ਜਲੰਧਰ ’ਚ ਮਨੀ ਐਕਸਚੇਂਜਰ ’ਚ ਹੋਈ ਲੁੱਟ ਦੀ ਵਾਰਦਾਤ ਪੁਲਸ ਵੱਲੋਂ ਟ੍ਰੇਸ

1/16/2021 5:47:43 PM

ਜਲੰਧਰ (ਵਰੁਣ)— ਬੱਸ ਸਟੈਂਡ ਨੇੜੇ ਅਰੋੜਾ ਮਨੀ ਐਕਸਚੇਂਜਰ ਦੇ ਮਾਲਕ ਰਾਕੇਸ਼ ਕੁਮਾਰ ਕੋਲੋਂ ਗੰਨ ਪੁਆਇੰਟ ’ਤੇ ਹੋਈ ਲੁੱਟ ਦੀ ਵਾਰਦਾਤ ਪੁਲਸ ਨੇ 24 ਘੰਟਿਆਂ ’ਚ ਟ੍ਰੇਸ ਕਰ ਲਈ ਹੈ। ਇਹ ਲੁੱਟ ਮਨੀ ਐਕਸਚੇਂਜਰ ’ਚ ਕੰਮ ਕਰਨ ਵਾਲੀ ਜਨਾਨੀ ਸਟਾਫ਼ ਦੀ ਮਿਲੀਭੁਗਤ ਨਾਲ ਹੋਈ ਸੀ ਜਦਕਿ ਪੁਲਸ ਨੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਦੋ ਲੁਟੇਰਿਆਂ ਨੂੰ ਵੀ ਗਿ੍ਰਫ਼ਤਾਰ ਕਰ ਲਿਆ ਹੈ। 

ਇਹ ਸਾਰਾ ਮਾਮਲਾ ਸੀ. ਆਈ. ਏ. ਸਟਾਫ਼-1 ਨੇ ਟ੍ਰੇਸ ਕੀਤਾ ਹੈ। ਲੁੱਟ ਤੋਂ ਬਾਅਦ ਤੋਂ ਹੀ ਸੀ.ਆਈ.ਏ. ਸਟਾਫ਼ ਦੀ ਟੀਮ ਸੀ. ਸੀ. ਟੀ. ਵੀ. ਫੁਟੇਜ਼ ਅਤੇ ਹਿਊਮਨ ਰਿਸੋਰਸੇਜ ਤੋਂ ਲੁਟੇਰਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਸੀ। ਬੈਂਕ ਤੋਂ ਪੈਸੇ ਲੈ ਕੇ ਆਉਣ ਵਾਲੀ ਸਟਾਫ਼ ਦੀ ਜਨਾਨੀ ਦੀ ਵੀ ਭੂਮਿਕਾ ਸ਼ੱਕੀ ਨਜ਼ਰ ਆ ਰਹੀ ਸੀ। ਸੂਤਰਾਂ ਦੀ ਮੰਨੀਏ ਤਾਂ ਪੁਲਸ ਨੇ ਲੁਟੇਰਿਆਂ ਕੋਲੋਂ 2.60 ਲੱਖ ਰੁਪਏ ਅਤੇ ਕੈਨੇਡੀਅਨ ਡਾਲਰ ਵੀ ਬਰਾਮਦ ਕਰ ਲਏ ਹਨ। ਜਲਦੀ ਹੀ ਪੁਲਸ ਇਸ ਸਾਰੇ ਮਾਮਲੇ ਨੂੰ ਜਨਤਕ ਕਰੇਗੀ। 

