ਪੁਲਸ ਬੈਰੀਕੇਡਜ਼ ਦੀ ਆੜ ’ਚ ਲੱਗੇ ਨਾਜਾਇਜ਼ ਇਸ਼ਤਿਹਾਰਾਂ ’ਤੇ ਜਲੰਧਰ ਨਿਗਮ ਦਾ ਵੱਡਾ ਐਕਸ਼ਨ

08/28/2021 11:04:32 AM

ਜਲੰਧਰ (ਖੁਰਾਣਾ)–ਨਗਰ ਨਿਗਮ ਦੇ ਕੌਂਸਲਰ ਹਾਊਸ ਨੇ ਅੱਜ ਤੋਂ ਲਗਭਗ 6 ਮਹੀਨੇ ਪਹਿਲਾਂ ਸ਼ਹਿਰ ਵਿਚ ਲੱਗੇ ਨਾਜਾਇਜ਼ ਇਸ਼ਤਿਹਾਰਾਂ ਨੂੰ ਲੈ ਕੇ ਨਗਰ ਨਿਗਮ ਅਧਿਕਾਰੀਆਂ ’ਤੇ ਕਈ ਤਰ੍ਹਾਂ ਦੇ ਦੋਸ਼ ਲਾਏ ਸਨ ਪਰ ਹਾਊਸ ਵਿਚ ਪਾਸ ਪ੍ਰਸਤਾਵ ਨੇ ਵਿਵਾਦ ਦਾ ਰੂਪ ਧਾਰਨ ਕਰ ਲਿਆ, ਜਿਸ ਤੋਂ ਬਾਅਦ ਜਲੰਧਰ ਵਿਚ ਜਨਪ੍ਰਤੀਨਿਧੀਆਂ ਅਤੇ ਅਫਸਰਸ਼ਾਹੀ ਵਿਚਕਾਰ ਟਕਰਾਅ ਦੀ ਨੌਬਤ ਤੱਕ ਆ ਗਈ।
ਸ਼ੁੱਕਰਵਾਰ ਨਗਰ ਨਿਗਮ ਦੀ ਅਫ਼ਸਰਸ਼ਾਹੀ ਨੇ ਅਚਾਨਕ ਸਰਗਰਮ ਹੋ ਕੇ ਪੁਲਸ ਬੈਰੀਕੇਡਜ਼ ਦੀ ਆੜ ਵਿਚ ਲੱਗੇ ਨਾਜਾਇਜ਼ ਇਸ਼ਤਿਹਾਰਾਂ ’ਤੇ ਵੱਡਾ ਐਕਸ਼ਨ ਕੀਤਾ ਹੈ। ਤਹਿਬਾਜ਼ਾਰੀ ਅਤੇ ਇਸ਼ਤਿਹਾਰ ਸ਼ਾਖਾ ਦੇ ਸੁਪਰਡੈਂਟ ਮਨਦੀਪ ਸਿੰਘ ਮਿੱਠੂ ਦੀ ਅਗਵਾਈ ਵਿਚ ਚੱਲੀ ਇਸ ਮੁਹਿੰਮ ਦੀ ਸ਼ੁਰੂਆਤ ਮਾਡਲ ਟਾਊਨ ਮਾਰਕੀਟ ਤੋਂ ਕੀਤੀ ਗਈ, ਜਿੱਥੇ ਸ਼ਿਵਾਨੀ ਪਾਰਕ ਨੇੜੇ ਵੱਡੀ ਗਿਣਤੀ ਵਿਚ ਪਏ ਬੈਰੀਕੇਡਜ਼ ਤੋਂ ਇਸ਼ਤਿਹਾਰਾਂ ਨੂੰ ਮਿਟਾ ਦਿੱਤਾ ਗਿਆ।

