ਨਿਗਮ ਦੇ ਸੁਪਰਡੈਂਟ ਮਨਦੀਪ ਮਿੱਠੂ ਨੇ ਕਾਂਗਰਸੀ ਕੌਂਸਲਰ ਨੀਰਜਾ ਜੈਨ ’ਤੇ ਕੀਤਾ ਮਾਣਹਾਨੀ ਦਾ ਦਾਅਵਾ

Thursday, Feb 25, 2021 - 10:21 AM (IST)

ਨਿਗਮ ਦੇ ਸੁਪਰਡੈਂਟ ਮਨਦੀਪ ਮਿੱਠੂ ਨੇ ਕਾਂਗਰਸੀ ਕੌਂਸਲਰ ਨੀਰਜਾ ਜੈਨ ’ਤੇ ਕੀਤਾ ਮਾਣਹਾਨੀ ਦਾ ਦਾਅਵਾ

ਜਲੰਧਰ (ਖੁਰਾਣਾ)– ਨਗਰ ਨਿਗਮ ਦੀ ਤਹਿਬਾਜ਼ਾਰੀ ਅਤੇ ਇਸ਼ਤਿਹਾਰ ਬ੍ਰਾਂਚ ਦੇ ਸੁਪਰਿੰਟੈਂਡੈਂਟ ਮਨਦੀਪ ਸਿੰਘ ਮਿੱਠੂ ਨੇ ਕਾਂਗਰਸੀ ਕੌਂਸਲਰ ਨੀਰਜਾ ਜੈਨ ’ਤੇ ਸਥਾਨਕ ਅਦਾਲਤ ਵਿਚ ਮਾਣਹਾਨੀ ਦਾ ਦਾਅਵਾ ਠੋਕ ਦਿੱਤਾ ਹੈ। ਇਹ ਕੇਸ ਸਿਵਲ ਜੱਜ (ਜੂਨੀਅਰ ਡਿਵੀਜ਼ਨ) ਜਲੰਧਰ ਦੀ ਅਦਾਲਤ ਵਿਚ ਲੱਗਿਆ ਹੈ ਅਤੇ ਮਾਮਲੇ ’ਤੇ ਅਗਲੀ ਸੁਣਵਾਈ 4 ਮਾਰਚ ਨੂੰ ਹੋਵੇਗੀ, ਜਿਸ ਲਈ ਕੌਂਸਲਰ ਨੀਰਜਾ ਜੈਨ ਨੂੰ ਅਦਾਲਤ ਵੱਲੋਂ ਸੰਮਨ ਵੀ ਭੇਜ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਅਦਾਲਤ ਵਿਚ ਦਸਤਾਵੇਜ਼ਾਂ ਨਾਲ ਪੇਸ਼ ਹੋਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ: ਗਰਲਫਰੈਂਡ ਨੂੰ ਲੈ ਕੇ ਗੈਸਟ ਹਾਊਸ ਪੁੱਜਾ ਪਤੀ, ਮੌਕੇ ’ਤੇ ਪਤਨੀ ਨੇ ਰੰਗੇ ਹੱਥੀਂ ਫੜ੍ਹ ਕੀਤਾ ਇਹ ਕਾਰਾ

ਵਿਗਿਆਪਨ ਐਡਹਾਕ ਕਮੇਟੀ ਦੀ ਚੇਅਰਪਰਸਨ ਵੀ ਹੈ ਨੀਰਜਾ
ਜ਼ਿਕਰਯੋਗ ਹੈ ਕਿ ਕੌਂਸਲਰ ਨੀਰਜਾ ਜੈਨ ਨੂੰ ਮੇਅਰ ਜਗਦੀਸ਼ ਰਾਜਾ ਨੇ ਪਿਛਲੇ ਸਾਲ ਐਡਵਰਟਾਈਜ਼ਮੈਂਟ ਮਾਮਲਿਆਂ ਸਬੰਧੀ ਐਡਹਾਕ ਕਮੇਟੀ ਦੀ ਚੇਅਰਪਰਸਨ ਬਣਾਇਆ ਸੀ। ਕਮੇਟੀ ਦੀਆਂ ਮੀਟਿੰਗਾਂ ਦੌਰਾਨ ਵੀ ਕੌਂਸਲਰਾਂ ਅਤੇ ਨਿਗਮ ਅਧਿਕਾਰੀਆਂ ਵਿਚਕਾਰ ਟਕਰਾਅ ਦਾ ਦੌਰ ਚੱਲਿਆ ਸੀ, ਜਿਸ ਤੋਂ ਬਾਅਦ ਕਮੇਟੀ ਨੇ ਇਸ ਦੀ ਸ਼ਿਕਾਇਤ ਮੇਅਰ ਨੂੰ ਵੀ ਕੀਤੀ ਸੀ, ਉਦੋਂ ਮੇਅਰ ਰਾਜਾ ਨੇ ਕਮੇਟੀ ਦੀ ਸਲਾਹ ’ਤੇ ਇਸ਼ਤਿਹਾਰਾਂ ਸਬੰਧੀ ਸਾਰਾ ਮਾਮਲਾ ਆਪਣੇ ਹੱਥ ਵਿਚ ਲੈ ਕੇ ਇਸ ਮਾਮਲੇ ’ਤੇ ਕੌਂਸਲਰ ਹਾਊਸ ਦੀ ਇਕ ਵਿਸ਼ੇਸ਼ ਮੀਟਿੰਗ ਬੁਲਾਈ।

ਇਹ ਵੀ ਪੜ੍ਹੋ:ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜਲੰਧਰ ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ

ਇਸ ਮੀਟਿੰਗ ਵਿਚ 4 ਸਾਲ ਪਹਿਲਾਂ ਹੋਏ ਐਡਵਰਟਾਈਜ਼ਮੈਂਟ ਕਾਂਟਰੈਕਟ ਨੂੰ ਇਕ ਘਪਲਾ ਦੱਸ ਕੇ ਸਾਬਕਾ ਅਤੇ ਮੌਜੂਦਾ ਨਿਗਮ ਅਧਿਕਾਰੀਆਂ ’ਤੇ ਕਾਰਵਾਈ ਦੀ ਮੰਗ ਕੀਤੀ ਗਈ। ਹਾਊਸ ਦੀ ਮੀਟਿੰਗ ਵਿਚ ਜਿਥੇ ਹੋਰ ਕੌਂਸਲਰਾਂ ਨੇ ਪ੍ਰਸਤਾਵ ਪਾਏ ਸਨ, ਉਥੇ ਹੀ ਇਸ਼ਤਿਹਾਰ ਮਾਮਲਿਆਂ ਸਬੰਧੀ ਕਮੇਟੀ ਦੀ ਚੇਅਰਪਰਸਨ ਨੀਰਜਾ ਜੈਨ ਵੱਲੋਂ ਵੀ ਮੇਨ ਪ੍ਰਸਤਾਵ ਪਾਇਆ ਗਿਆ ਸੀ, ਜਿਸ ਵਿਚ ਉਕਤ ਮਾਮਲਿਆਂ ’ਚ ਭ੍ਰਿਸ਼ਟਾਚਾਰ ਅਤੇ ਲਾਪ੍ਰਵਾਹੀ ਦੇ ਦੋਸ਼ ਲਗਾਏ ਗਏ ਸਨ। ਸੰਭਵ ਹੈ ਕਿ ਇਨ੍ਹਾਂ ਹੀ ਦੋਸ਼ਾਂ ਨੂੰ ਆਧਾਰ ਬਣਾ ਕੇ ਮਾਣਹਾਨੀ ਦਾ ਇਹ ਕੇਸ ਦਾਇਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਆਦਮਖੋਰ ਚੋਰ ਦਾ ਕਾਰਾ, ਦੰਦਾਂ ਨਾਲ ਵੱਢ ਦਿੱਤਾ ਏ. ਐੱਸ. ਆਈ. ਦਾ ਕੰਨ

ਨਿਗਮ ਦੀ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਵੀ ਹਨ ਮਨਦੀਪ ਸਿੰਘ
ਸੁਪਰਿੰਟੈਂਡੈਂਟ ਮਨਦੀਪ ਸਿੰਘ ਮਿੱਠੂ ਨੇ ਜਿੱਥੇ ਇਸ਼ਤਿਹਾਰਾਂ ਦੇ ਪੁਰਾਣੇ ਕਾਂਟਰੈਕਟ ਨੂੰ ਲੈ ਕੇ ਲੱਗੇ ਦੋਸ਼ਾਂ ਦੇ ਆਧਾਰ ’ਤੇ ਕਮੇਟੀ ਦੀ ਚੇਅਰਪਰਸਨ ਵਿਰੁੱਧ ਅਦਾਲਤ ਵਿਚ ਮਾਣਹਾਨੀ ਦਾ ਦਾਅਵਾ ਕੀਤਾ ਹੈ, ਉਥੇ ਹੀ ਵਰਣਨਯੋਗ ਹੈ ਕਿ ਮਨਦੀਪ ਸਿੰਘ ਮਿੱਠੂ ਨਗਰ ਨਿਗਮ ਦੀ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਵੀ ਹਨ। ਉਨ੍ਹਾਂ ਨੇ ਪਿਛਲੇ ਦਿਨੀਂ ਯੂਨੀਅਨ ਦੀਆਂ 2 ਮੀਟਿੰਗਾਂ ਬੁਲਾ ਕੇ ਮੇਅਰ ਅਤੇ ਕੌਂਸਲਰਾਂ ਨੂੰ ਅਲਟੀਮੇਟਮ ਦਿੱਤਾ ਹੋਇਆ ਹੈ ਕਿ ਜੇ ਇਸ ਮਾਮਲੇ ਵਿਚ ਕਿਸੇ ਨਿਗਮ ਮੁਲਾਜ਼ਮ ’ਤੇ ਕੋਈ ਕਾਰਵਾਈ ਕੀਤੀ ਗਈ ਤਾਂ ਨਿਗਮ ਦਾ ਕੰਮਕਾਜ ਠੱਪ ਕਰ ਦਿੱਤਾ ਜਾਵੇਗਾ। ਹੁਣ ਦੇਖਣਾ ਇਹ ਹੈ ਕਿ ਨਗਰ ਨਿਗਮ ਵਿਚ ਇਹ ਟਕਰਾਅ ਦਾ ਦੌਰ ਕਿੰਨਾ ਲੰਮਾ ਚੱਲਦਾ ਹੈ ਅਤੇ ਕੀ ਦਿਲਚਸਪ ਮੋੜ ਲੈਂਦਾ ਹੈ?

ਇਹ ਵੀ ਪੜ੍ਹੋ :  ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਜਾਣ ਵਾਲੇ ਯਾਤਰੀਆਂ ਨੂੰ ਰਾਹਤ, ਜਲੰਧਰ ਸਿਟੀ ਤੋਂ ਜਾਵੇਗੀ ਹਫ਼ਤਾਵਾਰੀ ਟਰੇਨ


author

shivani attri

Content Editor

Related News