ਜਾਣੋ ਕੀ ਹੈ ਸਾਰਾ ਮਾਮਲਾ 
ਜ਼ਿਕਰਯੋਗ ਹੈ ਕਿ ਬੀਤੇ ਦਿਨ ਬੱਸ ਸਟੈਂਡ ਦੇ ਨੇੜੇ ਸਥਿਤ ਟੈਸਟ ਡਰਾਈਵਿੰਗ ਟਰੈਕ ਦੇ ਨਾਲ ਗਲੀ ’ਚ ਅਰੋੜਾ ਮਨੀ ਐਕਸਚੇਂਜਰ ਨਾਂ ਦੀ ਦੁਕਾਨ ’ਚ ਦਾਖ਼ਲ ਹੋ ਕੇ 2 ਨਕਾਬਪੋਸ਼ ਲੁਟੇਰੇ ਪਿਸਤੌਲ ਦੀ ਨੋਕ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਫਰਾਰ ਹੋ ਗਏ ਸਨ। ਹਾਲਾਂਕਿ ਪੁਲਸ ਦੀ ਮੁਢਲੀ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਦੋਵੇਂ ਲੁਟੇਰਿਆਂ ਨੇ ਰੇਕੀ ਕਰਨ ਤੋਂ ਬਾਅਦ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਕਿਉਂਕਿ ਲੁਟੇਰਿਆਂ ਨੇ ਦੁਕਾਨ ਦੇ ਅੰਦਰ ਦਾਖ਼ਲ ਹੋ ਕੇ ਮਨੀ ਐਕਸਚੇਂਜਰ ਦੇ ਮਾਲਕ ਕੋਲੋਂ ਗੱਲੇ ਅਤੇ ਸੇਫ ਦੀ ਚਾਬੀ ਮੰਗੀ, ਜਿਸ ਤੋਂ ਬਾਅਦ ਉਹ ਨਕਦੀ ਕੱਢ ਕੇ ਫਰਾਰ ਹੋਣ ਸਮੇੇਂ ਦੁਕਾਨ ਦਾ ਸ਼ਟਰ ਹੇਠਾਂ ਸੁੱਟ ਗਏ ਤਾਂ ਕਿ ਕੋਈ ਵੀ ਵਿਅਕਤੀ ਉਨ੍ਹਾਂ ਦਾ ਪਿੱਛਾ ਨਾ ਕਰ ਸਕੇ। 

PunjabKesari

ਇਹ ਵੀ ਪੜ੍ਹੋ : ਜਲੰਧਰ ’ਚ ਕੋਰੋਨਾ ਵੈਕਸੀਨ ਦੀ ਹੋਈ ਸ਼ੁਰੂਆਤ, ਇਸ ਸ਼ਖ਼ਸ ਨੇ ਲਗਵਾਇਆ ਪਹਿਲਾ ਟੀਕਾ

