਼ਾਸ ਚਰਚਾ ਨਹੀਂ ਹੋਈ ਪਰ ਜ਼ਿਆਦਾਤਰ ਸਮਾਂ ਸਮਾਰਟ ਸਿਟੀ ਕੰਪਨੀ ਦੀਆਂ ਨਾਕਾਮੀਆਂ ਦੀ ਚਰਚਾ ਕਰਨ ਵਿਚ ਬੀਤਿਆ। ਬੈਠਕ ਦੌਰਾਨ 80 ਵਿਚੋਂ 53 ਕੌਂਸਲਰ ਹਾਜ਼ਰ ਹੋਏ, ਜਿਨ੍ਹਾਂ ਵਿਚੋਂ ਜ਼ਿਆਦਾਤਰ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਜਲੰਧਰ ਸਮਾਰਟ ਸਿਟੀ ਕੰਪਨੀ ਨਾਲ ਸਬੰਧਤ ਅਫ਼ਸਰਾਂ ਨੇ ਹਰ ਪ੍ਰਾਜੈਕਟ ਵਿਚ ਲਾਪਰਵਾਹੀ ਅਤੇ ਨਾਲਾਇਕੀ ਵਰਤੀ ਅਤੇ ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ ਕੀਤਾ।
ਜ਼ਿਆਦਾਤਰ ਕੌਂਸਲਰਾਂ ਦਾ ਕਹਿਣਾ ਸੀ ਕਿ ਭਾਵੇਂ ਸਮਾਰਟ ਸਿਟੀ ਨਾਲ ਸਬੰਧਤ ਕੰਮ ਇਕ ਕੰਪਨੀ ਬਣਾ ਕੇ ਕੀਤੇ ਗਏ ਪਰ ਬਦਨਾਮੀ ਜਲੰਧਰ ਨਿਗਮ ਨੂੰ ਝੱਲਣੀ ਪਈ। ਕੌਂਸਲਰਾਂ ਨੇ ਇਹ ਵੀ ਕਿਹਾ ਕਿ ਸਮਾਰਟ ਸਿਟੀ ਫੰਡ ਨਾਲ ਹੁਣ ਤੱਕ ਕਰੋੜਾਂ ਨਹੀਂ, ਸਗੋਂ ਅਰਬਾਂ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ ਪਰ ਜਲੰਧਰ ਸ਼ਹਿਰ ਰੱਤੀ ਭਰ ਵੀ ਸਮਾਰਟ ਨਹੀਂ ਦਿਸ ਰਿਹਾ ਅਤੇ ਜ਼ਿਆਦਾਤਰ ਪ੍ਰਾਜੈਕਟ ਵਿਵਾਦਾਂ ਦੀ ਭੇਟ ਚਡ਼੍ਹ ਗਏ, ਜਿਨ੍ਹਾਂ ਦੀ ਕਿਤੇ ਕੋਈ ਜਾਂਚ ਤੱਕ ਨਹੀਂ ਹੋਈ।

ਜਾਣੋ ਕਿਹੜਾ ਕੌਂਸਲਰ ਕੀ ਬੋਲ੍ਹਿਆ
ਜਸਪਾਲ ਕੌਰ ਭਾਟੀਆ: ਵਾਰਡ ਦੇ ਜਿਹੜੇ ਸਫ਼ਾਈ ਕਰਮਚਾਰੀਆਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਦੀ ਥਾਂ ’ਤੇ ਨਵੇਂ ਰੱਖੇ ਕਰਮਚਾਰੀ ਅਲਾਟ ਕੀਤੇ ਜਾਣ। ਸਪੋਰਟਸ ਮਾਰਕੀਟ ਤੋਂ ਬਾਬੂ ਜਗਜੀਵਨ ਰਾਮ ਚੌਂਕ ਤਕ ਸਟਾਰਮ ਵਾਟਰ ਸੀਵਰ ਲਾਈਨ ਕਿਉਂ ਨਹੀਂ ਪਾਈ ਗਈ ਜਦਕਿ ਇਸ ਖੇਤਰ ’ਚ ਬਰਸਾਤੀ ਪਾਣੀ ਦੀ ਸਮੱਸਿਆ ਸਭ ਤੋਂ ਵੱਧ ਰਹਿੰਦੀ ਹੈ। ਸ਼ਕਤੀ ਪਾਰਕ ਤੋਂ ਅੱਡਾ ਬਸਤੀ ਗੁਜ਼ਾਂ ਤਕ ਸੜਕ ਬਣਾ ਦਿੱਤੀ ਗਈ ਹੈ ਪਰ ਹੁਣ ਉਥੇ ਸਰਫੇਸ ਵਾਟਰ ਲਈ ਵੱਡੇ-ਵੱਡੇ ਪਾਈਪ ਪਾਉਣ ਦੀ ਯੋਜਨਾ ਹੈ। ਸੜਕ ਬਣਾਉਣ ਤੋਂ ਪਹਿਲਾਂ ਪਾਈਪ ਕਿਉਂ ਨਹੀਂ ਪਾਏ ਗਏ, ਜਾਂਚ ਕਰਵਾਈ ਜਾਵੇ। ਪਾਰਕਾਂ ਦੇ ਰੱਖ-ਰਖਾਅ ਲਈ ਵੀ 10-10 ਲੱਖ ਰੁਪਏ ਦੇ ਟੈਂਡਰ ਹਰ ਵਾਰਡ ’ਚ ਲਗਾਏ ਜਾਣ।

ਜਸਲੀਨ ਸੇਠੀ : ਐੱਲ. ਈ. ਡੀ. ਪ੍ਰਾਜੈਕਟ ਪਿਛਲੀ ਦੀਵਾਲੀ ’ਤੇ ਪੂਰਾ ਹੋ ਜਾਣਾ ਚਾਹੀਦਾ ਸੀ ਪਰ ਅੱਜ ਤਕ ਅਧੂਰਾ ਹੈ। ਅੱਗਾ ਦੌੜ ਪਿੱਛਾ ਚੌੜ ਵਾਲੀ ਨੀਤੀ ’ਤੇ ਚੱਲਿਆ ਜਾ ਰਿਹਾ ਹੈ। ਅੱਜ ਤਕ ਕਿਸੇ ਨੂੰ ਨਹੀਂ ਪਤਾ ਕਿ 8 ਚੌਕਾਂ ਨੂੰ ਸੁੰਦਰ ਬਣਾਉਣ ਦੇ ਨਾਂ ’ਤੇ 20 ਕਰੋੜ ਰੁਪਏ ਕਿਥੇ ਖ਼ਰਚ ਹੋਏ। ਦਰਜਨਾਂ ਸ਼ਿਕਾਇਤਾਂ ਕੀਤੀਆਂ ਗਈਆਂ ਪਰ ਕੋਈ ਸੁਣਵਾਈ ਨਹੀਂ ਹੋਈ। ਜੋ ਬੈਠਕ ਹਰ ਮਹੀਨੇ ਹੋਣੀ ਚਾਹੀਦੀ ਸੀ ਉਹ ਅੱਜ 7 ਮਹੀਨੇ ਬਾਅਦ ਹੋ ਰਹੀ ਹੈ।

ਇਹ ਵੀ ਪੜ੍ਹੋ: ਦਿੱਲੀ ਏਅਰਪੋਰਟ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ, ਜਲੰਧਰ ਤੋਂ ਚੱਲਣ ਵਾਲੀਆਂ 4 ਵੋਲਵੋ ਬੱਸਾਂ ਦੀ ‘ਬੁਕਿੰਗ ਸ਼ੁਰੂ’