ਜਿਉਂ ਹੀ ਨਿਗਮ ਕਰਮਚਾਰੀਆਂ ਨੇ ਸ਼ਿਵਾਨੀ ਪਾਰਕ ਨੇੜੇ ਪਏ ਬੈਰੀਕੇਡਜ਼ ’ਤੇ ਲੱਗੇ ਇਸ਼ਤਿਹਾਰਾਂ ’ਤੇ ਕਾਲਾ ਪੇਂਟ ਸਪਰੇਅ ਕਰਨਾ ਸ਼ੁਰੂ ਕੀਤਾ, ਮਾਰਕੀਟ ਦੇ ਦੁਕਾਨਦਾਰਾਂ ਨੇ ਇਸ ਦੀ ਸੂਚਨਾ ਸ਼ਿਵਾਨੀ ਪਾਰਕ ਨੂੰ ਸੰਚਾਲਿਤ ਕਰ ਰਹੀ ਫਰਮ ਐੱਚ. ਆਰ. ਟੂਲਜ਼ ਦੇ ਪਾਰਟਨਰ ਨਰੇਸ਼ ਸ਼ਰਮਾ ਨੂੰ ਦਿੱਤੀ, ਜਿਨ੍ਹਾਂ ਮੌਕੇ ’ਤੇ ਪਹੁੰਚ ਕੇ ਮਹਿਕਮੇ ਦੀ ਇਸ ਕਾਰਵਾਈ ਨੂੰ ਨਿੰਦਣਯੋਗ ਦੱਸਿਆ। ਮੌਕੇ ’ਤੇ ਪਹੁੰਚੀ ਮਾਡਲ ਟਾਊਨ ਵਾਰਡ ਦੀ ਕਾਂਗਰਸੀ ਕੌਂਸਲਰ ਅਰੁਣਾ ਅਰੋੜਾ ਨੇ ਵੀ ਇਸ ਕਾਰਵਾਈ ਦਾ ਵਿਰੋਧ ਕੀਤਾ।

ਇਹ ਵੀ ਪੜ੍ਹੋ: ਜਲੰਧਰ: ਪੁਲਸ ਕਮਿਸ਼ਨਰ ਦਾ ਅਹੁਦਾ ਸੰਭਾਲਣ ਮਗਰੋਂ ਐਕਸ਼ਨ 'ਚ ਡਾ. ਸੁਖਚੈਨ ਗਿੱਲ, ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼

ਬੈਰੀਕੇਡਜ਼ ’ਤੇ ਇਸ਼ਤਿਹਾਰਬਾਜ਼ੀ ਹੋ ਹੀ ਨਹੀਂ ਸਕਦੀ : ਮਨਦੀਪ ਸਿੰਘ
ਇਸ ਕਾਰਵਾਈ ਦੀ ਅਗਵਾਈ ਕਰ ਰਹੇ ਨਿਗਮ ਦੇ ਸੁਪਰਡੈਂਟ ਮਨਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਇਸ਼ਤਿਹਾਰ ਪਾਲਿਸੀ ਅਨੁਸਾਰ ਬੈਰੀਕੇਡਜ਼ ’ਤੇ ਇਸ਼ਤਿਹਾਰਬਾਜ਼ੀ ਕੀਤੀ ਹੀ ਨਹੀਂ ਜਾ ਸਕਦੀ ਪਰ ਫਿਰ ਵੀ ਸ਼ਹਿਰ ਦੀਆਂ ਅਜਿਹੀਆਂ 35 ਕੰਪਨੀਆਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਪੁਲਸ ਬੈਰੀਕੇਡਜ਼ ’ਤੇ ਆਪਣੇ ਇਸ਼ਤਿਹਾਰ ਲਾਏ ਹੋਏ ਹਨ। ਇਨ੍ਹਾਂ ਸਾਰਿਆਂ ਤੋਂ ਇਸ਼ਤਿਹਾਰ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਇਸ ਤਹਿਤ ਸਕਾਈਲਾਰਕ ਚੌਂਕ, ਫੁੱਟਬਾਲ ਚੌਕ ਅਤੇ ਹੋਰ ਥਾਵਾਂ ’ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ।
ਮਨਦੀਪ ਸਿੰਘ ਨੇ ਇਸ ਮਾਮਲੇ ਵਿਚ ਪੁਲਸ ਕਮਿਸ਼ਨਰ ਨਾਲ ਹੋਏ ਚਿੱਠੀ-ਪੱਤਰ ਨੂੰ ਵੀ ਜਨਤਕ ਕੀਤਾ, ਜਿਸ ਵਿਚ ਸੀ. ਪੀ. ਨੇ ਨਿਗਮ ਕਮਿਸ਼ਨਰ ਨੂੰ ਸਾਫ਼ ਲਿਖਿਆ ਹੈ ਕਿ ਉਨ੍ਹਾਂ ਪੁਲਸ ਬੈਰੀਕੇਡਜ਼ ’ਤੇ ਇਸ਼ਤਿਹਾਰ ਲਾਉਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਨਿਗਮ ਇਨ੍ਹਾਂ ਇਸ਼ਤਿਹਾਰਾਂ ਤੋਂ 50 ਰੁਪਏ ਪ੍ਰਤੀ ਵਰਗ ਫੁੱਟ ਰੋਜ਼ਾਨਾ ਦੇ ਹਿਸਾਬ ਨਾਲ ਚਾਰਜ ਵੀ ਕਰੇ ਤਾਂ ਇਕ ਬੈਰੀਕੇਡ ’ਤੇ ਰੋਜ਼ਾਨਾ ਹਜ਼ਾਰ ਰੁਪਏ ਤੋਂ ਵੱਧ ਫ਼ੀਸ ਬਣਦੀ ਹੈ।

ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ਲਈ ਸੁਖਬੀਰ ਨੇ ਬਾਘਾਪੁਰਾਣਾ ਤੋਂ ਤੀਰਥ ਸਿੰਘ ਮਾਹਲਾ ਨੂੰ ਐਲਾਨਿਆ ਉਮੀਦਵਾਰ

ਕਾਰਵਾਈ ਤੋਂ ਪਹਿਲਾਂ ਕੌਂਸਲਰ ਨੂੰ ਸੂਚਿਤ ਕਰਨਾ ਚਾਹੀਦੈ : ਅਰੁਣਾ ਅਰੋੜਾ
ਮਾਡਲ ਟਾਊਨ ਵਾਰਡ ਦੀ ਕੌਂਸਲਰ ਅਰੁਣਾ ਅਰੋੜਾ ਨੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਨਿਗਮ ਨੂੰ ਅਜਿਹੀ ਕਾਰਵਾਈ ਕਰਨ ਤੋਂ ਪਹਿਲਾਂ ਇਲਾਕਾ ਕੌਂਸਲਰ ਨੂੰ ਭਰੋਸੇ ਵਿਚ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਐੱਚ. ਆਰ. ਗਰੁੱਪ ਨੇ ਆਪਣੇ ਸ਼ਹਿਰ ਦੇ ਸੁੰਦਰੀਕਰਨ ਨੂੰ ਵਧਾਉਣ ਵਿਚ ਭਰਪੂਰ ਸਹਿਯੋਗ ਦਿੱਤਾ ਹੈ। ਲਗਭਗ 10 ਸਾਲ ਪਹਿਲਾਂ ਸ਼ਿਵਾਨੀ ਪਾਰਕ ਨੂੰ ਉਨ੍ਹਾਂ 25 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਅਤੇ ਸਾਲਾਂ ਤੋਂ ਉਹ ਇਸ ਵੱਡੇ ਪਾਰਕ ਨੂੰ ਇਕੱਲੇ ਮੇਨਟੇਨ ਕਰ ਰਹੇ ਹਨ, ਨਿਗਮ ਕੋਲੋਂ ਇਕ ਰੁਪਿਆ ਵੀ ਚਾਰਜ ਨਹੀਂ ਕੀਤਾ ਜਾਂਦਾ। ਨਿਗਮ ਨੂੰ ਇਸ ਮਾਮਲੇ ਵਿਚ ਨੋਟਿਸ ਆਦਿ ਕੱਢ ਕੇ ਦੂਜੇ ਦਾ ਪੱਖ ਵੀ ਸੁਣਨਾ ਚਾਹੀਦਾ ਹੈ ਅਤੇ ਕੌਂਸਲਰ ਨੂੰ ਭਰੋਸੇ ਵਿਚ ਲਿਆ ਜਾਂਦਾ ਤਾਂ ਕਿ ਵਿਵਾਦ ਪੈਦਾ ਹੋਣ ਦੀ ਸੂਰਤ ਵਿਚ ਕੌਂਸਲਰ ਕੋਈ ਹੱਲ ਕੱਢਦੇ।