ਪੁਲਸ ਨੂੰ ਜਿਉਂ ਹੀ ਘਟਨਾ ਬਾਰੇ ਪਤਾ ਲੱਗਾ ਸੀ ਤਾਂ ਏ. ਡੀ. ਸੀ. ਪੀ. ਅਸ਼ਵਨੀ ਕੁਮਾਰ, ਏ. ਸੀ. ਪੀ. ਹਰਿੰਦਰ ਸਿੰਘ ਗਿੱਲ ਸਮੇਤ ਮਾਡਲ ਟਾਊਨ ਦੇ ਐੱਸ. ਐੱਚ. ਓ. ਸੁਰਜੀਤ ਸਿੰਘ ਗਿੱਲ ਮੌਕੇ ’ਤੇ ਪਹੁੰਚ ਗਏ ਸਨ। ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।  ਮੁਹੱਲਾ ਕਰਾਰ ਖਾਂ ਦੇ ਰਹਿਣ ਵਾਲੇ ਅਰੋੜਾ ਮਨੀ ਐਕਸਚੇਂਜਰ ਦੇ ਮਾਲਕ ਰਾਕੇਸ਼ ਕੁਮਾਰ ਅਰੋੜਾ ਨੇ ਦੱਸਿਆ ਸੀ ਕਿ ਸ਼ਾਮੀਂ ਕਰੀਬ 5 ਵਜੇ ਉਨ੍ਹਾਂ ਦੀ ਦੁਕਾਨ ਦੀ ਮਹਿਲਾ ਸਟਾਫ਼ ਰੁਪਿੰਦਰ ਨਿਵਾਸੀ ਕਮਲ ਵਿਹਾਰ ਬੈਂਕ ਤੋਂ 2 ਲੱਖ 60 ਹਜ਼ਾਰ ਰੁਪਏ ਲੈ ਕੇ ਆਈ ਸੀ ਕਿਉਂਕਿ ਉਨ੍ਹਾਂ ਦਾ ਡਾਲਰ ਐਕਸਚੇਂਜ ਦਾ ਕੰਮ ਹੈ ਤਾਂ ਉਨ੍ਹਾਂ ਇਹ ਪੈਸੇ ਕਿਸੇ ਗਾਹਕ ਨੂੰ ਦੇਣੇ ਸਨ। ਇਸ ਲਈ ਉਨ੍ਹਾਂ ਇਕ ਦਿਨ ਪਹਿਲਾਂ ਹੀ ਕੈਸ਼ ਮੰਗਵਾ ਲਿਆ ਸੀ। ਰੁਪਿੰਦਰ ਜਦੋਂ ਦੁਕਾਨ ’ਤੇ ਪਹੁੰਚੀ ਅਤੇ ਉਸ ਨੇ ਜਦੋਂ ਕੈਸ਼ ਫੜਾਇਆ ਤਾਂ ਇੰਨੇ ’ਚ 2 ਨਕਾਬਪੋਸ਼ ਨੌਜਵਾਨ ਜਿਹੜੇ ਦੁਕਾਨ ਦੇ ਬਾਹਰ ਖੜ੍ਹੇ ਸਨ, ਅਚਾਨਕ ਅੰਦਰ ਆ ਗਏ। ਉਸ ਸਮੇਂ ਉਹ ਅਤੇ ਮਹਿਲਾ ਸਟਾਫ਼ ਅਤੇ ਇਕ ਹੋਰ ਔਰਤ ਅੰਦਰ ਮੌਜੂਦ ਸੀ, ਜਿਹੜੀ ਕਿ ਉਨ੍ਹਾਂ ਦੇ ਸਟਾਫ਼ ਵਿਚ ਕੰਮ ਕਰਦੀ ਔਰਤ ਦੀ ਦੋਸਤ ਸੀ। ਜਿਉਂ ਹੀ ਨੌਜਵਾਨ ਅੰਦਰ ਆਏ, ਉਨ੍ਹਾਂ ਡੱਬ ਵਿਚੋਂ ਪਿਸਤੌਲ ਕੱਢ ਕੇ ਸਿੱਧੀ ਉਨ੍ਹਾਂ ’ਤੇ ਤਾਣ ਦਿੱਤੀ ਅਤੇ ਕਹਿਣ ਲੱਗੇ ਆਪਣੇ ਗੱਲੇ ਤੇ ਲਾਕਰ ਦੀਆਂ ਚਾਬੀਆਂ ਦਿਓ। ਇਕ ਨੌਜਵਾਨ ਨੇ ਜਿੱਥੇ ਪਿਸਤੌਲ ਤਾਣੀ ਹੋਈ ਸੀ ਤੇ ਦੂਜਾ ਨੌਜਵਾਨ ਲਾਕਰ ਵਿਚੋਂ 2 ਲੱਖ 60 ਹਜ਼ਾਰ ਰੁਪਏ, 2 ਹਜ਼ਾਰ ਕੈਨੇਡੀਅਨ ਡਾਲਰ ਅਤੇ ਕੁਝ ਯੂਰੋ ਕੱਢ ਲਿਆਇਆ। ਉਨ੍ਹਾਂ ਸਾਰੇ ਪੈਸੇ ਤੇ ਡਾਲਰ ਇਕ ਬੈਗ ਵਿਚ ਪਾਏ ਅਤੇ ਪਿਸਤੌਲ ਲਹਿਰਾਉਂਦੇ ਹੋਏ ਦੁਕਾਨ ਵਿਚੋਂ ਫਰਾਰ ਹੋ ਗਏ ਅਤੇ ਜਾਂਦੇ-ਜਾਂਦੇ ਸ਼ਟਰ ਵੀ ਸੁੱਟ ਗਏ। ਪੀੜਤ ਰਾਕੇਸ਼ ਅਰੋੜਾ ਦਾ ਦਾਅਵਾ ਸੀ ਕਿ ਦੋਵੇਂ ਨੌਜਵਾਨ ਪੈਦਲ ਹੀ ਆਏ ਸਨ ਅਤੇ ਪੈਦਲ ਹੀ ਫਰਾਰ ਹੋ ਗਏ।