ਅਰੁਣਾ ਅਰੋੜਾ : ਐੱਲ. ਈ. ਡੀ. ਲਾਈਟਾਂ ਦਾ ਬੁਰਾ ਹਾਲ ਹੈ। 6 ਮਹੀਨਿਆਂ ਤੋਂ ਮਾਲ ਰੋਡ ਦੀਆਂ ਸਾਰੀਆਂ ਲਾਈਟਾਂ ਬੰਦ ਪਈਆਂ ਹਨ। ਗੁਰੂ ਅਮਰਦਾਸ ਚੌਕ ਦੀਆਂ ਹਾਈ ਮਾਸਟ ਲਾਈਟਾਂ ਮਹੀਨਿਆਂ ਤੋਂ ਲਟਕ ਰਹੀਆਂ ਹਨ ਅਤੇ ਚਾਲੂ ਨਹੀਂ ਕੀਤੀਆਂ ਜਾ ਰਹੀਆਂ। ਮਾਡਲ ਟਾਊਨ ਮੇਅਰ ਹਾਊਸ ਦੇ ਕੋਲ ਆਈ ਲਵ ਜਲੰਧਰ ਦਾ ਲੋਗੋ ਲਗਾਇਆ ਗਿਆ ਸੀ, ਜਿਸ ਵਿਚੋਂ ਕਈ ਮਹੀਨਿਆਂ ਤੋਂ ‘ਆਈ’ ਸ਼ਬਦ ਗਾਇਬ ਹੈ। ਕਿਸ ਕੋਲ ਸ਼ਿਕਾਇਤ ਕੀਤੀ ਜਾਵੇ, ਕੁਝ ਪਤਾ ਨਹੀਂ। ਸਟ੍ਰੀਟ ਲਾਈਟ ਦੇ ਡਾਰਕ ਪੁਆਇੰਟ ਦੂਰ ਨਹੀਂ ਕੀਤੇ ਜਾ ਰਹੇ। ਮੇਰੇ ਵਾਰਡ ’ਚ ਅਵਾਰਾ ਪਸ਼ੂਆਂ ਦੀ ਸਮੱਸਿਆ ਵੀ ਕਾਫ਼ੀ ਵੱਧ ਹੈ। ਉਨ੍ਹਾਂ ਨੂੰ ਉਠਾਇਆ ਜ਼ਰੂਰ ਜਾਂਦਾ ਹੈ ਪਰ 5 ਕਿਲੋਮੀਟਰ ਦੂਰੀ ’ਤੇ ਜਾ ਕੇ ਫਿਰ ਉਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਹੈ।

ਮਿੰਟੂ ਜੁਨੇਜਾ : ਮੇਰੇ ਵਾਰਡ ’ਚ ਸਮਾਰਟ ਪਾਰਕ ਬਣਾਏ ਤਾਂ ਜਾ ਰਹੇ ਹਨ ਪਰ ਜਾਂਚ ਕਰਨ ਵਾਲਾ ਕੋਈ ਨਹੀਂ ਹੈ। ਲੋਕ ਪੁਰਾਣੇ ਪਾਰਕਾਂ ਦੀਆਂ ਗਰਿੱਲਾਂ ਤਕ ਉਖਾੜ ਕੇ ਲਿਜਾ ਰਹੇ ਹਨ। 4 ਨੰਬਰ ਪਾਰਕ ਦਾ ਫੁਹਾਰਾ 4 ਸਾਲਾਂ ਤੋਂ ਖਰਾਬ ਪਿਆ ਹੈ, ਇਸ ਦੀ ਮੁਰੰਮਤ ਨਹੀਂ ਹੋ ਰਹੀ। ਅਜੇ ਤੱਕ ਨਿਗਮ ਦੇ ਕਿਸੇ ਅਧਿਕਾਰੀ ਨੇ ਉਥੇ ਦੌਰਾ ਨਹੀਂ ਕੀਤਾ। ਸੁਭਾਨਾ ਅੰਡਰਪਾਥ ਦਾ ਕੰਮ ਕਾਫੀ ਸਮੇਂ ਤੋਂ ਠੱਪ ਪਿਆ ਹੈ। ਆਉਣ ਵਾਲੀਆਂ ਬਰਸਾਤਾਂ ’ਚ ਮੁਸ਼ਕਲਾਂ ਆਉਣਗੀਆਂ।

ਮਨਦੀਪ ਕੌਰ ਮੁਲਤਾਨੀ : ਸਟ੍ਰੀਟ ਲਾਈਟ ਕਮੇਟੀ ਦੀ ਚੇਅਰਪਰਸਨ ਹੋਣ ਦੇ ਨਾਤੇ ਕਈ ਹਫਤੇ ਪਹਿਲਾਂ ਬੈਠਕ ਕਰਕੇ ਸੰਬੰਧਤ ਕੰਪਨੀ ਤੋਂ ਲਾਈਟਾਂ ਦੀ ਸਥਿਤੀ ਅਤੇ ਸ਼ਿਕਾਇਤਾਂ ਆਦਿ ਬਾਰੇ ਜਾਣਕਾਰੀ ਮੰਗੀ ਸੀ ਜੋ ਅਜੇ ਤਕ ਉਪਲੱਬਧ ਨਹੀਂ ਕਰਵਾਈ ਗਈ। ਕੰਪਨੀ ਦੇ ਅਧਿਕਾਰੀ ਕਮੇਟੀ ਨਾਲ ਸਹਿਯੋਗ ਨਹੀਂ ਕਰ ਰਹੇ ਜਿਸ ਕਾਰਨ ਕੌਂਸਲਰਾਂ ’ਚ ਵੀ ਨਾਰਾਜ਼ਗੀ ਹੈ।
ਇਹ ਵੀ ਪੜ੍ਹੋ: ਮਾਈਨਿੰਗ ’ਚ ਸ਼ਾਮਲ ਰਹੇ ਸਾਬਕਾ ਕਾਂਗਰਸ ਨੇਤਾਵਾਂ ’ਤੇ ਵੀ ਮਾਨ ਸਰਕਾਰ ਦੀਆਂ ਨਜ਼ਰਾਂ
ਜਗਦੀਸ਼ ਸਮਰਾਏ : ਸਮਾਰਟ ਸਿਟੀ ਕੰਪਨੀ ’ਚ ਚੋਰ ਬਾਜ਼ਾਰੀ ਤੋਂ ਇਲਾਵਾ ਕੁਝ ਨਹੀਂ ਹੈ। ਇਸ ਨੇ ਸ਼ਹਿਰ ਦਾ ਬੇੜਾ ਗਰਕ ਕਰ ਦਿੱਤਾ ਹੈ। ਬਾਇਓ ਮਾਈਨਿੰਗ ਪ੍ਰਾਜੈਕਟ ਦਾ ਉਦਘਾਟਨ ਕਈ ਸਾਲ ਪਹਿਲਾਂ ਹੋਇਆ ਸੀ ਪਰ ਅੱਜ ਤੱਕ ਉਥੇ ਸ਼ੈੱਡ ਤਿਆਰ ਨਹੀਂ ਹੋਇਆ। ਦੋ ਸਾਲਾਂ ਤੋਂ ਕਾਲਾ ਸੰਘਿਆਂ ਡਰੇਨ ਦੀ ਸਫਾਈ ਦਾ ਕੰਮ ਰੁਕ ਗਿਆ ਹੈ। ਯੂ. ਆਈ. ਡੀ. ਦਾ ਸਰਵੇ ਵੀ ਉੱਥੇ ਹੀ ਪਿਆ ਹੈ। ਵਰਕਸ਼ਾਪ ਚੌਕ ਦੇ ਸੁਧਾਰ ’ਤੇ ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਇਸ ਨੂੰ ਹੋਰ ਨੀਵਾਂ ਕਰ ਦਿੱਤਾ ਗਿਆ ਹੈ। ਸਮਾਰਟ ਸਿਟੀ ’ਚ ਫੈਲੇ ਭ੍ਰਿਸ਼ਟਾਚਾਰ ਨੂੰ ਲੈ ਕੇ ਕਮੇਟੀ ਬਣਾਈ ਜਾਵੇ ਅਤੇ ਦੋਸ਼ੀ ਅਧਿਕਾਰੀਆਂ ਨੂੰ ਸਜ਼ਾ ਦਿੱਤੀ ਜਾਵੇ।

