ਅਣਪਛਾਤੇ ਚੋਰਾਂ ਵੱਲੋਂ 5 ਘਰਾਂ ਵਿੱਚ ਦਾਖ਼ਲ ਹੋ ਕੇ ਮੋਬਾਇਲ ਫੋਨ ਕੀਤੇ ਚੋਰੀ

Friday, Jul 19, 2024 - 01:46 PM (IST)

ਅਣਪਛਾਤੇ ਚੋਰਾਂ ਵੱਲੋਂ 5 ਘਰਾਂ ਵਿੱਚ ਦਾਖ਼ਲ ਹੋ ਕੇ ਮੋਬਾਇਲ ਫੋਨ ਕੀਤੇ ਚੋਰੀ

ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਸ੍ਰੀ ਕੀਰਤਪੁਰ ਸਾਹਿਬ ਵਿਖੇ ਪਿੰਡ ਡਾਢੀ ਵਿਖੇ ਪੰਜ ਘਰਾਂ ਵਿੱਚ ਅਣਪਛਾਤੇ ਚੋਰਾਂ ਵੱਲੋਂ ਦਾਖ਼ਲ ਹੋ ਕੇ ਕੀਮਤੀ ਮੋਬਾਇਲ ਫੋਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪਿੰਡ ਡਾਢੀ ਦੇ ਪੀੜਤ ਵਿਅਕਤੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ 12 ਵਜੇ ਤੋਂ ਲੈ ਕੇ 1 ਵਜੇ ਦੇ ਵਿਚਕਾਰ ਅਣਪਛਾਤੇ ਵਿਅਕਤੀਆਂ ਵੱਲੋਂ ਵੱਖ-ਵੱਖ 5 ਘਰਾਂ ਵਿੱਚ ਦਾਖ਼ਲ ਹੋ ਕੇ ਕੀਮਤੀ ਫੋਨ ਚੋਰੀ ਕੀਤੇ ਗਏ, ਜਿਨ੍ਹਾਂ ਵਿੱਚ ਦੋ ਸਾਧਾਰਨ ਨੰਬਰਾਂ ਵਾਲੇ ਫੋਨ ਵੀ ਸ਼ਾਮਲ ਹਨ। ਉਕਤ ਅਣਪਛਾਤੇ ਚੋਰ ਪਿੰਡ ਵਿੱਚ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਏ ਹਨ, ਜਿਨ੍ਹਾਂ ਦੀ ਫੁਟੇਜ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਨੂੰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਣਪਛਾਤੇ ਚੋਰਾਂ ਵੱਲੋਂ ਉਨ੍ਹਾਂ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ, ਜਿਨ੍ਹਾਂ ਦੇ ਵਿਅਕਤੀ ਆਪਣੇ ਘਰ ਦੇ ਵਿਹੜੇ ਵਿੱਚ ਸੁੱਤੇ ਹੋਏ ਸਨ ਅਤੇ ਉਨਾਂ ਦੇ ਕਮਰਿਆਂ ਦੇ ਦਰਵਾਜੇ ਵੀ ਖੁੱਲ੍ਹੇ ਸਨ।

ਅਣਪਛਾਤੇ ਚੋਰਾਂ ਵੱਲੋਂ ਦਰਸ਼ਨ ਸਿੰਘ ਸਾਬਕਾ ਸਰਪੰਚ ਘਰ ਵਿੱਚ ਦਾਖ਼ਲ ਹੋ ਕੇ ਇਕ ਟੱਚ ਫੋਨ ਚੋਰੀ ਕੀਤਾ ਗਿਆ। ਕਮਲ ਸਿੰਘ ਦੇ ਘਰ ਤੋਂ ਦੋ ਫੋਨ ਚੋਰੀ ਕੀਤੇ ਗਏ ਅਤੇ ਅਲਮਾਰੀਆਂ ਦੀ ਫਰੋਲਾ ਫਰਾਲੀ ਕੀਤੀ ਪਰ ਚੋਰਾਂ ਨੂੰ ਇਹਨਾਂ ਵਿੱਚੋਂ ਕੁਝ ਵੀ ਪ੍ਰਾਪਤ ਨਹੀਂ ਹੋਇਆ। ਇਸ ਤੋਂ ਇਲਾਵਾ ਅਣਪਛਾਤੇ ਚੋਰਾਂ ਵੱਲੋਂ ਨਾਨਕ ਚੰਦ ਦੇ ਘਰ ਤੋਂ ਇੱਕ ਟੱਚ ਫੋਨ, ਅਜਾਇਬ ਸਿੰਘ ਦੇ ਘਰ ਤੋਂ ਇੱਕ ਫੋਨ ਅਤੇ ਇਕ ਅਟੈਚੀ ਅਤੇ ਇਕ ਬੈਗ, ਤਰਲੋਚਨ ਸਿੰਘ ਦੇ ਘਰ ਤੋਂ ਇਕ ਆਈਫੋਨ ਅਤੇ ਇਕ ਫੋਨ ਚੋਰੀ ਕਰ ਲਿਆ ਗਿਆ।

ਇਹ ਵੀ ਪੜ੍ਹੋ- ਇਨਸਾਨੀਅਤ ਸ਼ਰਮਸਾਰ ਕਰਦੀ ਘਟਨਾ, ਰੇਲਵੇ ਟਰੈਕ ਨੇੜਿਓਂ ਮਿਲਿਆ ਮ੍ਰਿਤਕ ਨਵਜਾਤ ਬੱਚਾ

