ਰੇਲਵੇ ਲਾਈਨ ਦੇ ਨੇੜਿਓਂ ਮੋਟਰਸਾਈਕਲ ਚੋਰੀ
Monday, Nov 26, 2018 - 02:17 AM (IST)

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਪਿੰਡ ਨੱਕੀਆਂ ਦੇ ਇਕ ਵਸਨੀਕ ਨੇ ਰੇਲਵੇ ਲਾਈਨ ਦੇ ਨੇੜਿਓਂ ਆਪਣੇ ਚੋਰੀ ਹੋਏ ਮੋਟਰਸਾਈਕਲ ਦੀ ਪੁਲਸ ਸਟੇਸ਼ਨ ਕੀਰਤਪੁਰ ਸਾਹਿਬ ਅਤੇ ਰੇਲਵੇ ਪੁਲਸ ਚੌਕੀ ਸ੍ਰੀ ਅਨੰਦਪੁਰ ਸਾਹਿਬ ਵਲੋਂ ਰਿਪੋਰਟ ਨਾ ਲਿਖਣ ਦਾ ਦੋਸ਼ ਲਾਇਆ ਹੈ।
ਇਸ ਸਬੰਧੀ ਗੁਰਮੇਲ ਸਿੰਘ ਪੁੱਤਰ ਰਾਮ ਲਾਲ ਵਾਸੀ ਪਿੰਡ ਨੱਕੀਆਂ ਥਾਣਾ ਕੀਰਤਪੁਰ ਸਾਹਿਬ ਨੇ ਪ੍ਰੈੱਸ ਨੂੰ ਲਿਖਤੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਨੱਕੀਆਂ ਰੇਲਵੇ ਲਾਈਨ ਪਾਰ ਕਰ ਕੇ ਉਸਦਾ ਘਰ ਹੈ। ਘਰ ਨੂੰ ਜਾਣ ਲਈ ਕੋਈ ਹੋਰ ਰਸਤਾ ਨਹੀਂ ਹੈ, ਇਸ ਲਈ ਦਿਨ ਦੇ ਸਮੇਂ ਅਸੀਂ ਆਪਣੇ ਘਰ ਜਾਣ ਲਈ ਰੇਲਵੇ ਲਾਈਨ ਦੇ ਨਜ਼ਦੀਕ ਆਪਣੇ ਦੋਪਹੀਆ ਵਾਹਨ ਖਡ਼੍ਹੇ ਕਰ ਦਿੰਦੇ ਹਾਂ। ਬੀਤੇ ਦਿਨ ਮੈਂ ਆਪਣਾ ਮੋਟਰਸਾਈਕਲ ਨੰਬਰ ਪੀ. ਬੀ. 12 ਐੱਸ. 2725 ਰੇਲਵੇ ਲਾਈਨ ਨਜ਼ਦੀਕ ਖਡ਼੍ਹਾ ਕਰ ਕੇ ਘਰ ਗਿਆ। ਜਦੋਂ ਮੈਂ ਸ਼ਾਮ ਕਰੀਬ 7 ਵਜੇ ਆਪਣਾ ਮੋਟਰਸਾਈਕਲ ਲੈਣ ਆਇਆ ਤਾਂ ਉੱਥੇ ਮੋਟਰਸਾਈਕਲ ਨਹੀਂ ਸੀ। ਮੋਟਰਸਾਈਕਲ ਦੀ ਮੈਂ ਆਲੇ-ਦੁਆਲੇ ਕਾਫੀ ਤਲਾਸ਼ ਕੀਤੀ ਪਰ ਉਹ ਨਹੀਂ ਮਿਲਿਆ। ਮੋਟਰਸਾਈਕਲ ਚੋਰੀ ਹੋਣ ਸਬੰਧੀ ਅੱਜ ਮੈਂ ਕੀਰਤਪੁਰ ਸਾਹਿਬ ਦੀ ਪੁਲਸ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਮੌਕਾ ਦੇਖ ਕੇ ਕਿਹਾ ਕਿ ਇਹ ਰੇਲਵੇ ਵਿਭਾਗ ਦੀ ਹਦੂਦ ਹੈ ਤੇ ਰੇਲਵੇ ਪੁਲਸ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ, ਜਿਸ ਕਾਰਨ ਇਹ ਰੇਲਵੇ ਪੁਲਸ ਦੀ ਕਾਰਵਾਈ ਕਰਨੀ ਬਣਦੀ ਹੈ। ਜਦੋਂ ਉਹ ਪਿੰਡ ਨੱਕੀਆਂ ਦੇ ਸਰਪੰਚ ਸੁਦਰਸ਼ਨ ਸ਼ਰਮਾ ਨੂੰ ਨਾਲ ਲੈ ਕੇ ਰੇਲਵੇ ਪੁਲਸ ਚੌਕੀ ਸ੍ਰੀ ਅਨੰਦਪੁਰ ਸਾਹਿਬ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਏਰੀਆ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ। ਇਸ ਲਈ ਮੋਟਰਸਾਈਕਲ ਚੋਰੀ ਹੋਣ ਦੀ ਰਿਪੋਰਟ ਥਾਣਾ ਕੀਰਤਪੁਰ ਸਾਹਿਬ ਵਿਖੇ ਲਿਖਵਾਓ। ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਚੋਰੀ ਹੋਣ ਦੀ ਰਿਪੋਰਟ ਕੋਈ ਵੀ ਲਿਖਣ ਲਈ ਤਿਆਰ ਨਹੀਂ ਅਤੇ ਜੇਕਰ ਚੋਰੀ ਹੋਏ ਮੋਟਰਸਾਈਕਲ ਨਾਲ ਕੋਈ ਵਾਰਦਾਤ ਕਰ ਦਿੰਦਾ ਹੈ ਤਾਂ ਇਸਦਾ ਕੌਣ ਜ਼ਿੰਮੇਵਾਰ ਹੋਵੇਗਾ?
ਇਸ ਬਾਰੇ ਜਦੋਂ ਜੀ. ਆਰ. ਪੀ. ਚੌਕੀ ਸ੍ਰੀ ਅਨੰਦਪੁਰ ਸਾਹਿਬ ਦੇ ਇੰਚਾਰਜ ਹੌਲਦਾਰ ਗੁਰਚਰਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਹ ਕੱਲ ਮੌਕਾ ਦੇਖ ਕੇ ਅਗਲੀ ਕਾਰਵਾਈ ਕਰਨਗੇ। ਦੂਸਰਾ ਰੇਲਵੇ ਲਾਈਨ ਉਪਰ ਜਾਂ ਇਸਦੇ ਨਾਲ ਕੋਈ ਵੀ ਵਿਅਕਤੀ ਆਪਣਾ ਵਾਹਨ ਖਡ਼੍ਹਾ ਨਹੀਂ ਕਰ ਸਕਦਾ। ਇਹ ਗੈਰ-ਕਾਨੂੰਨੀ ਹੈ ਤੇ ਲੋਕਾਂ ਨੂੰ ਆਪਣੇ ਵਾਹਨਾਂ ਦੀ ਆਪ ਸੰਭਾਲ ਰੱਖਣੀ ਚਾਹੀਦੀ ਹੈ।