ਰਾਜੀਵ ਓਂਕਾਰ ਟਿੱਕਾ : ਐੱਲ. ਈ. ਡੀ. ਪ੍ਰਾਜੈਕਟ ’ਤੇ 50 ਕਰੋੜ ਰੁਪਏ ਖਰਚ ਕਰਨ ਦੇ ਬਾਵਜੂਦ ਕੁੰਡੀ ਸਿਸਟਮ ਨਾਲ ਲਾਈਟਾਂ ਜਗਾਈਆਂ ਅਤੇ ਬੁਝਾਈਆਂ ਜਾ ਰਹੀਆਂ ਹਨ। ਪਿਛਲੇ ਦਿਨੀਂ ਮੇਰੇ ਵਾਰਡ ’ਚ ਇਕ ਵਿਅਕਤੀ ਨੂੰ ਕੁੰਡੀ ਲਗਾਉਂਦੇ ਸਮੇਂ ਕਰੰਟ ਲੱਗ ਗਿਆ। ਕੰਪਨੀ ਆਪਣੇ ਕਰਮਚਾਰੀਆਂ ਨੂੰ ਤਨਖ਼ਾਹ ਤਕ ਨਹੀਂ ਦੇ ਰਹੀ। ਨਿਗਮ ’ਚ ਨਾਜਾਇਜ਼ ਬਿਲਡਿੰਗਾਂ ਅਤੇ ਕਾਲੋਨੀਆਂ ਦੇ ਨਾਂ ’ਤੇ ਦਬਾਅ ਦੀ ਸਿਆਸਤ ਕੀਤੀ ਜਾ ਰਹੀ ਹੈ। ਮੈਂ ਇਸ ਬਦੌਲਤ ਹੁਣ ਤਕ 3 ਸ਼ਿਕਾਇਤਾਂ ਕੀਤੀਆਂ ਪਰ ਨਿਗਮ ਅਧਿਕਾਰੀਆਂ ਨੇ ਬਿਲਡਿੰਗ ਮਾਲਕਾਂ ਕੋਲ ਜਾ ਕੇ ਮੇਰਾ ਨਾਂ ਲੈ ਦਿੱਤਾ। ਇਹ ਘਪਲਾ ਆਖਿਰ ਕਦੋਂ ਤਕ ਚੱਲੇਗਾ?

ਮਨਦੀਪ ਜੱਸਲ : ਐੱਲ. ਈ. ਡੀ. ਪ੍ਰਾਜੈਕਟ ’ਤੇ 50 ਕਰੋੜ ਖਰਚ ਹੋ ਚੁੱਕੇ ਹਨ ਪਰ ਕੰਪਨੀ ਨੇ ਨਾ ਕੋਈ ਨਵੀਂ ਲਾਈਟ ਲਗਾਈ ਹੈ, ਨਾ ਉਸ ਦੇ ਕੋਲ ਤਾਰ ਹੈ ਅਤੇ ਨਾ ਹੀ ਸਵਿਚ। ਜਾਂਚ ਹੋਣੀ ਚਾਹੀਦੀ ਹੈ ਕਿ ਆਖਿਰ ਇੰਨਾ ਵੱਡਾ ਖਰਚ ਕਿਸ ਚੀਜ਼ ’ਤੇ ਹੋਇਆ। ਕੁੱਤਿਅਾਂ ਦੀ ਨਸਬੰਦੀ ਸੰਬੰਧੀ ਪ੍ਰਾਜੈਕਟ ਵੀ ਸਕੈਂਡਲ ਤੋਂ ਘੱਟ ਨਹੀਂ ਹੈ। ਰਾਮਾ ਮੰਡੀ ’ਚ ਸਮੱਸਿਆ ਪਹਿਲਾਂ ਤੋਂ ਵੱਧ ਵਧ ਗਈ ਹੈ। ਪਹਿਲਾਂ ਟੈਂਡਰਾਂ ਦੌਰਾਨ ਜੋ ਕੰਮ ਹੋਏ ਉਸ ਦੀ ਜਾਂਚ ਹੋਵੇ। ਕਮਿਸ਼ਨਰ ਨੇ ਹਰ ਕਮਰਸ਼ੀਅਲ ਬਿਲਡਿੰਗ ਦੀ ਬੇਸਮੈਂਟ ਖਾਲੀ ਕਰਵਾਉਣ ਦਾ ਜੋ ਫੈਸਲਾ ਲਿਆ ਹੈ, ਸਵਾਗਤਯੋਗ ਹੈ ਪਰ ਇਸ ਮਾਮਲੇ ’ਚ ਪੱਖਪਾਤ ਨਹੀਂ ਹੋਣਾ ਚਾਹੀਦਾ। ਅਜਿਹੀ ਪ੍ਰੰਪਰਾ ਨਹੀਂ ਪਾਈ ਜਾਣੀ ਚਾਹੀਦੀ ਕਿ ਹਾਊਸ ’ਚ ਕਿਸੇ ਅਫਸਰ ਤੋਂ ਸਵਾਲ ਹੀ ਨਾ ਪੁੱਛ ਸਕੋ। ਸਮਾਰਟ ਸਿਟੀ ’ਚ ਜਿਹੜੇ ਅਫ਼ਸਰਾਂ ਨੇ ਘਪਲੇ ਕੀਤੇ ਉਨ੍ਹਾਂ ਨੂੰ ਨੰਗਾ ਕੀਤਾ ਜਾਣਾ ਚਾਹੀਦਾ ਹੈ।
ਅੰਜਲੀ ਭਗਤ : ਵਾਰਡ ’ਚ ਸਮਾਰਟ ਸਿਟੀ ਤਹਿਤ ਪਾਰਕ ਵਿਕਸਿਤ ਕੀਤਾ ਜਾਣਾ ਸੀ ਪਰ ਹੁਣ ਉਥੇ ਕੂੜਾ ਸੁੱਟਿਆ ਜਾ ਰਿਹਾ ਹੈ। ਬੀ. ਐੱਸ. ਐੱਫ. ਕਾਲੋਨੀ ਅਤੇ ਆਸਪਾਸ ਦੇ ਇਲਾਕਿਆਂ ਤੋਂ ਰੋਜ਼ਾਨਾ ਸ਼ਿਕਾਇਤਾਂ ਆਉਂਦੀਆਂ ਹਨ। ਪਿਛਲੇ 4 ਸਾਲਾਂ ਤੋਂ ਵਾਰਡ ’ਚ ਸਫਾਈ ਕਰਮਚਾਰੀਆਂ ਦੀ ਘਾਟ ਦੀ ਸਮੱਸਿਆ ਬਣੀ ਹੋਈ ਹੈ। 6 ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ ਪਰ ਉਨ੍ਹਾਂ ਦੀ ਥਾਂ ’ਤੇ ਨਵੇਂ ਭਰਤੀ ਕੀਤੇ ਮੁਲਾਜ਼ਮਾਂ ਨੂੰ ਮੇਰੇ ਵਾਰਡ ’ਚ ਨਹੀਂ ਭੇਜਿਆ ਜਾ ਰਿਹਾ।

