ਸ਼ਹਿਰ ਵਿਚ 1 ਲੱਖ ਘਰਾਂ ’ਚ ਲੱਗੇ ਹਨ ਨਾਜਾਇਜ਼ ਵਾਟਰ ਕੁਨੈਕਸ਼ਨ

03/07/2020 11:24:38 AM

ਜਲੰਧਰ (ਖੁਰਾਣਾ)— ਨਗਰ ਨਿਗਮ ਜਲੰਧਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਵਾਂਗ ਉਸ ਦੀ ਆਰਥਿਕ ਸਥਿਤੀ ਵੀ ਡਾਵਾਂਡੋਲ ਹੈ। ਕਈ ਵਾਰ ਅਜਿਹੇ ਹਾਲਾਤ ਬਣੇ ਕਿ ਨਿਗਮ ਕੋਲ ਤਨਖਾਹ ਤੱਕ ਦੇਣ ਲਈ ਪੈਸੇ ਨਹੀਂ ਸਨ। ਵਿਕਾਸ ਕੰਮਾਂ ਲਈ ਵੀ ਨਿਗਮ ਪੰਜਾਬ ਸਰਕਾਰ ਵੱਲ ਤੱਕਦਾ ਰਹਿੰਦਾ ਹੈ। ਅਜਿਹੇ ਵਿਚ ਨਿਗਮ ਨੂੰ ਆਪਣੇ ਜ਼ਿਆਦਾਤਰ ਕੰਮ ਸਮਾਰਟ ਸਿਟੀ ਦੇ ਪੈਸਿਆਂ ਨਾਲ ਕਰਵਾਉਣੇ ਪੈ ਰਹੇ ਹਨ।

ਨਿਗਮ ਦੇ ਜਿਹੋ ਜਿਹੇ ਹਾਲਾਤ ਹਨ, ਉਸ ਤੋਂ ਲੱਗਦਾ ਹੈ ਕਿ ਜਲੰਧਰ ਨਗਰ ਨਿਗਮ ਕਦੇ ਆਪਣੇ ਪੈਰਾਂ ’ਤੇ ਖੜ੍ਹਾ ਹੋ ਹੀ ਨਹੀਂ ਸਕਦਾ। ਨਿਗਮ ਦਾ ਵਾਟਰ ਸਪਲਾਈ ਵਿਭਾਗ ਕਿਸੇ ਵੀ ਸ਼ਹਿਰ ਦੀ ਆਮਦਨ ਦਾ ਮੁੱਖ ਵਸੀਲਾ ਹੁੰਦਾ ਹੈ ਪਰ ਜਲੰਧਰ ਵਿਚ ਹਾਲਾਤ ਇਹ ਹਨ ਕਿ ਇਸ ਸ਼ਹਿਰ ਦੇ ਕਰੀਬ 1 ਲੱਖ ਘਰਾਂ ਅਤੇ ਹੋਰ ਸੰਸਥਾਵਾਂ ਆਦਿ ਵਿਚ ਨਾਜਾਇਜ਼ ਵਾਟਰ ਕੁਨੈਕਸ਼ਨ ਲੱਗੇ ਹੋਏ ਹਨ, ਜਿਨ੍ਹਾਂ ਦਾ ਕੋਈ ਬਿੱਲ ਨਹੀਂ ਲਿਆ ਜਾਂਦਾ। ਨਿਗਮ ਰਿਕਾਰਡ ਦੀ ਗੱਲ ਕਰੀਏ ਤਾਂ ਨਿਗਮ ਜਲੰਧਰ ਸ਼ਹਿਰ ਵਿਚ ਕੁੱਲ 80 ਹਜ਼ਾਰ ਦੇ ਕਰੀਬ ਲੋਕਾਂ ਨੂੰ ਪਾਣੀ ਦੇ ਬਿੱਲ ਭੇਜਦਾ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਵੀ ਅੱਧੇ ਭਾਵ 40 ਹਜ਼ਾਰ ਦੇ ਕਰੀਬ ਲੋਕ ਪਾਣੀ ਦੇ ਬਿੱਲ ਨਹੀਂ ਭਰਦੇ। ਜਿਸ ਸ਼ਹਿਰ ਵਿਚ ਅਜਿਹੇ ਹਾਲਾਤ ਹੋਣ, ਉਸ ਸ਼ਹਿਰ ਵਿਚ ਵਿਕਾਸ ਅਤੇ ਸਹੂਲਤਾਂ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ।