ਪਿੰਡ ਵਾਸੀਆਂ ਨੇ ਦੱਸਿਆ ਕਿ ਚੋਰੀ ਦੀ ਵਾਰਦਾਤ ਦੌਰਾਨ ਸਾਡੀ ਨੀਂਦ ਹੀ ਨਹੀਂ ਖੁੱਲ੍ਹੀ, ਅਸੀਂ ਡੂੰਘੀ ਨੀਂਦ ਵਿੱਚ ਸੁੱਤੇ ਪਏ ਸੀ। ਅਣਪਛਾਤੇ ਚੋਰਾਂ ਵੱਲੋਂ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਸੇ ਵਿਅਕਤੀ ਦੇ ਸੱਟ ਚੋਟ ਮਾਰੀ ਗਈ। ਉਕਤ ਅਣਪਛਾਤੇ ਚੋਰ ਆਪਣਾ ਕੰਮ ਕਰਕੇ ਪੈਦਲ ਹੀ ਪਿੰਡ ਵਿੱਚੋਂ ਵੱਖ-ਵੱਖ ਰਸਤਿਆਂ ਤੋਂ ਹੁੰਦੇ ਹੋਏ ਬਾਹਰ ਚਲੇ ਗਏ। ਪੀੜਤ ਵਿਅਕਤੀਆਂ ਨੇ ਦੱਸਿਆ ਕਿ ਚੋਰੀ ਦੀ ਘਟਨਾ ਬਾਰੇ ਸਾਨੂੰ ਸਵੇਰੇ ਹੀ ਪਤਾ ਲੱਗਾ ਜਦੋਂ ਅਸੀਂ ਰੋਜ਼ਾਨਾ ਵਾਂਗ ਸਵੇਰੇ ਉੱਠ ਕੇ ਆਪਣਾ ਕੰਮ ਕਾਰ ਕਰਨ ਲੱਗੇ ਸੀ। ਉਨ੍ਹਾਂ ਦੱਸਿਆ ਕਿ ਪਿੰਡ ਡਾਢੀ ਵਿਖੇ ਪੰਜ ਘਰਾਂ ਵਿੱਚ ਹੋਈ ਚੋਰੀ ਬਾਰੇ ਸਾਡੇ ਵੱਲੋਂ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਇਤਲਾਹ ਦੇ ਦਿੱਤੀ ਗਈ ਹੈ। ਇਸ ਬਾਰੇ ਜਦੋਂ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਇੰਸਪੈਕਟਰ ਜਤਿਨ ਕਪੂਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪਿੰਡ ਡਾਢੀ ਜਾ ਕੇ ਉਨ੍ਹਾਂ ਨੇ ਆਪ ਮੌਕਾ ਵੇਖਿਆ ਹੈ। ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵਿੱਚ ਸਿਰਫ਼ ਇਕ ਵਿਅਕਤੀ ਹੀ ਆਉਂਦਾ ਜਾਂਦਾ ਵਿਖਾਈ ਦਿੰਦਾ ਹੈ ਜਦਕਿ ਪਿੰਡ ਵਾਲੇ ਦੱਸ ਰਹੇ ਹਨ ਕਿ ਤਿੰਨ ਦੇ ਕਰੀਬ ਵਿਅਕਤੀ ਸਨ। ਉਨ੍ਹਾਂ ਦੱਸਿਆ ਕਿ ਚੋਰੀ ਦੀ ਘਟਨਾ ਉਨ੍ਹਾਂ ਘਰਾਂ ਵਿੱਚ ਵਾਪਰੀ ਹੈ, ਜਿਨ੍ਹਾਂ ਦੇ ਗੇਟ ਖੁੱਲ੍ਹੇ ਸਨ, ਲੋਕੀ ਬਾਹਰ ਸੁੱਤੇ ਪਏ ਸਨ। ਉਨ੍ਹਾਂ ਨੂੰ ਦੱਸਿਆ ਕਿ ਸਾਡੇ ਵੱਲੋਂ ਇਸ ਕੇਸ ਦੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਜਿਨ੍ਹਾਂ ਵਿਅਕਤੀਆਂ ਦੇ ਫੋਨ ਚੋਰੀ ਹੋਏ ਹਨ। ਉਨ੍ਹਾਂ ਤੋਂ ਡੱਬੇ ਮੰਗਵਾਏ ਗਏ ਹਨ ਤਾਂ ਜੋ ਆਈ. ਐੱਮ. ਈ. ਆਈ. ਨੰਬਰ ਨੋਟ ਕਰਕੇ ਅਗਲੀ ਕਾਰਵਾਈ ਸੁਰੂ ਕੀਤੀ ਜਾ ਸਕੇ।

ਇਹ ਵੀ ਪੜ੍ਹੋ- ਪੰਜਾਬ 'ਚ ਰੂਹ ਕੰਬਾਊ ਵਾਰਦਾਤ, ਚੌਂਕੀਦਾਰ ਦਾ ਬੇਰਹਿਮੀ ਨਾਲ ਕਤਲ, ਰੇਲਵੇ ਸਟੇਸ਼ਨ ਨੇੜਿਓਂ ਖ਼ੂਨ ਨਾਲ ਲਥਪਥ ਮਿਲੀ ਲਾਸ਼
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News