ਪ੍ਰਭਦਿਆਲ : ਮੇਰੇ ਵਾਰਡ ’ਚ ਸਰਕਾਰੀ ਗ੍ਰਾਂਟ ਨਾਲ ਕਮਿਊਨਿਟੀ ਹਾਲ ਬਣਾਇਆ ਜਾ ਰਿਹਾ ਸੀ ਜਿਸ ਨਾਲ ਆਮ ਲੋਕਾਂ ਨੂੰ ਕਾਫੀ ਫਾਇਦਾ ਹੋਣਾ ਸੀ ਪਰ ਹੁਣ ਸਰਕਾਰ ਨੇ ਉਹ ਗ੍ਰਾਂਟ ਵੀ ਵਾਪਸ ਮੰਗਵਾ ਲਈ ਹੈ ਜਿਸ ਨੂੰ ਜਲਦੀ ਨਿਗਮ ’ਚ ਲਿਆ ਕੇ ਕੰਮ ਸ਼ੁਰੂ ਕਰਵਾਇਆ ਜਾਣਾ ਚਾਹੀਦਾ ਹੈ। ਦਯਾਨੰਦ ਚੌਕ ਤੋਂ ਕੈਂਟ ਵੱਲ ਜਾਣ ਵਾਲੀ ਸੜਕ ਦਾ ਕੰਮ ਸ਼ੁਰੂ ਹੋਇਆ ਸੀ ਪਰ ਵਿਚੇ ਹੀ ਅਟਕ ਗਿਆ ਹੈ ਜਿਸ ਨਾਲ ਲੋਕ ਪ੍ਰੇਸ਼ਾਨ ਹੋ ਰਹੇ ਹਨ।

ਜਲੰਧਰ: ਗੰਗਾਸਾਗਰ ’ਚ ਇਸ਼ਨਾਨ ਦੌਰਾਨ ਡੁੱਬੇ ਚਾਚਾ-ਭਤੀਜਾ, ਘਰ ’ਚ ਛਾਇਆ ਮਾਤਮ

ਰਾਜਵਿੰਦਰ ਰਾਜਾ : ਮੇਰੇ ਵਾਰਡ ’ਚ ਇਕ ਡਿਸਪੋਜ਼ਲ ਬਣਾਇਆ ਜਾ ਰਿਹਾ ਸੀ ਜਿਸ ਨੂੰ ਇਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਠੇਕੇਦਾਰ ਕਹਿ ਰਿਹਾ ਹੈ ਕਿ ਉਸ ਨੂੰ ਪੈਸੇ ਨਹੀਂ ਮਿਲੇ, ਇਸ ਲਈ ਕੰਮ ਠੱਪ ਹੋ ਗਿਆ ਹੈ। ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ’ਚ ਰੱਖ ਕੇ ਕੰਮ ਸ਼ੁਰੂ ਕਰਵਾਇਆ ਜਾਵੇ।

ਸ਼ਮਸ਼ੇਰ ਖਹਿਰਾ : ਪਿਛਲੀ ਸਰਕਾਰ ਵੇਲੇ ਵਾਰਡਾਂ ’ਚ ਜੋ ਕੰਮ ਪੰਜਾਬ ਸਰਕਾਰ ਦੀ ਵਿਸ਼ੇਸ਼ ਗਰਾਂਟ ਨਾਲ ਸ਼ੁਰੂ ਹੋਏ ਸਨ, ਇਸ ਸਰਕਾਰ ਨੇ ਉਹ ਗਰਾਂਟ ਵਾਪਸ ਲੈ ਲਈ ਹੈ। ਅਧਿਕਾਰੀਆਂ ਤੋਂ ਪੁੱਛਿਆ ਜਾਵੇ ਕਿ ਗ੍ਰਾਂਟ ਨਾਲ ਸਬੰਧਤ ਕੰਮ ਸਮੇਂ ਸਿਰ ਸ਼ੁਰੂ ਕਿਉਂ ਨਹੀਂ ਕੀਤੇ ਗਏ, ਜਿਸ ਕਾਰਨ ਇਹ ਗ੍ਰਾਂਟ ਸਰਕਾਰ ਕੋਲ ਵਾਪਸ ਚਲੀ ਗਈ।

ਰੀਨਾ ਕੌਰ : ਪਹਿਲਾਂ ਮੇਰੇ ਵਾਰਡ ’ਚ ਸੀਵਰੇਜ ਅਤੇ ਪਾਣੀ ਆਦਿ ਦੀ ਸਮੱਸਿਆ ਬਹੁਤ ਜ਼ਿਆਦਾ ਸੀ ਪਰ ਹੁਣ ਵਿਧਾਇਕ ਅਤੇ ਮੇਅਰ ਦੇ ਚੰਗੇ ਕੰਮਾਂ ਕਾਰਨ ਪੂਰੇ ਵਾਰਡ ’ਚ ਕੋਈ ਸਮੱਸਿਆ ਨਹੀਂ ਹੈ। ਇਸ ਵੇਲੇ ਵਾਰਡ ਦੀ ਹਾਲਤ ਏ ਵਨ ਹੈ। ਮੇਰੇ ਵਾਰਡ ’ਚ ਸੰਤ ਬਾਬਾ ਸਰਵਣ ਦਾਸ ਯਾਦਗਾਰੀ ਪਾਰਕ ਬਣਾਇਆ ਗਿਆ ਸੀ ਪਰ ਇਥੇ ਆਵਾਰਾ ਪਸ਼ੂ ਅਤੇ ਕੁੱਤੇ ਆ ਕੇ ਗੰਦਗੀ ਫੈਲਾਉਂਦੇ ਹਨ, ਜਿਸ ਨੂੰ ਰੋਕਿਆ ਜਾਵੇ।

ਮਨਜੀਤ ਕੌਰ : ਪਿਛਲੀ ਪੰਜਾਬ ਸਰਕਾਰ ਨੇ ਪਾਰਕਾਂ ਦੇ ਸੰਚਾਲਨ ਸਬੰਧੀ ਜੋ ਨੀਤੀ ਬਣਾਈ ਸੀ, ਉਸ ’ਚ ਦਿੱਤੀ ਜਾਣ ਵਾਲੀ ਗਰਾਂਟ ’ਚ 20 ਫੀਸਦੀ ਵਾਧਾ ਹੋਣਾ ਸੀ, ਜੋ ਨਹੀਂ ਕੀਤਾ ਗਿਆ। ਇਹ ਇਕ ਗੰਭੀਰ ਮੁੱਦਾ ਹੈ ਜਿਸ ਵੱਲ ਸਰਕਾਰੀ ਅਧਿਕਾਰੀਆਂ ਨੇ ਕੋਈ ਧਿਆਨ ਨਹੀਂ ਦਿੱਤਾ। ਹੁਣ ਸੁਸਾਇਟੀਆਂ ਨੂੰ ਵਧੀਆਂ ਹੋਈਆਂ ਗਰਾਂਟਾਂ ਦੇ ਚੈੱਕ ਮਿਲਣੇ ਚਾਹੀਦੇ ਹਨ।

ਸਰਬਜੀਤ ਕੌਰ ਬਿੱਲਾ : ਅਮਰੁਤ ਸਕੀਮ ਅਤੇ ਹੋਰ ਪ੍ਰਾਜੈਕਟਾਂ ਦੇ ਤਹਿਤ ਪਾਈਪ ਲਾਈਨ ਪਾਉਣ ਦੇ ਲਈ ਜਦੋਂ ਸੜਕਾਂ ਨੂੰ ਖੋਦਿਆ ਜਾਂਦਾ ਹੈ ਉਦੋਂ ਕਈ ਪ੍ਰਾਈਵੇਟ ਵਾਟਰ ਸੀਵਰ ਕੁਨੈਕਸ਼ਨ ਟੁੱਟ ਜਾਂਦੇ ਹਨ। ਉਹ ਕਿਸਨੇ ਠੀਕ ਕਰਨੇ ਹਨ, ਇਸ ਬਾਰੇ ਜਾਣਕਾਰੀ ਦਿੱਤੀ ਜਾਵੇ। ਕੁਨੈਕਸ਼ਨ ਟੁੱਟਣ ਕਾਰਨ ਲੋਕ ਬਹੁਤ ਪ੍ਰੇਸ਼ਾਨ ਹੁੰਦੇ ਹਨ। ਟੁੱਟੀਅਾਂ ਸੜਕਾਂ ਦਾ ਨਿਰਮਾਣ ਜਲਦੀ ਪੂਰਾ ਕਰਵਾਇਆ ਜਾਵੇ।