ਹਾਲ ਹੀ ’ਚ ਵਧੇ ਹਜ਼ਾਰਾਂ ਜਾਇਜ਼ ਕੁਨੈਕਸ਼ਨ

ਕਰੀਬ 2 ਸਾਲ ਪਹਿਲਾਂ ਨਿਗਮ ਦੇ ਵਾਟਰ ਸਪਲਾਈ ਵਿਭਾਗ ਵਿਚ ਸੁਪਰਿੰਟੈਂਡੈਂਟ ਦੇ ਤੌਰ ’ਤੇ ਮਨੀਸ਼ ਦੁੱਗਲ ਦੀ ਤਾਇਨਾਤੀ ਕੀਤੀ ਗਈ ਸੀ, ਜਿਨ੍ਹਾਂ ਦੀ ਕਾਰਜਕੁਸ਼ਲਤਾ ਦੀ ਚਰਚਾ ਅੱਜ ਪੂਰੇ ਨਿਗਮ ਅਤੇ ਸ਼ਹਿਰ ਵਿਚ ਹੈ। ਉਨ੍ਹਾਂ ਦੀ ਤਾਇਨਾਤੀ ਤੋਂ ਪਹਿਲਾਂ 2017-18 ਵਿਚ ਨਿਗਮ ਵਲੋਂ ਪਾਸ ਵਾਟਰ ਕੁਨੈਕਸ਼ਨਾਂ ਦੀ ਗਿਣਤੀ 33504 ਸੀ, ਜੋ 2019-19 ਵਿਚ ਵਧ ਕੇ 33232 ਹੋ ਗਈ। ਇਸ ਸਾਲ ਇਹ 40 ਹਜ਼ਾਰ ਦੇ ਕਰੀਬ ਪਹੁੰਚਣ ਦੀ ਸੰਭਾਵਨਾ ਹੈ। ਨਿਗਮ ਨੇ ਪਿਛਲੇ ਸਾਲ ਮਾਰਚ ਦੇ ਪਹਿਲੇ ਹਫਤੇ ਤੱਕ 18.79 ਕਰੋੜ ਰੁਪਏ ਵਾਟਰ ਟੈਕਸ ਇਕੱਠਾ ਕੀਤਾ ਸੀ, ਜੋ ਇਸ ਸਾਲ 2 ਕਰੋੜ ਵਧ ਚੁੱਕਾ ਹੈ।

ਸਿਆਸੀ ਬਿਆਨਾਂ ਕਾਰਣ ਰੈਵੇਨਿਊ ਪੱਛੜਿਆ

ਸਾਰੀਆਂ ਪਾਰਟੀਆਂ ਨਾਲ ਸਬੰਧਤ ਆਗੂਆਂ ਦੇ ਬਿਆਨਾਂ ਕਾਰਣ ਨਗਰ ਨਿਗਮ ਦਾ ਰੈਵੇਨਿਊ ਪ੍ਰਭਾਵਿਤ ਹੁੰਦਾ ਆਇਆ ਹੈ ਅਤੇ ਵਾਟਰ ਟੈਕਸ ਦੇ ਮਾਮਲੇ ਵਿਚ ਨਿਗਮ ਕਾਫੀ ਪੱਛੜ ਗਿਆ ਹੈ। ਰਾਜਨੀਤਕ ਲੋਕ ਪਾਣੀ ਦੇ ਮਾਮਲੇ ਵਿਚ ਲੋਕਾਂ ’ਤੇ ਸਖ਼ਤੀ ਨਹੀਂ ਹੋਣ ਦਿੰਦੇ ਅਤੇ ਜ਼ਿਆਦਾਤਰ ਵਰਗਾਂ ਨੂੰ ਬਿੱਲ ਮੁਆਫੀ ਦਾ ਐਲਾਨ ਕਰਦੇ ਰਹਿੰਦੇ ਹਨ। ਇਸ ਵਾਰ ਵੀ ਜੋ ਵਨ ਟਾਈਮ ਸੈਟਲਮੈਂਟ ਪਾਲਿਸੀ ਆਈ ਹੈ, ਉਸ ਦਾ ਲਾਭ ਜ਼ਿਆਦਾਤਰ ਲੋਕ ਨਹੀਂ ਉਠਾ ਰਹੇ ਕਿਉਂਕਿ ਉਨ੍ਹਾਂ ਦੇ ਪਿਛਲੇ ਬਕਾਏ ਹੀ ਕਾਫੀ ਜ਼ਿਆਦਾ ਹਨ। ਕਾਂਗਰਸੀ ਆਗੂ ਇਨ੍ਹੀਂ ਦਿਨੀਂ ਪ੍ਰਚਾਰ ਕਰ ਰਹੇ ਹਨ ਕਿ ਪਿਛਲੇ ਬਕਾਇਆ ਨੂੰ ਮੁਆਫ ਕਰਵਾ ਕੇ ਅਤੇ ਥੋੜ੍ਹੇ-ਬਹੁਤੇ ਚਾਰਜ ਲੈ ਕੇ ਮੌਜੂਦਾ ਬਿੱਲਾਂ ਦੀ ਵਸੂਲੀ ਸ਼ੁਰੂ ਕਰਵਾਈ ਜਾਵੇਗੀ। ਸਰਕਾਰ ਅਜਿਹੀ ਕੋਈ ਪਾਲਿਸੀ ਕੱਢ ਨਹੀਂ ਰਹੀ, ਜਿਸ ਕਾਰਣ ਨਿਗਮ ਦੀ ਆਮਦਨ ਪ੍ਰਭਾਵਿਤ ਹੁੰਦੀ ਜਾ ਰਹੀ ਹੈ।

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਦਾ ਖੌਫ, ਜਲੰਧਰ 'ਚ ਸਿਹਤ ਵਿਭਾਗ ਨੇ ਲਏ 3 ਸ਼ੱਕੀ ਮਰੀਜ਼ਾਂ ਦੇ ਸੈਂਪਲ


shivani attri

Content Editor

Related News