ਇਹ ਵੀ ਪੜ੍ਹੋ: ਜਲੰਧਰ: ਰੱਖੜੀ ਵਾਲੇ ਦਿਨ ਤੋਂ ਲਾਪਤਾ ਨੌਜਵਾਨ ਦੀ ਮਿਲੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ

ਬ੍ਰਾਂਡ ’ਤੇ ਕਾਲਾ ਪੇਂਟ ਲਾਉਣਾ ਸਹੀ ਨਹੀਂ : ਨਰੇਸ਼ ਸ਼ਰਮਾ
ਇਸ ਮਾਮਲੇ ਵਿਚ ਐੱਚ. ਆਰ. ਗਰੁੱਪ ਦੇ ਪਾਰਟਨਰ ਨਰੇਸ਼ ਸ਼ਰਮਾ ਨੇ ਵੀ ਨਿਗਮ ਦੀ ਕਾਰਜਪ੍ਰਣਾਲੀ ਪ੍ਰਤੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜਿਹੜੀ ਕੰਪਨੀ ਪਿਛਲੇ ਕਈ ਸਾਲਾਂ ਤੋਂ ਨਿਗਮ ਨੂੰ ਸਹਿਯੋਗ ਦੇ ਰਹੀ ਹੈ, ਉਸ ਦੇ ਬ੍ਰਾਂਡ ’ਤੇ ਇਕਦਮ ਅਤੇ ਬਿਨਾਂ ਕੋਈ ਨੋਟਿਸ ਜਾਂ ਅਗਾਊਂ ਸੂਚਨਾ ਦਿੱਤੇ ਕਾਲਾ ਪੇਂਟ ਲਾ ਦੇਣਾ ਬਿਲਕੁਲ ਸਹੀ ਨਹੀਂ ਕਿਹਾ ਜਾ ਸਕਦਾ ਅਤੇ ਇਹ ਘਟਨਾ ਦੁਖ਼ਦਾਈ ਹੈ। ਪਤਾ ਨਹੀਂ ਨਿਗਮ ਅਧਿਕਾਰੀਆਂ ਦੀ ਮਨਸ਼ਾ ਕੀ ਸੀ, ਜੋ ਉਨ੍ਹਾਂ ਇਥੇ ਆ ਕੇ ਪੁਲਸ ਬੈਰੀਕੇਡਜ਼ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਮਾਰਕੀਟ ਦੇ ਟਰੈਫਿਕ ਨੂੰ ਸੰਚਾਲਿਤ ਕਰਨ ਲਈ ਪੁਲਸ ਦੀ ਮਦਦ ਕਰਨ ਕਾਰਨ ਉਨ੍ਹਾਂ ਇਹ ਬੈਰੀਕੇਡ ਬਣਵਾ ਕੇ ਦਿੱਤੇ ਸਨ। ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਬਾਵਜੂਦ ਉਹ ਸ਼ਹਿਰ ਦੇ ਸੁੰਦਰੀਕਰਨ ਵਿਚ ਆਪਣਾ ਸਹਿਯੋਗ ਅਤੇ ਯੋਗਦਾਨ ਜਾਰੀ ਰੱਖਣਗੇ।

ਇਹ ਵੀ ਪੜ੍ਹੋ: ਬੇਰੁਜ਼ਗਾਰ ਨੌਜਵਾਨਾਂ ਲਈ ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, ਸ਼ੁਰੂ ਹੋਵੇਗੀ ਇਹ ਨਵੀਂ ਸਕੀਮ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News