ਪਰਮਜੀਤ ਸਿੰਘ ਰੇਰੂ : ਐੱਲ. ਈ. ਡੀ. ਕੰਪਨੀ ਨੇ ਸਰਵੇ ਦੌਰਾਨ ਜਿੱਥੇ ਵੀ ਸਟਿੱਕਰ ਲਗਾਏ ਗਏ ਸਨ, ਉਥੇ ਕੰਪਨੀ ਨੇ ਲਾਈਟਾਂ ਨਹੀਂ ਲਗਾਈਆਂ। ਰਮਣੀਕ ਐਵੀਨਿਊ ’ਚ ਲੱਖਾਂ ਰੁਪਏ ਖਰਚ ਕੇ ਨਵਾਂ ਸੀਵਰ ਪਾਇਆ ਗਿਆ ਪਰ ਇਸ ਦਾ ਕੁਨੈਕਸ਼ਨ ਨਹੀਂ ਜੋੜਿਆ ਜਾ ਰਿਹਾ। ਵਾਰਡਾਂ ’ਚ ਓ. ਐਂਡ ਐੱਮ. ਸੈੱਲ ਦਾ 10 ਲੱਖ ਦਾ ਕੰਮ ਕਿੱਥੇ ਕੀਤਾ ਜਾਂਦਾ ਹੈ, ਕਿਸੇ ਕੌਂਸਲਰ ਨੂੰ ਨਹੀਂ ਪਤਾ। ਇਹ ਬਹੁਤ ਵੱਡਾ ਘਪਲਾ ਹੈ। ਸਮਾਰਟ ਸਿਟੀ ਪ੍ਰਾਜੈਕਟ ਦੀ ਹੱਦ ਬੁਲੰਦਪੁਰ ਤੋਂ ਪੰਜਾਬੀ ਬਾਗ ਕਾਲੋਨੀ ਤੱਕ ਕੀਤੀ ਜਾਵੇ।

ਡਾ. ਤਮਨਰੀਤ ਕੌਰ : ਮੈਨੂੰ ਕਈ ਮਹੀਨੇ ਪਹਿਲਾਂ ਬਾਇਓਡਾਈਵਰਸਿਟੀ ਕਮੇਟੀ ਦਾ ਮੈਂਬਰ ਬਣਾਇਆ ਗਿਆ ਸੀ ਪਰ ਅੱਜ ਤਕ ਉਸ ਕਮੇਟੀ ਦੀ ਇਕ ਵੀ ਬੈਠਕ ਨਹੀਂ ਹੋਈ, ਨਾ ਹੀ ਉਸ ਪ੍ਰਾਜੈਕਟ ਬਾਰੇ ਕਿਸੇ ਨੂੰ ਪਤਾ ਹੈ। ਮੇਰੇ ਵਾਰਡ ’ਚ ਰੱਖ-ਰਖਾਅ ਸੰਬੰਧੀ ਗ੍ਰਾਂਟ ਮੇਰੀ ਇੱਛਾ ਦੇ ਮੁਤਾਬਕ ਖਰਚ ਨਹੀਂ ਹੋਈ ਪਰ ਹੁਣ ਆਖਰੀ ਟੈਂਡਰ ਮੇਰੀ ਇੱਛਾ ਮੁਤਾਬਕ ਮੈਨੂੰ ਖਰਚ ਕਰਨ ਦਿੱਤਾ ਜਾਵੇ।

ਇਹ ਵੀ ਪੜ੍ਹੋ: ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਬਰਾੜ ਤੇ ਰਿੰਦਾ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਕਰਵਾਉਣ ਦੀ ਕਵਾਇਦ ਤੇਜ਼

ਨਿਰਮਲ ਸਿੰਘ ਨਿੰਮਾ : ਡੇਢ ਸਾਲ ’ਚ ਐੱਲ. ਈ. ਡੀ. ਕੰਪਨੀ ’ਤੇ ਡੇਢ ਰੁਪਏ ਦਾ ਜੁਰਮਾਨਾ ਨਹੀਂ ਕੀਤਾ ਗਿਆ। ਹਾਲਾਂਕਿ ਅੱਧਾ ਸ਼ਹਿਰ ਹਨੇਰੇ ’ਚ ਹੈ। ਨਿਗਮ ਅਧਿਕਾਰੀ ਅਤੇ ਪੈਟ੍ਰੋਲਰ ਕੰਪਨੀ ਨਾਲ ਮਿਲੇ ਹੋਏ ਹਨ। ਲੰਮਾ ਪਿੰਡ ਤੋਂ ਜੰਡੂਸਿੰਘਾ ਤਕ ਸੜਕ ਨਿਰਮਾਣ ਦਾ ਕੰਮ ਕਰੋੜਾਂ ਦੀ ਲਾਗਤ ਨਾਲ ਕਰਵਾਇਆ ਜਾ ਰਿਹਾ ਹੈ ਪਰ ਸੜਕ ਕੰਢੇ ਅਮਰੁਤ ਯੋਜਨਾ ਦੇ ਤਹਿਤ ਪਾਈਪਾਂ ਨਹੀਂ ਪਾਈਆਂ ਜਾ ਰਹੀਆਂ ਜਿਸ ਕਾਰਨ ਆਉਣ ਵਾਲੇ ਸਮੇਂ ’ਚ ਸਮੱਸਿਆ ਵਧੇਗੀ। ਅੱਜ 90 ਫੀਸਦੀ ਕੌਂਸਲਰਾਂ ਨੂੰ ਸਮਾਰਟ ਸਿਟੀ ਦੇ ਕੰਮਾਂ ਤੋਂ ਦਿੱਕਤ ਹੈ ਪਰ ਬਦਨਾਮੀ ਨਿਗਮ ਨੂੰ ਝੱਲਣੀ ਪੈ ਰਹੀ ਹੈ। ਇਸ ਦੀ ਵਿਜੀਲੈਂਸ ਤੋਂ ਜਾਂਚ ਹੋਵੇ। ਸਮਾਰਟ ਸਿਟੀ ਦੇ ਸਾਬਕਾ ਸੀ. ਈ. ਓ. ਨੂੰ ਸ਼ੱਕ ਦੇ ਘੇਰੇ ’ਚ ਲਿਆਦਾ ਜਾਵੇ। ਪੰਜਾਬ ਸਰਕਾਰ ਨੇ ਹਾਲ ਹੀ ’ਚ 35 ਹਜ਼ਾਰ ਵਰਕਰਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਹੈ। ਜਲੰਧਰ ਨਿਗਮ ਦੇ ਕਿੰਨੇ ਕਰਮਚਾਰੀ ਪੱਕੇ ਹੋ ਰਹੇ ਹਨ, ਇਸ ਦੀ ਜਾਣਕਾਰੀ ਦਿੱਤੀ ਜਾਵੇ।