ਇਹ ਵੀ ਪੜ੍ਹੋ :  ਬਰਡ ਫਲੂ ਨੂੰ ਲੈ ਕੇ ਡੇਰਾ ਬਿਆਸ ਨੇ ਜਾਰੀ ਕੀਤੇ ਨਿਰਦੇਸ਼

ਏ. ਡੀ. ਸੀ. ਪੀ. ਅਸ਼ਵਨੀ ਕੁਮਾਰ ਨੇ ਦੱਸਿਆ ਸੀ ਕਿ ਘਟਨਾ ਸਥਾਨ ਦੇ ਨੇੜੇ ਡਾਕਟਰ ਐੱਸ. ਡੀ. ਸ਼ਰਮਾ ਦਾ ਕਲੀਨਿਕ ਹੈ, ਜਿੱਥੇ ਕਾਫ਼ੀ ਕੈਮਰੇ ਲੱਗੇ ਹੋਏ ਹਨ। ਇਸ ਦੌਰਾਨ ਪੁਲਸ ਨੇ ਡਾਕਟਰ ਸ਼ਰਮਾ ਦੀ ਹਾਜ਼ਰੀ ਵਿਚ ਸੀ. ਸੀ. ਟੀ. ਵੀ. ਦੀ ਫੁਟੇਜ ਦੀ ਜਾਂਚ ਕੀਤੀ, ਜਿਸ ਦੌਰਾਨ ਪਤਾ ਲੱਗਾ ਕਿ ਨੌਜਵਾਨ ਦੁਕਾਨ ਵਿਚੋਂ ਭੱਜਦੇ ਤਾਂ ਨਜ਼ਰ ਆ ਰਹੇ ਹਨ ਪਰ ਉਹ ਆਏ ਕਿਧਰੋ, ਇਹ ਅਜੇ ਸਾਫ਼ ਨਹੀਂ ਹੋਇਆ ਪਰ ਇੰਨਾ ਸਾਫ਼ ਸੀ ਕਿ ਲੁਟੇਰੇ ਪੈਦਲ ਹੀ ਆਏ ਸਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਪੈਦਲ ਹੀ ਫਰਾਰ ਹੋ ਗਏ।
ਲੁਟੇਰਿਆਂ ਨੇ ਲੁੱਟ ਤੋਂ ਪਹਿਲਾਂ ਕੀਤੀ ਸੀ ਰੇਕੀ
ਪੁਲਸ ਦੀ ਜਾਂਚ ਵਿਚ ਪਤਾ ਲੱਗਾ ਕਿ ਲੁਟੇਰਿਆਂ ਨੇ ਲੁੱਟ ਤੋਂ ਪਹਿਲਾਂ ਰੇਕੀ ਕੀਤੀ ਸੀ ਕਿਉਂਕਿ ਉਹ ਪੈਦਲ ਹੀ ਨਕਾਬ ਪਹਿਨ ਕੇ ਆਏ ਸਨ। ਉਨ੍ਹਾਂ ਨੂੰ ਪਤਾ ਸੀ ਕਿ ਇਲਾਕੇ ਵਿਚ ਕੈਮਰੇ ਲੱਗੇ ਹੋਏ ਹਨ, ਇਸ ਲਈ ਉਨ੍ਹਾਂ ਕਿਸੇ ਵਾਹਨ ਦੀ ਵਰਤੋਂ ਨਹੀਂ ਕੀਤੀ ਕਿਉਂਕਿ ਇਸ ਨਾਲ ਪੁਲਸ ਨੂੰ ਵਾਹਨ ਦਾ ਨੰਬਰ ਪਤਾ ਲੱਗਣ ’ਤੇ ਉਨ੍ਹਾਂ ਦੀ ਪਛਾਣ ਹੋ ਜਾਂਦੀ। ਹਾਲਾਂਕਿ ਇਲਾਕੇ ਵਿਚ ਕਾਲ ਡੰਪ ਚੁੱਕਿਆ ਜਾ ਰਿਹਾ ਸੀ, ਜਿਸ ਨੂੰ ਪਿਨਡਾਊਨ ਕਰਨ ਤੋਂ ਬਾਅਦ ਕੋਈ ਖੁਲਾਸਾ ਹੋ ਸਕਦਾ ਸੀ।


shivani attri

Content Editor shivani attri