ਲਖਬੀਰ ਬਾਜਵਾ : ਸਮਾਰਟ ਸਿਟੀ ’ਚ ਆਉਣ ਦੇ ਬਾਵਜੂਦ ਵਰਿਆਣਾ ਡੰਪ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਹੁਣ ਇਥੋਂ ਤਕ ਕੂੜਾ ਪਹੁੰਚਾਉਣ ਲਈ ਹੋਰ ਮਸ਼ੀਨਰੀ ਖਰੀਦੀ ਜਾ ਰਹੀ ਹੈ। ਜਾਂ ਤਾਂ ਇਸ ਡੰਪ ਨੂੰ ਚੁੱਕ ਕੇ ਜਮਸ਼ੇਰ ’ਚ ਲਿਜਾਇਆ ਜਾਏ ਜਾਂ ਚਾਰੋਂ ਵਿਧਾਇਕ ਆਪਣੇ ਹਲਕੇ ’ਚ ਡੰਪ ਬਣਾ ਕੇ ਰੱਖਣ।
ਸ਼ੈਲੀ ਖੰਨਾ : ਮੇਰੇ ਵਾਰਡ ’ਚ ਆਉਂਦੇ ਗੁਰੂ ਗੋਬਿੰਦ ਸਿੰਘ ਐਵੇਨਿਊ ’ਚ 24.12.2019 ਨੂੰ ਜੋ ਕੰਮ ਪਾਸ ਹੋਇਆ ਸੀ ਉਹ ਅੱਜ ਤਕ ਸ਼ੁਰੂ ਹੀ ਨਹੀਂ ਹੋਇਆ। ਪਿਛਲੇ ਸਾਢੇ 4 ਸਾਲ ਵਾਰਡ ’ਚ ਸਫਾਈ ਕਰਮਚਾਰੀਆਂ ਦੀ ਕਮੀ ਰਹੀ ਜਿਸ ਨੂੰ ਦੂਰ ਤਾਂ ਨਹੀਂ ਕੀਤਾ ਗਿਆ ਪਰ ਹੁਣ ਜਾਂਦੇ-ਜਾਂਦੇ ਕਾਂਗਰਸ ਸਰਕਾਰ ਇੰਨਾ ਕੰਮ ਤਾਂ ਕਰ ਸਕਦੀ ਹੈ।

ਲਖੋਤਰਾ, ਬਚਨਲਾਲ : ਪੂਰੇ ਭਾਰਗੋ ਕੈਂਪ ਖੇਤਰ ’ਚ ਸੀਵਰੇਜ ਜਾਮ ਅਤੇ ਗੰਦਾ ਪਾਣੀ ਸਪਲਾਈ ਹੋਣ ਦੀ ਸਮੱਸਿਆ ਲੰਬੇ ਸਮੇਂ ਤੋਂ ਹੈ ਅਤੇ ਕਾਫੀ ਜ਼ਿਆਦਾ ਹੈ ਜਿਸ ਦਾ ਹੱਲ ਨਹੀਂ ਕੀਤਾ ਜਾ ਰਿਹਾ। ਕਾਬਿਲ ਅਫਸਰ ਲਗਾ ਕੇ ਇਸ ਦਾ ਪੱਕਾ ਹੱਲ ਲੱਭਿਆ ਜਾਏ। 50-50 ਲੱਖ ਰੁਪਏ ਦੀਆਂ ਸੁਪਰ ਸਕਸ਼ਨ ਮਸ਼ੀਨਾਂ ਨਾਲ ਸਫਾਈ ਦੇ ਟੈਂਡਰ ਲਗਾਏ ਤਾਂ ਜਾਂਦੇ ਹਨ ਪਰ ਕੰਮ ਥੋੜ੍ਹਾ ਬਹੁਤ ਹੀ ਕੀਤਾ ਜਾਂਦਾ ਹੈ। ਸੁਪਰ ਸਕਸ਼ਨ ਸਕੈਂਡਲ ਦੀ ਜਾਂਚ ਕਰਵਾਈ ਜਾਏ।

ਰੋਹਨ ਸਹਿਗਲ : ਮਾਡਲ ਟਾਊਨ ਡੇਅਰੀਆਂ ਤੋਂ ਪੀ. ਪੀ. ਆਰ. ਮਾਰਕੀਟ ਤਕ 120 ਫੁੱਟ ਰੋਡ ਕੱਢੀ ਤਾਂ ਜਾ ਰਹੀ ਹੈ ਪਰ ਵਿਨੇ ਮੰਦਿਰ ਅਤੇ ਮਿੱਠਾਪੁਰ ਰੋਡ ’ਤੇ ਚੌਕ ਨਾ ਬਣਾਏ ਜਾਣ ਕਾਰਨ ਰੋਜ਼ ਐਕਸੀਡੈਂਟ ਹੋ ਰਹੇ ਹਨ ਜਿਸ ਪਾਸੇ ਨਾ ਤਾਂ ਸਮਾਰਟ ਸਿਟੀ ਅਤੇ ਨਾ ਹੀ ਨਿਗਮ ਅਧਿਕਾਰੀ ਧਿਆਨ ਦੇ ਰਹੇ ਹਨ। ਬਦਨਾਮੀ ਨਗਰ ਨਿਗਮ ਦੀ ਹੋ ਰਹੀ ਹੈ। ਮੇਅਰ ਉਥੇ ਆ ਕੇ ਮੌਕਾ ਦੇਖਣ ਅਤੇ ਕੰਮ ਸ਼ੁਰੂ ਕਰਵਾਇਆ ਜਾਏ।

ਬਲਜੀਤ ਪ੍ਰਿੰਸ : ਐੱਲ. ਈ. ਡੀ. ਅਤੇ ਹੋਰ ਪ੍ਰਾਜੈਕਟਾਂ ’ਤੇ ਸਮਾਰਟ ਸਿਟੀ ਦਾ ਕਰੋੜਾਂ ਰੁਪਇਆਂ ਬਰਬਾਦ ਕਰ ਦਿੱਤਾ ਗਿਆ ਹੈ। ਰੇਲਵੇ ਸਟੇਸ਼ਨ ਦੇ ਨੇੜੇ ਦੇਸੀ ਤਰੀਕੇ ਨਾਲ ਸਮਾਰਟ ਸਿਟੀ ਦੀਆਂ ਲਾਈਟਾਂ ਲਗਾ ਦਿੱਤੀਆਂ ਗਈਆਂ ਹਨ। ਐੱਸ. ਡੀ. ਕਾਲਜ ਰੋਡ ’ਤੇ ਨਾਲੇ ਦੀ ਸਫ਼ਾਈ ਸੁਪਰ ਸਕਸ਼ਨ ਮਸ਼ੀਨਾਂ ਨਾਲ ਕਰਵਾਈ ਜਾਏ ਤਾਂ ਕਿ ਸਮੱਸਿਆ ਦਾ ਪੱਕਾ ਹੱਲ ਹੋਵੇ। ਵਾਰਡ ’ਚ ਕਈ ਥਾਂ ਗੰਦਾ ਪਾਣੀ ਆ ਰਿਹਾ ਹੈ ਜਿਸ ਸੰਬੰਧੀ ਸਮੱਸਿਆ ਦਾ ਵੀ ਹੱਲ ਨਹੀਂ ਕੀਤਾ ਜਾ ਰਿਹਾ।

ਬੰਟੀ ਨੀਲਕੰਠ : ਮੀਂਹ ਨੂੰ ਲੈ ਕੇ ਨਗਰ ਨਿਗਮ ਦੀਆਂ ਕੀ ਤਿਆਰੀਆਂ ਹਨ, ਦੱਸਿਆ ਜਾਏ। ਕੂੜੇ ਦੀ ਲਿਫ਼ਟਿੰਗ ਵੀ ਬੰਦ ਹੈ ਅਤੇ ਸ਼ਹਿਰ ਦਾ ਬੁਰਾ ਹਾਲ ਹੋਣਾ ਸ਼ੁਰੂ ਹੋ ਗਿਆ ਹੈ। ਰੋਡ ਗਲੀਆਂ ਦੀ ਸਫ਼ਾਈ ਲਈ ਤਤਕਾਲ ਵਾਧੂ ਕਰਮਚਾਰੀ ਰੱਖੇ ਜਾਣ। ਕਪੂਰਥਲਾ ਚੌਂਕ ਤੋਂ ਵਰਕਸ਼ਾਪ ਚੌਕ ਤਕ ਜੇਕਰ ਸੜਕ ਨਹੀਂ ਬਣਾਉਣੀ ਹੈ ਤਾਂ ਉਸ ਨੂੰ ਪਲੇਨ ਕਰ ਦਿੱਤਾ ਜਾਏ। ਸਾਰੀ ਕਪੂਰਥਲਾ ਰੋਡ ਵੀ ਟੁੱਟੀ ਹੋਈ ਹੈ। ਲੋਕ ਕਾਫ਼ੀ ਪਰੇਸ਼ਾਨ ਹਨ।

ਇਹ ਵੀ ਪੜ੍ਹੋ: ਬਿਜਲੀ ਦੀ ਨਿਰਵਿਘਨ ਸਪਲਾਈ ’ਤੇ ਮੰਡਰਾਉਣ ਲੱਗਾ ‘ਖ਼ਤਰਾ’, ਹੜਤਾਲ 'ਤੇ ਜਾਣਗੇ ਠੇਕਾ ਕਰਮਚਾਰੀ
ਬਲਰਾਜ ਠਾਕੁਰ : ਸਮਾਰਟ ਸਿਟੀ ਕੰਪਨੀ ’ਚ ਨਿਗਮ ਦਾ ਕੋਈ ਯੋਗਦਾਨ ਨਹੀਂ ਹੈ, ਇਸ ਲਈ ਜੋ ਜ਼ਿੰਮੇਵਾਰ ਹਨ, ਦੋਸ਼ ਵੀ ਉਨ੍ਹਾਂ ’ਤੇ ਲੱਗਣੇ ਚਾਹੀਦੇ ਹਨ। ਸ਼ਹਿਰ ਦਾ ਟ੍ਰੈਫਿਕ ਵਧ ਰਿਹਾ ਹੈ, ਇਸ ਲਈ ਪਬਲਿਕ ਟ੍ਰਾਂਸਪੋਰਟ ਸਿਸਟਮ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ। ਨਵੀਂ ਸਰਕਾਰ ਨੇ ਹੁਣ ਤਕ ਨਿਗਮ ਨੂੰ ਇਕ ਰੁਪਏ ਦੀ ਗ੍ਰਾਂਟ ਤਾਂ ਦਿੱਤੀ ਨਹੀਂ ਪਰ 7 ਕਰੋੜ ਦੀ ਗ੍ਰਾਂਟ ਵਾਪਸ ਜ਼ਰੂਰ ਮੰਗਵਾ ਲਈ ਹੈ। ਨਵੇਂ ਐਸਟੀਮੇਟ ਬਣਵਾਉਣ ਲਈ ਕਮਿਸ਼ਨਰ ਨਾਲ ਗੱਲ ਕਰਨ ਨੂੰ ਕਿਹਾ ਜਾ ਰਿਹਾ ਹੈ ਜੋ ਸਰਾਸਰ ਗਲਤ ਹੈ।
ਪਵਨ ਕੁਮਾਰ : ਨਵੇਂ ਕਮਿਸ਼ਨਰ ਨੂੰ ਕਈ ਦਿਨ ਪਹਿਲਾਂ ਸਮਾਰਟ ਸਿਟੀ ਦੇ ਕੰਮਾਂ ਬਾਰੇ ਲਿਖਤੀ ਤੌਰ ’ਤੇ ਦਿੱਤਾ ਸੀ ਪਰ ਅੱਜ ਤਕ ਉਸ ਸੰਬੰਧੀ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ। ਸਮਾਰਟ ਸਿਟੀ ਪ੍ਰਾਜੈਕਟਾਂ ਦੀ ਜਾਣਕਾਰੀ ਕੌਂਸਲਰਾਂ ਤਕ ਜ਼ਰੂਰ ਪਹੁੰਚਾਉਣੀ ਚਾਹੀਦੀ ਹੈ। ਸਮਾਰਟ ਸਿਟੀ ਕੰਪਨੀ ’ਚ 5 ਮੈਂਬਰ ਅਜਿਹੇ ਹੋਣੇ ਚਾਹੀਦੇ ਹਨ ਜੋ ਚੁਣੇ ਪ੍ਰਤੀਨਿਧੀ ਜਾਂ ਸ਼ਹਿਰ ਦੇ ਪਤਵੰਤੇ ਹੋਣ।

ਮਨਮੋਹਨ ਰਾਜੂ : ਸਮਾਰਟ ਸਿਟੀ ਦੇ ਕੰਮਾਂ ਨਾਲ ਸਾਰਿਆਂ ਨੂੰ ਪਰੇਸ਼ਾਨੀ ਹੈ ਜਿਸ ਸੰਬੰਧੀ ਮੇਅਰ ਨੂੰ ਡੀ. ਸੀ. ਨਾਲ ਗੱਲ ਕਰਨੀ ਚਾਹੀਦੀ ਹੈ। ਆਮ ਆਦਮੀ ਪਾਰਟੀ ਨੇ ਜੋ ਗ੍ਰਾਂਟ ਵਾਪਸ ਮੰਗਵਾ ਲਈ ਹੈ ਉਹ ਸ਼ਰਮਨਾਕ ਹੈ ਕਿਉਂਕਿ ਇਹ ਪੈਸੇ ਸ਼ਹਿਰ ਦੇ ਵਿਕਾਸ ’ਤੇ ਹੀ ਖਰਚ ਹੋਣੇ ਸਨ। ਪ੍ਰਸਤਾਵ ਪਾਸ ਹੋਣਾ ਚਾਹੀਦਾ ਹੈ ਕਿ ਇਹ ਗ੍ਰਾਂਟ ਵਾਪਸ ਨਿਗਮ ਕੋਲ ਪਹੁੰਚੇ।

ਜਗਦੀਸ਼ ਦਕੋਹਾ : ਨਿਗਮ ’ਚ ਬੀ. ਐਂਡ ਆਰ. ਵਿਭਾਗ ਜ਼ਿਆਦਾਤਰ ਕੰਮ ਕਰਦਾ ਹੈ ਪਰ ਉਸ ਕੋਲ ਕੋਈ ਮਸ਼ੀਨਰੀ ਨਹੀਂ ਹੈ। ਵਿਭਾਗ ਕੋਲ 4 ਡਿੱਚ ਮਸ਼ੀਨਾਂ ਅਤੇ 8 ਟਿੱਪਰ ਹਨ ਪਰ ਉਹ ਕਿਸੇ ਹੋਰ ਵਿਭਾਗ ਵਿਚ ਕੰਮ ਕਰ ਰਹੇ ਹਨ, ਜਿਸ ਕਾਰਨ ਕੌਂਸਲਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

PunjabKesari

‘ਜਗ ਬਾਣੀ’ ਨੇ ਵਾਰ-ਵਾਰ ਚੁੱਕੇ ਸਮਾਰਟ ਸਿਟੀ ਦੇ ਘਪਲੇ
ਹਾਊਸ ਦੀ ਬੈਠਕ ਦੌਰਾਨ ਕੌਂਸਲਰਾਂ ਨੇ ‘ਜਗ ਬਾਣੀ’ ਦਾ ਵਾਰ-ਵਾਰ ਜ਼ਿਕਰ ਕੀਤਾ ਅਤੇ ਕਿਹਾ ਕਿ ਸਮਾਰਟ ਸਿਟੀ ਦੇ ਕਰੋੜਾਂ ਰੁਪਏ ਦੇ ਘਪਲਿਆਂ ਨਾਲ ਬਦਨਾਮੀ ਨਗਰ ਨਿਗਮ ਦੀ ਹੋ ਰਹੀ ਹੈ। ਕਾਂਗਰਸੀ ਕੌਂਸਲਰ ਵਿਪਨ ਚੱਢਾ ਨੇ ਐੱਲ. ਈ. ਡੀ. ਲਾਈਟਾਂ ਨੂੰ ਕੁੰਡੀ ਸਿਸਟਮ ਨਾਲ ਚਲਾਏ ਜਾਣ ਸੰਬੰਧੀ ‘ਜਗ ਬਾਣੀ’ ’ਚ ਛਪੀ ਖਬਰ ਨੂੰ ਹਾਊਸ ਨੂੰ ਦਿਖਾਉਂਦੇ ਹੋਏ ਕਿਹਾ ਕਿ 50 ਕਰੋੜ ਖਰਚ ਕਰਨ ਦੇ ਬਾਵਜੂਦ ਕੰਪਨੀ ਦਾ ਕੰਮ ਤਸੱਲੀਬਖਸ਼ ਨਹੀਂ ਹੈ। ਸਮਾਰਟ ਸਿਟੀ ’ਚ ਜੋ ਵੱਡੇ ਅਧਿਕਾਰੀ ਕੁਲਵਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਅੱਜ ਸਵਾ-ਸਵਾ ਲੱਖ ਰੁਪਏ ਤਨਖਾਹ ਲੈ ਰਹੇ ਹਨ ਅਤੇ ਨਿਗਮ ਤੋਂ ਲੱਖ-ਲੱਖ ਰੁਪਏ ਪੈਨਸ਼ਨ ਵੀ ਪ੍ਰਾਪਤ ਕਰ ਰਹੇ ਹਨ, ਉਹ ਆਪਣੇ ਕਾਰਜਕਾਲ ਦੌਰਾਨ 500 ਕਰੋੜ ਦੇ ਸਿੰਗਲ ਟੈਂਡਰ ਘਪਲੇ, 14 ਕਰੋੜ ਦੇ ਪੈਚਵਰਕ ਘਪਲੇ ਅਤੇ ਪੁਰਾਣੀ ਚੈਸੀਜ਼ ਦੀ ਖ਼ਰੀਦ ਸੰਬੰਧੀ ਘਪਲਿਆਂ ’ਚ ਸ਼ਾਮਲ ਰਹੇ ਪਰ ਫਿਰ ਵੀ ਉਨ੍ਹਾਂ ਨੂੰ ਸਮਾਰਟ ਸਿਟੀ ’ਚ ਭਰਤੀ ਕਰ ਲਿਆ ਗਿਆ। ਵਿਪਨ ਚੱਢਾ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ’ਚ ਕੰਪਨੀ ਨੇ 33 ਨਵੀਆਂ ਲਾਈਟਾਂ ਲਗਾਈਆਂ ਪਰ ਸਮਾਰਟ ਸਿਟੀ ਦੇ ਅਧਿਕਾਰੀ ਮੇਰੇ ਵਾਰਡ ’ਚ 159 ਲਾਈਟਾਂ ਨਵੀਆਂ ਲੱਗੀਆਂ ਹੋਈਆਂ ਦਿਖਾ ਰਹੇ ਹਨ ਜੋ ਬਹੁਤ ਵੱਡਾ ਸਕੈਂਡਲ ਹੈ। ਇਸ ਦੀ ਵਿਜੀਲੈਂਸ ਤੋਂ ਜਾਂਚ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਅਹਿਮ ਖ਼ਬਰ, ਇਸ ਦਿਨ ਤੋਂ ਚੱਲੇਗੀ ਦਿੱਲੀ ਏਅਰਪੋਰਟ ਲਈ ਵੋਲਵੋ ਬੱਸ, ਅੱਧੇ ਕਿਰਾਏ ’ਚ ਮਿਲੇਗਾ ‘ਲਗਜ਼ਰੀ ਸਫ਼ਰ’

ਸਾਬਕਾ ਵਿਧਾਇਕਾਂ ਦੀਆਂ ਪਤਨੀਆਂ ਵੀ ਪਹੁੰਚੀਆਂ ਪਰ ਬੋਲੀਆਂ ਕੁਝ ਨਹੀਂ
ਹਾਊਸ ਦੀ ਬੈਠਕ ਦੌਰਾਨ ਅੱਜ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਦੀ ਧਰਮਪਤਨੀ ਡਾ. ਸੁਨੀਤਾ ਰਿੰਕੂ ਅਤੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਦੀ ਧਰਮਪਤਨੀ ਕੌਂਸਲਰ ਉਮਾ ਬੇਰੀ ਹਾਜ਼ਰ ਤਾਂ ਰਹੀਆਂ ਪਰ ਨਾ ਤਾਂ ਉਨ੍ਹਾਂ ਨੇ ਆਪਣੇ ਵਾਰਡ ਦੀ ਕਿਸੇ ਸਮੱਸਿਆ ਨੂੰ ਹੀ ਚੁੱਕਿਆ ਅਤੇ ਨਾ ਹੀ ਕਿਸੇ ਹੋਰ ਮਸਲੇ ’ਤੇ ਹੋਈ ਚਰਚਾ ’ਚ ਹਿੱਸਾ ਹੀ ਲਿਆ। ਜ਼ਿਕਰਯੋਗ ਹੈ ਕਿ ਪਿਛਲੀਆਂ ਬੈਠਕਾਂ ਦੌਰਾਨ ਦੋਵੇਂ ਹੀ ਆਪਣੇ ਵਾਰਡਾਂ ਤੋਂ ਇਲਾਵਾ ਸ਼ਹਿਰ ਦੀਆਂ ਸਮੱਸਿਆਵਾਂ ਪ੍ਰਤੀ ਮਾਮਲੇ ਉਠਾਉਂਦੀਆਂ ਰਹੀਆਂ ਹਨ ਪਰ ਅੱਜ ਦੋਵਾਂ ਨੇ ਚੁੱਪ ਹੀ ਧਾਰਨ ਕੀਤੀ ਰੱਖੀ।

ਪੈਂਡਿੰਗ ਰੱਖੇ ਗਏ ਪ੍ਰਸਤਾਵ
-ਬਸਤੀ ਪੀਰਦਾਦ ’ਚ 8 ਏਕੜ ਤੋਂ ਵੱਧ ਜ਼ਮੀਨ ਖਰੀਦਣ ਦੇ ਪ੍ਰਸਤਾਵ ’ਤੇ ਕਾਨੂੰਨੀ ਮਾਹਿਰਾਂ ਦੀ ਰਾਏ ਲਈ ਜਾਵੇਗੀ।
- ਪੁਰਾਣੀ ਸਵੀਪਿੰਗ ਮਸ਼ੀਨ ਸਬੰਧੀ ਠੇਕੇ ਨੂੰ ਲੈ ਕੇ ਚੱਲ ਰਹੀ ਆਰਬੀਟਰੇਸ਼ਨ ਦੀ ਫੀਸ ਦੇ ਮਾਮਲੇ ’ਚ ਜੁਆਇੰਟ ਕਮਿਸ਼ਨਰ ਜਾਂਚ ਕਰੇਗੀ ਅਤੇ ਇਕ ਹਫਤੇ ’ਚ ਰਿਪੋਰਟ ਦੇਵੇਗੀ।
- ਪੋਕਲੇਨ ਮਸ਼ੀਨ ਹਾਇਰ ਕਰਨ ਦਾ ਪ੍ਰਸਤਾਵ ਪੈਂਡਿੰਗ ਰੱਖਿਆ ਗਿਆ ਸੀ।
-ਦਕੋਹਾ ਪਿੰਡ ਦੀ ਇਕ ਸੁਸਾਇਟੀ ਨੂੰ 3 ਕਨਾਲ ਜ਼ਮੀਨ 99 ਸਾਲਾਂ ਲਈ ਲੀਜ਼ ’ਤੇ ਦੇਣ ਸੰਬੰਧੀ ਪ੍ਰਸਤਾਵ ’ਤੇ ਰੇਰੂ, ਰੋਨੀ ਅਤੇ ਜਸਲੀਨ ਸੇਠੀ ਆਦਿ ਨੇ ਵਿਰੋਧ ਦਰਜ ਕਰਵਾਇਆ ਜਦਕਿ ਜਗਦੀਸ਼ ਦਕੋਹਾ ਪ੍ਰਸਤਾਵ ਦੇ ਸਮਰਥਨ ’ਚ ਰਹੇ। ਵਿਰੋਧ ਤੋਂ ਬਾਅਦ ਪ੍ਰਸਤਾਵ ਪੈਂਡਿੰਗ ਰੱਖ ਲਿਆ ਗਿਆ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News